ਸ਼ਰਾਬ ਦੀ ਹੋਮ ਡਲਿਵਰੀ ਸਬੰਧੀ ਜਾਰੀ ਆਦੇਸ਼ ਪੱਤਰ ''ਤੇ ਡੀ. ਸੀ. ਨੇ ਜਤਾਇਆ ਅਫਸੋਸ
Thursday, May 07, 2020 - 01:59 AM (IST)
ਸ੍ਰੀ ਮੁਕਤਸਰ ਸਾਹਿਬ,(ਰਿਣੀ)-ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਐਮ. ਕੇ. ਅਰਵਿੰਦ ਕੁਮਾਰ ਨੇ ਸ਼ਰਾਬ ਦੇ ਠੇਕਿਆਂ ਦੀ ਹੋਮ ਡਲਿਵਰੀ ਸਬੰਧੀ ਬੁੱਧਵਾਰ ਨੂੰ ਲਿਖਤੀ ਆਦੇਸ਼ ਜਾਰੀ ਕੀਤੇ ਪਰ ਇਸ ਦੌਰਾਨ ਜਾਰੀ ਆਦੇਸ਼ਾਂ 'ਚ ਉਹਨਾਂ ਦੇ ਦਸਤਖਤ ਹੇਠ ਜਾਰੀ ਪੱਤਰ 'ਚ ਇਹ ਲਿਖ ਦਿੱਤਾ ਗਿਆ ਕਿ ਇਸ ਹੋਮ ਡਿਲਵਰੀ ਸਬੰਧੀ ਧਾਰਮਿਕ ਸਥਾਨਾਂ ਤੋਂ ਅਨਾਊਂਸਮੈਂਟ ਕੀਤੀ ਜਾਵੇ। ਇਹ ਆਦੇਸ਼ ਜਾਰੀ ਹੁੰਦਿਆਂ ਹੀ ਡੀ. ਸੀ. ਵਿਵਾਦਾਂ 'ਚ ਆ ਗਏ, ਜਿਸ ਉਪਰੰਤ ਸ਼ਾਮ ਸਮੇਂ ਜਿਲਾ ਲੋਕ ਸੰਪਰਕ ਵਿਭਾਗ ਵਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਐਮ. ਕੇ. ਅਰਵਿੰਦ ਕੁਮਾਰ ਨੇ ਇਸ ਨੂੰ ਦਫਤਰੀ ਗਲਤੀ ਮੰਨਦਿਆਂ ਅਫਸੋਸ ਜਾਹਿਰ ਕੀਤਾ ਅਤੇ ਪਹਿਲਾਂ ਜਾਰੀ ਹੁਕਮ ਵਾਪਸ ਲੈ ਲਿਆ।
ਦੱਸਣਯੋਗ ਹੈ ਕਿ ਸ਼ਰਾਬ ਦੀ ਹੋਮ ਡਲਿਵਰੀ ਸਬੰਧੀ ਧਾਰਮਿਕ ਸਥਾਨਾਂ ਤੋਂ ਅਨਾਊਂਸਮੈਂਟ ਕਰਵਾਉਣ ਸਬੰਧੀ ਜਾਰੀ ਹੋਏ ਉਕਤ ਪੱਤਰ ਦਾ ਬਹੁਤ ਵਿਰੋਧ ਹੋਇਆ। ਇਸ ਪੱਤਰ ਦਾ ਸਰਬੱਤ ਖਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵਲੋਂ ਵੀ ਪੁਰਜ਼ੋਰ ਵਿਰੋਧ ਕੀਤਾ ਗਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਾਰੀ ਕੀਤੇ ਗਏ ਪੱਤਰ ਦੀ ਜਾਂਚ ਹੋਵੇ ਅਤੇ ਸਬੰਧਿਤ ਅਧਿਕਾਰੀ ਖਿਲਾਫ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ।