ਪਿਆਕੜਾਂ ਲਈ ਮਾੜੀ ਖ਼ਬਰ, ਇਸ ਤਾਰੀਖ਼ ਤੋਂ ਮਹਿੰਗੀ ਹੋਵੇਗੀ ਸ਼ਰਾਬ

Saturday, Mar 05, 2022 - 09:23 AM (IST)

ਪਿਆਕੜਾਂ ਲਈ ਮਾੜੀ ਖ਼ਬਰ, ਇਸ ਤਾਰੀਖ਼ ਤੋਂ ਮਹਿੰਗੀ ਹੋਵੇਗੀ ਸ਼ਰਾਬ

ਚੰਡੀਗੜ੍ਹ (ਰਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ੁੱਕਰਵਾਰ 2022-23 ਦੀ ਐਕਸਾਈਜ਼ ਪਾਲਿਸੀ ਜਾਰੀ ਕਰ ਦਿੱਤੀ, ਜਿਸ ਤਹਿਤ ਐਕਸਾਈਜ਼ ਡਿਊਟੀ 5.5 ਫ਼ੀਸਦੀ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਨਾਲ ਹੀ ਪ੍ਰਸ਼ਾਸਨ ਨੇ ਸ਼ਰਾਬ ’ਤੇ ਹੁਣ ਇਕ ਨਵੇਂ ਸੈੱਸ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ਈ-ਵ੍ਹੀਕਲ ਪਾਲਿਸੀ ਤਹਿਤ ਸ਼ਰਾਬ ’ਤੇ ਈ-ਵ੍ਹੀਕਲ ਸੈੱਸ ਲਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ। ਇਹ ਪ੍ਰਤੀ ਬੋਤਲ ਵੱਖ-ਵੱਖ 2 ਤੋਂ 40 ਰੁਪਏ ਦੇ ਕਰੀਬ ਹੋਵੇਗਾ। ਇਨਪੁੱਟ ਲਾਗਤ ਅਤੇ ਟੈਕਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਘੱਟੋ-ਘੱਟ ਰਿਟੇਲ ਸੇਲ ਪ੍ਰਾਈਜ਼ ਨੂੰ 5 ਤੋਂ 10 ਫ਼ੀਸਦੀ ਤੱਕ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਨਾਲ ਲਿਕਰ ਦੇ ਰੇਟ 15 ਤੋਂ 20 ਫ਼ੀਸਦੀ ਤੱਕ ਵਧਣਾ ਤੈਅ ਹੈ। ਸ਼ਹਿਰ ਵਿਚ ਨਾਈਟ ਲਾਈਫ਼ ਨੂੰ ਉਤਸ਼ਾਹ ਦੇਣ ਲਈ ਪਾਲਿਸੀ ਵਿਚ ਵਾਧੂ ਲਾਇਸੈਂਸ ਫ਼ੀਸ ਦੇਣ ’ਤੇ ਰੈਸਟੋਰੈਂਟ, ਬਾਰ ਅਤੇ ਹੋਟਲ ਦਾ ਸਮਾਂ ਦੋ ਘੰਟੇ ਵਧਾ ਦਿੱਤਾ ਗਿਆ ਹੈ। ਹੁਣ ਬਾਰ ਅਤੇ ਰੈਸਟੋਰੈਂਟ ਤੜਕੇ 3 ਵਜੇ ਤੱਕ ਖੋਲ੍ਹਿਆ ਜਾ ਸਕੇਗਾ। ਨਵੀਂ ਐਕਸਾਈਜ਼ ਪਾਲਿਸੀ 1 ਅਪ੍ਰੈਲ ਤੋਂ ਲਾਗੂ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਅਧਿਕਾਰਾਂ 'ਤੇ ਕੇਂਦਰ ਦਾ ਇਕ ਹੋਰ ਡਾਕਾ, 'ਵੱਡੇ ਡੈਮਾਂ' ਦੀ ਸੁਰੱਖਿਆ ਲਈ ਲਿਆ ਇਹ ਫ਼ੈਸਲਾ

ਠੇਕਿਆਂ ਦੀ ਅਲਾਟਮੈਂਟ ਤੋਂ ਬਾਅਦ ਹੀ ਠੀਕ ਰੇਟ ਨਿਰਧਾਰਿਤ ਹੋਣਗੇ, ਜਿਨ੍ਹਾਂ ਦੀ ਮਾਰਚ ਦੇ ਦੂਜੇ ਹਫ਼ਤੇ ਤੋਂ ਅਲਾਟਮੈਂਟ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸ਼ੁੱਕਰਵਾਰ ਇਸ ਪਾਲਿਸੀ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਪਹਿਲਾਂ ਸਲਾਹਕਾਰ, ਐਕਸਾਈਜ਼ ਐਂਡ ਟੈਕਸੇਸ਼ਨ ਸੈਕਟਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਪ੍ਰਸ਼ਾਸਕ ਨੂੰ ਵਿਸਥਾਰ ਨਾਲ ਇਸ ਪਾਲਿਸੀ ਸਬੰਧੀ ਦੱਸਿਆ। ਇਸ ਵਾਰ ਪ੍ਰਸ਼ਾਸਨ ਨੇ ਪਿਛਲੇ ਸਾਲ ਦੇ ਮੁਕਾਬਲੇ ਰੈਵੇਨਿਊ ਵੀ ਵੱਧ ਵਿਖਾਇਆ ਹੈ। ਨਾਲ ਹੀ ਹਾਸਪੀਟੈਲਿਟੀ ਇੰਡਸਟਰੀ ਅਤੇ ਟੂਰਿਜ਼ਮ ਨੂੰ ਉਤਸ਼ਾਹ ਦੇਣ ਲਈ ਇਸ ਵਾਰ ਹੋਟਲ, ਬਾਰ ਅਤੇ ਰੈਸਟੋਰੈਂਟ ਦੀ ਲਾਇਸੈਂਸ ਫ਼ੀਸ ਵਿਚ ਵਾਧਾ ਨਹੀਂ ਕੀਤਾ ਗਿਆ ਹੈ। ਘੱਟ ਅਲਕੋਹਲਿਕ ਡਰਿੰਕਸ ਜਿਵੇਂ ਬੀਅਰ ਅਤੇ ਵਾਈਨ ਆਦਿ ਨੂੰ ਪ੍ਰਮੋਟ ਕਰਨ ਅਤੇ ਇੰਡੀਅਨ ਵਾਈਨ ਇੰਡਸਟਰੀ ਨੂੰ ਉਤਸ਼ਾਹ ਦੇਣ ਲਈ ਲਾਇਸੈਂਸ ਫ਼ੀਸ ਅਤੇ ਐਕਸਾਈਜ਼ ਡਿਊਟੀ ਨੂੰ ਵਧਾਇਆ ਨਹੀਂ ਗਿਆ ਹੈ। ਮੌਜੂਦਾ 50 ਡਿਗਰੀ ਅਤੇ 60 ਡਿਗਰੀ ਪਰੂਫ਼ ਤੋਂ ਇਲਾਵਾ ਦੇਸੀ ਸ਼ਰਾਬ ਦਾ 65 ਡਿਗਰੀ ਪਰੂਫ਼ ਪੇਸ਼ ਕੀਤਾ ਗਿਆ ਹੈ। ਇਸ ਨਾਲ ਖ਼ਪਤਕਾਰਾਂ ਲਈ ਬਦਲ ਵਧੇਗਾ ਅਤੇ ਦੇਸੀ ਸ਼ਰਾਬ ਦੀ ਬਿਹਤਰ ਗੁਣਵੱਤਾ ਉਪਲੱਬਧ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ DGP ਸੈਣੀ ਦੇ ਮਾਮਲੇ 'ਚ ਸੁਪਰੀਮ ਕੋਰਟ ਸਖ਼ਤ, ਹਾਈਕੋਰਟ ਨੂੰ ਜਾਰੀ ਕੀਤੇ ਇਹ ਨਿਰਦੇਸ਼
