ਪੀ.ਐੱਸ.ਪੀ.ਸੀ.ਐੱਲ. ਦਾ ਲਾਈਨਮੈਨ 5 ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Monday, Jul 15, 2019 - 04:20 PM (IST)
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਦਰਦੀ) - ਵਿਜੀਲੈਂਸ ਬਿਊਰੋ ਨੇ ਪੀ.ਐੱਸ.ਪੀ.ਸੀ.ਐੱਲ. ਦੇ ਲਾਈਨਮੈਨ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਵਿਭਾਗ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਪੰਜਾਬ ਦੇ ਚੀਫ ਡਾਇਰੈਕਟਰ ਵੀ. ਕੇ. ਉੱਪਲ ਤੇ ਫਿਰੋਜ਼ਪੁਰ ਰੇਂਜ ਦੇ ਐੱਸ.ਐੱਸ.ਪੀ. ਹਰਗੋਬਿੰਦ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਮੁਕਤਸਰ ਦੇ ਡੀ.ਐੱਸ.ਪੀ. ਰਾਜ ਕੁਮਾਰ ਸਾਮਾ ਦੀ ਅਗਵਾਈ 'ਚ ਇੰਸਪੈਕਟਰ ਸਤਪ੍ਰੇਮ ਸਿੰਘ, ਏ.ਐੱਸ.ਆਈ. ਗੁਰਇਕਬਾਲ, ਕਿੱਕਰ ਸਿੰਘ, ਨਰਿੰਦਰ ਕੌਰ, ਬਲਦੇਵ ਰਾਜ, ਦਵਿੰਦਰ ਕੌਰ, ਸਤੀਸ਼ ਕੁਮਾਰ, ਗੁਰਤੇਜ ਸਿੰਘ ਆਦਿ ਦੀ ਵਿਜੀਲੈਂਸ ਟੀਮ ਨੇ ਸਮੇਤ ਸਰਕਾਰੀ ਗਵਾਹ ਐੱਸ.ਡੀ.ਓ. ਹਰਪ੍ਰੀਤ ਸਾਗਰ ਤੇ ਐੱਸ.ਡੀ.ਓ. ਸੁਖਦੇਵ ਸਿੰਘ ਸਾਹਮਣੇ ਪੀ.ਐੱਸ.ਪੀ.ਸੀ.ਐੱਲ. ਲੁਬਾਣਿਆਂ ਵਾਲੀ ਦੇ ਲਾਈਨਮੈਨ ਰਾਜੂ (ਥਾਣਾ ਬਰੀਵਾਲਾ), ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ।
ਸ਼ਿਕਾਇਤਕਰਤਾ ਪਰਮਜੀਤ ਕੌਰ ਨੇ ਦੱਸਿਆ ਕਿ ਲਾਈਨਮੈਨ ਉਸ ਦੇ ਬੀ.ਸੀ. ਕੋਟੇ 'ਚ ਲੱਗੇ ਬਿਜਲੀ ਮੀਟਰ ਨੂੰ ਪੁੱਟਣ ਦੀ ਧਮਕੀ ਦਿੰਦਾ ਸੀ, ਜਿਸ ਲਈ ਉਹ 7000 ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ। ਇਸ ਲਈ ਉਸ ਨੇ 2000 ਰੁਪਏ ਪਹਿਲਾਂ ਲੈ ਲਏ ਤੇ 5000 ਰੁਪਏ ਦੀ ਹੋਰ ਮੰਗ ਕਰ ਰਿਹਾ ਸੀ। ਜਿਸ ਦੀ ਸੂਚਨਾ ਮਿਲਣ 'ਤੇ ਪਹੁੰਚੀ ਵਿਜੀਲੈਂਸ ਟੀਮ ਨੇ ਉਸ ਨੂੰ ਦੁਕਾਨ 'