ਜਲੰਧਰ ਦੇ ਇਸ ਇਲਾਕੇ 'ਚ ਕੁੜੀਆਂ ਨੂੰ ਢਾਲ ਬਣਾ ਕੇ ਵੇਚੀ ਜਾ ਰਹੀ ਹੈ ਸ਼ਰਾਬ, ਵੱਡੇ ਸਮੱਗਲਰ ਕਰ ਰਹੇ ਸ਼ਰੇਆਮ ਧੰਦਾ

Monday, Feb 27, 2023 - 12:13 PM (IST)

ਜਲੰਧਰ ਦੇ ਇਸ ਇਲਾਕੇ 'ਚ ਕੁੜੀਆਂ ਨੂੰ ਢਾਲ ਬਣਾ ਕੇ ਵੇਚੀ ਜਾ ਰਹੀ ਹੈ ਸ਼ਰਾਬ, ਵੱਡੇ ਸਮੱਗਲਰ ਕਰ ਰਹੇ ਸ਼ਰੇਆਮ ਧੰਦਾ

ਜਲੰਧਰ (ਸੁਰਿੰਦਰ)- ਸ਼ਾਮ ਢੱਲਦੇ ਹੀ ਬਸਤੀ ਬਾਵਾ ਖੇਲ ਦੇ ਕਈ ਇਲਾਕਿਆਂ ’ਚ ਸ਼ਰਾਬ ਸਮੱਗਲਿੰਗ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਬੰਦ ਬੋਤਲ ਤੋਂ ਲੈ ਕੇ ਪੇਟੀ ਤਕ ਬਹੁਤ ਹੀ ਆਰਾਮ ਨਾਲ ਵਿਕ ਰਹੀ ਹੈ, ਜੇਕਰ ਕਿਸੇ ਸ਼ਰਾਬੀ ਨੂੰ ਪੂਰੀ ਬੋਤਲ ਨਹੀਂ ਚਾਹੀਦੀ ਤਾਂ ਬੋਤਲ ਨੂੰ ਖੋਲ੍ਹ ਕੇ ਸ਼ਰਾਬ ਨੂੰ ਲਿਫ਼ਾਫ਼ਿਆਂ ’ਚ ਭਰ ਕੇ ਵੇਚਣ ਦਾ ਕੰਮ ਵੀ ਹੁੰਦਾ ਹੈ। ਸ਼ਰਾਬ ਵੇਚਣ ਵਾਲੇ ਵੱਡੇ ਮਗਰਮੱਛਾਂ ਨੇ ਕਈ ਇਲਾਕਿਆਂ ’ਚ ਕੁੜੀਆਂ ਨੂੰ ਢਾਲ ਬਣਾ ਰੱਖਿਆ ਹੈ ਅਤੇ ਕੈਮਰੇ ਲਾ ਰੱਖੇ ਹਨ, ਜੇਕਰ ਕੋਈ ਸ਼ੱਕੀ ਵਿਅਕਤੀ ਲੱਗਦਾ ਹੈ ਤਾਂ ਤੁਰੰਤ ਸਾਰੇ ਕੰਮ ਨੂੰ ਮੌਕੇ ’ਤੇ ਹੀ ਸਮੇਟ ਦਿੱਤਾ ਜਾਂਦਾ ਹੈ ਅਤੇ ਪੁਲਸ ਦੇ ਹੱਥ ਕੋਈ ਸਬੂਤ ਨਹੀਂ ਲੱਗਦਾ ਪਰ ਵੱਡੇ ਸ਼ਰਾਬ ਸਮੱਗਲਰ ਸ਼ਰੇਆਮ ਬਸਤੀ ਬਾਵਾ ਖੇਲ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਸ਼ਰਾਬ ਸਪਲਾਈ ਕਰ ਰਹੇ ਹਨ। ਇਨ੍ਹਾਂ ਸ਼ਰਾਬ ਸਮੱਗਲਰਾਂ ਨੂੰ ਬਚਾਉਣ ਲਈ ਪੁਲਸ ਦੇ ਮੁਖਬਰ ਵੀ ਉਨ੍ਹਾਂ ਦਾ ਪੂਰਾ ਸਾਥ ਦਿੰਦੇ ਹਨ, ਜੇਕਰ ਪੁਲਸ ਨੇ ਰੇਡ ਕਰਨੀ ਹੁੰਦੀ ਹੈ ਤਾਂ ਸਮੇਂ ਤੋਂ ਪਹਿਲਾਂ ਹੀ ਇਨ੍ਹਾਂ ਸ਼ਰਾਬ ਸਮੱਗਲਰਾਂ ਕੋਲ ਸੂਚਨਾ ਪਹੁੰਚ ਜਾਂਦੀ ਹੈ।

ਇਹ ਵੀ ਪੜ੍ਹੋ : ਫਾਰਚੂਨਰ ਪਿੱਛੇ NRI ਪਰਿਵਾਰ ਵੱਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਪੁਲਸ ਦਾ ਸਖ਼ਤ ਐਕਸ਼ਨ

ਚਿੱਟਾ ਤੇ ਨਸ਼ੇ ਦੀਆਂ ਗੋਲੀਆਂ ਵੀ ਵਿਕ ਰਹੀਆਂ
ਬਸਤੀ ਬਾਵਾ ਖੇਲ ਦੇ ਕੁਝ ਇਲਾਕਿਆਂ ’ਚ ਸ਼ਰੇਆਮ ਸ਼ਰਾਬ ਤਾਂ ਵਿਕ ਹੀ ਰਹੀ ਹੈ, ਨਾਲ ਹੀ ਚਿੱਟਾ ਅਤੇ ਨਸ਼ੇ ਦੀਆਂ ਗੋਲੀਆਂ ਤਕ ਵੀ ਮੈਡੀਕਲ ਸਟੋਰ ’ਤੇ ਵਿਕ ਰਹੀਆਂ ਹਨ। ਇਨ੍ਹਾਂ ਸਮੱਗਲਰਾਂ ਦੇ ਕੋਲ ਨਸ਼ੇੜੀ ਪੱਕੇ ਲੱਗੇ ਹੋਏ ਹਨ। ਅਣਜਾਣ ਵਿਅਕਤੀ ਅਤੇ ਨਸ਼ੇੜੀ ਨੂੰ ਕੁਝ ਨਹੀਂ ਮਿਲਦਾ, ਜੇਕਰ ਕੋਈ ਪੁਰਾਣਾ ਨਸ਼ੇੜੀ ਇਨ੍ਹਾਂ ਸਮੱਗਲਰਾਂ ਕੋਲ ਕਿਸੇ ਨੂੰ ਲੈ ਕੇ ਜਾਂਦਾ ਹੈ ਤਾਂ ਆਰਾਮ ਨਾਲ ਸ਼ਰਾਬ, ਚਿੱਟਾ ਅਤੇ ਨਸ਼ੇ ਵਾਲੀਆਂ ਗੋਲੀਆਂ ਮਿਲ ਜਾਂਦੀਆਂ ਹਨ। ਲੋਕ ਇਨ੍ਹਾਂ ਸ਼ਰਾਬ ਸਮੱਗਲਰਾਂ ਤੋਂ ਪ੍ਰੇਸ਼ਾਨ ਹਨ ਪਰ ਕੋਈ ਸ਼ਿਕਾਇਤ ਕਰਨ ਨਹੀਂ ਜਾਂਦਾ ਹੈ, ਕਿਉਂਕਿ ਸਾਰੇ ਇਨ੍ਹਾਂ ਤੋਂ ਡਰਦੇ ਹਨ, ਜੇਕਰ ਕੋਈ ਸ਼ਿਕਾਇਤ ਕਰਦਾ ਵੀ ਹੈ ਤਾਂ ਨਸ਼ਾ ਸਮੱਗਲਰ ਇਨ੍ਹਾਂ ਦੇ ਘਰਾਂ ’ਤੇ ਹਮਲਾ ਕਰਕੇ ਲੋਕਾਂ ਨੂੰ ਇੰਨਾ ਡਰਾ ਦਿੰਦੇ ਹਨ ਕਿ ਉਹ ਆਪਣਾ ਮੂੰਹ ਤੱਕ ਨਹੀਂ ਖੋਲ੍ਹਦੇ।