ਨਕਲੀ ਸ਼ਰਾਬ ’ਤੇ ਰੋਕ ਲਈ ਬੋਤਲਾਂ ’ਤੇ ਪਰੂਫ਼ ਸੀਲ ਲਾਜ਼ਮੀ
ਨਕਲੀ ਸ਼ਰਾਬ ’ਤੇ ਰੋਕ ਲਾਉਣ ਲਈ ਦੇਸੀ ਸ਼ਰਾਬ ਦੀਆਂ ਬੋਤਲਾਂ ’ਤੇ ਪਰੂਫ਼ ਸੀਲ ਲਾਜ਼ਮੀ ਕਰ ਦਿੱਤੀ ਗਈ ਹੈ। ਦੇਸੀ ਸ਼ਰਾਬ ਦੇ ਮੂਲ ਕੋਟੇ ਦਾ ਸਿਰਫ਼ 50 ਫ਼ੀਸਦੀ ਬਾਟਲਿੰਗ ਪਲਾਂਟਾਂ ਵਿਚ ਬਰਾਬਰ ਰੂਪ ਵਿਚ ਅਲਾਟ ਕੀਤਾ ਜਾਵੇਗਾ ਅਤੇ ਮੂਲ ਕੋਟੇ ਦਾ 50 ਫ਼ੀਸਦੀ ਖੁੱਲ੍ਹਾ ਰੱਖਿਆ ਜਾਵੇਗਾ। ਨਾਲ ਹੀ ਵਾਧੂ ਕੋਟਾ ਵੀ ਖੁੱਲ੍ਹਾ ਰੱਖਿਆ ਜਾਵੇਗਾ। ਇਸ ਨਾਲ ਖੁਦਰਾ ਵਿਕ੍ਰੇਤਾਵਾਂ ਨੂੰ ਆਪਣੀ ਪਸੰਦ ਦੇ ਬਾਟਲਿੰਗ ਪਲਾਂਟ ਅਤੇ ਬਰਾਂਡ ਅਨੁਸਾਰ ਸਪਲਾਈ ਪ੍ਰਾਪਤ ਕਰਨ ਦਾ ਬਦਲ ਮਿਲੇਗਾ। ਹਿੱਤਧਾਰਕਾਂ ਨਾਲ ਵਿਚਾਰ-ਵਟਾਂਦਰੇ ਅਨੁਸਾਰ ਕੁੱਲ ਮਿਲਾ ਕੇ ਮੂਲ ਕੋਟੇ ਵਿਚ 13.4 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਸ਼ਹਿਰ ਵਿਚ ਰੈਡੀ ਟੂ ਡਰਿੰਕ ਦੀ ਵਿਕਰੀ ਲਈ ਇਜਾਜ਼ਤ ਦੇ ਦਿੱਤੀ ਗਈ ਹੈ। ਠੇਕਿਆਂ ਦੀ ਅਲਾਟਮੈਂਟ ਵਿਚ ਪਾਰਦਰਸ਼ਤਾ ਲਿਆਉਣ ਲਈ ਈ-ਟੈਂਡਰਿੰਗ ਦੇ ਜ਼ਰੀਏ ਇਨ੍ਹਾਂ ਦੀ ਅਲਾਟਮੈਂਟ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਪਰਮਿਟ ਅਤੇ ਪਾਸ ਵੀ ਆਨਲਾਈਨ ਹੀ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ : 'ਪੰਜਾਬ ਖੇਤੀਬਾੜੀ ਯੂਨੀਵਰਸਿਟੀ' ਨੇ ਮਾਰਚ-2022 'ਚ ਲੱਗਣ ਵਾਲੇ 'ਕਿਸਾਨ ਮੇਲਿਆਂ ਦੀਆਂ ਤਾਰੀਖ਼ਾਂ ਐਲਾਨੀਆਂ
ਠੇਕਿਆਂ ’ਚ ਐਕਸਪਾਇਰ ਸ਼ਰਾਬ ਵੇਚਣ ’ਤੇ 50 ਹਜ਼ਾਰ ਲੱਗੇਗਾ ਜ਼ੁਰਮਾਨਾ