ਨਸ਼ਾ ਸਮੱਗਲਰਾਂ ਦਾ ਪੂਰਾ ਦਬਦਬਾ ਹੈ ਬਸਤੀ ਬਾਵਾ ਖੇਲ ’ਚ
ਵੈਸਟ ਹਲਕੇ ’ਚ ਆਉਂਦੇ ਬਸਤੀ ਬਾਵਾ ਖੇਲ ਦੇ ਇਲਾਕਿਆਂ ’ਚ ਸ਼ਰਾਬ ਅਤੇ ਨਸ਼ਾ ਸਮੱਗਲਰਾਂ ਦਾ ਇੰਨਾ ਜ਼ਿਆਦਾ ਦਬਦਬਾ ਹੈ ਕਿ ਜੇਕਰ ਕਿਸੇ ਨੂੰ ਕੋਈ ਕੁਝ ਕਹਿੰਦਾ ਹੈ ਤਾਂ ਸਭ ਇਕੱਠੇ ਹੋ ਕੇ ਦੂਜੇ ਸਮੱਗਲਰ ਦਾ ਸਮਰਥਨ ਕਰਨ ਲਈ ਪਹੁੰਚ ਜਾਂਦੇ ਹਨ, ਜਿਸ ਕਾਰਨ ਇਨ੍ਹਾਂ ਦੀ ਸ਼ਿਕਾਇਤ ਕੋਈ ਨਹੀਂ ਕਰਦਾ ਹੈ। ਬਸਤੀ ਬਾਵਾ ਖੇਲ ’ਚ ਤਕਰੀਬਨ 25 ਅਜਿਹੇ ਸ਼ਰਾਬ ਸਮੱਗਲਰ, ਚਿੱਟਾ ਅਤੇ ਨਸ਼ੇ ਵਾਲੀਆਂ ਗੋਲੀਆਂ ਵੇਚਣ ਵਾਲੇ ਹਨ, ਜਿਨ੍ਹਾਂ ਨੂੰ ਰਾਜਨੇਤਾਵਾਂ ਦੀ ਸਰਪ੍ਰਸਤੀ ਵੀ ਪ੍ਰਾਪਤ ਹੈ, ਜਿਸ ਕਾਰਨ ਉਹ ਖੁੱਲ੍ਹੇਆਮ ਧੰਦਾ ਕਰ ਰਹੇ ਹਨ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਦੁਖ਼ਦਾਇਕ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਪੁਲਸ ਕਮਿਸ਼ਨਰ ਦੇ ਕੋਲ ਪਹੁੰਚ ਚੁੱਕੀ ਹੈ 25 ਸਮੱਗਲਰਾਂ ਦੀ ਲਿਸਟ
ਸੂਤਰਾਂ ਅਨੁਸਾਰ 4 ਦਿਨ ਪਹਿਲਾਂ ਬਸਤੀ ਬਾਵਾ ਖੇਲ ਦੇ ਵੱਡੇ ਮਗਰਮੱਛਾਂ ਤੋਂ ਇਲਾਵਾ 25 ਨਸ਼ਾ ਸਮੱਗਲਰਾਂ ਦੀ ਲਿਸਟ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਹਿਲ ਕੋਲ ਪਹੁੰਚ ਚੁੱਕੀ ਹੈ। ਇਸ ਲਿਸਟ ’ਚ ਉਨ੍ਹਾਂ ਸਾਰਿਆਂ ਦੇ ਨਾਂ ਲਿਖੇ ਹਨ ਅਤੇ ਇਲਾਕੇ ਲਿਖੇ ਹਨ ਕਿ ਕੌਣ ਸ਼ਰਾਬ ਵੇਚਦਾ ਹੈ? ਕੌਣ ਚਿੱਟਾ ਅਤੇ ਕੌਣ ਨਸ਼ੇ ਵਾਲੀਆਂ ਗੋਲੀਆਂ? ਜੇਕਰ ਪੁਲਸ ਇਨ੍ਹਾਂ ’ਤੇ ਕਾਰਵਾਈ ਕਰਦੀ ਹੈ ਤਾਂ ਵੱਡੀ ਸਫ਼ਲਤਾ ਮਿਲ ਸਕਦੀ ਹੈ ਅਤੇ ਵੈਸਟ ਹਲਕੇ ਤੋਂ ਇਨ੍ਹਾਂ ਨਸ਼ਾ ਸਮੱਗਲਰਾਂ ਨੂੰ ਖ਼ਤਮ ਕਰਨ ਲਈ ਇਨ੍ਹਾਂ ’ਤੇ ਬਹੁਤ ਹੀ ਤਰੀਕੇ ਨਾਲ ਕਾਰਵਾਈ ਕਰਨੀ ਹੋਵੇਗੀ, ਕਿਉਂਕਿ ਪੁਲਸ ਦੇ ਆਉਣ ਦੀ ਭਿਣਕ ਇਨ੍ਹਾਂ ਸਮੱਗਲਰਾਂ ਨੂੰ ਪਹਿਲਾਂ ਹੀ ਲੱਗ ਜਾਂਦੀ ਹੈ।

ਇਨ੍ਹਾਂ ਇਲਾਕਿਆਂ ’ਚ ਹਨ 25 ਨਸ਼ਾ ਸਮੱਗਲਰ
ਰਾਜ ਨਗਰ, ਗੌਤਮ ਨਗਰ ’ਚ, ਬਸਤੀ ਪੀਰ ਦਾਦ ਰੋਡ, ਕਬੀਰ ਮੰਦਿਰ ਦੇ ਕੋਲ, ਬਸਤੀ ਗੁਜ਼ਾਂ, ਮਿੱਠੂ ਬਸਤੀ, ਸਪੋਰਟਸ ਕਾਲਜ ਦੇ ਨੇੜੇ, ਦਾਨਿਸ਼ਮੰਦਾਂ, ਬੈਂਕ ਕਾਲੋਨੀ, ਬਸਤੀ ਬਾਵਾ ਖੇਲ, ਅੱਡਾ ਲਸੂੜੀ ਮੁਹੱਲਾ, ਬਾਬੂ ਲਾਭ ਸਿੰਘ ਨਗਰ, ਮੱਛੀ ਮਾਰਕੀਟ ਬਸਤੀ ਬਾਵਾ ਖੇਲ।

ਇਹ ਵੀ ਪੜ੍ਹੋ : ਜਲੰਧਰ 'ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਸੰਗਤ ਨੇ ਮੌਕੇ 'ਤੇ ਮੁਲਜ਼ਮ ਨੂੰ ਦਬੋਚ ਚਾੜ੍ਹਿਆ ਕੁਟਾਪਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

shivani attri

Content Editor

Related News