ਪਾਲਿਸੀ ਵਿਚ ਫ਼ੈਸਲਾ ਲਿਆ ਗਿਆ ਹੈ ਕਿ ਠੇਕਿਆਂ ’ਤੇ ਐਕਸਪਾਇਰ ਸ਼ਰਾਬ ਵੇਚਣ ’ਤੇ 50 ਹਜ਼ਾਰ ਰੁਪਏ ਜ਼ੁਰਮਾਨਾ ਲਾਇਆ ਜਾਵੇਗਾ। 1 ਅਕਤੂਬਰ 2022 ਤੋਂ ਕੰਪਿਊਟਰਾਈਜ਼ਡ ਬਿਲਿੰਗ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਬਿੱਲ ਨਾ ਜਾਰੀ ਕਰਨ ’ਤੇ 5 ਹਜ਼ਾਰ ਰੁਪਏ ਦੇ ਜ਼ੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਈ-ਟੈਂਡਰਿੰਗ ਵਿਚ ਬਿਹਤਰ ਹੁੰਗਾਰੇ ਲਈ ਬਿਆਨਾ ਰਾਸ਼ੀ ਨੂੰ ਘੱਟ ਕਰ ਦਿੱਤਾ ਗਿਆ ਹੈ। ਠੇਕੇ, ਬਾਰ, ਰੈਸਟੋਰੈਂਟ, ਹੋਟਲ ਅਤੇ ਕਲੱਬ (ਸਾਰੇ ਲਾਇਸੈਂਸੀ) ਨੂੰ ਪਿਛਲੀ ਵਾਰ ਵਾਂਗ ਕੋਵਿਡ ਰਿਬੇਟ ਜਾਰੀ ਰਹੇਗੀ। ਵਾਧੂ ਲਾਇਸੈਂਸ ਫ਼ੀਸ ਦੇ ਭੁਗਤਾਨ ’ਤੇ 3 ਅਤੇ 4 ਸਟਾਰ ਹੋਟਲਾਂ ਵਿਚ ਵੀ 24 ਘੰਟੇ ਸ਼ਰਾਬ ਪਰੋਸਣ ਦੀ ਇਜਾਜ਼ਤ ਦਿੱਤੀ ਗਈ ਹੈ। ਸ਼ਰਾਬ ਦੀ ਨਾਜਾਇਜ਼ ਵਿਕਰੀ ਰੋਕਣ ਲਈ ਇਸ ਸਾਲ ਦੌਰਾਨ ਟ੍ਰੈਕ ਐਂਡ ਟਰੇਸ ਸਿਸਟਮ ਸ਼ੁਰੂ ਕੀਤਾ ਜਾਵੇਗਾ। ਠੇਕਿਆਂ ਵੱਲੋਂ ਘੱਟੋ-ਘੱਟ ਰਿਟੇਲ ਸੇਲ ਪ੍ਰਾਈਜ਼ ’ਤੇ ਸ਼ਰਾਬ ਦੀ ਵਿਕਰੀ ਨਾ ਕਰਨ ’ਤੇ ਸਖ਼ਤ ਕਾਰਵਾਈ ਹੋਵੇਗੀ। ਪਹਿਲੀ ਵਾਰ ਵਾਇਲੇਸ਼ਨ ’ਤੇ ਠੇਕੇ ਨੂੰ ਤਿੰਨ ਦਿਨ ਲਈ ਸੀਲ ਕਰ ਦਿੱਤਾ ਜਾਵੇਗਾ। 1 ਮਈ 2022 ਤੱਕ ਸਾਰੇ ਠੇਕਿਆਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ। ਜ਼ਿਆਦਾ ਵੈਰਾਇਟੀ ਅਤੇ ਬਰਾਂਡ ਦੀ ਉਪਲੱਬਧਤਾ ਯਕੀਨੀ ਬਣਾਉਣ ਲਈ ਲੇਬਲ ਅਤੇ ਬਰਾਂਡ ਰਜਿਸਟ੍ਰੇਸ਼ਨ ਫ਼ੀਸ ਬਰਾਬਰ ਰੱਖੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News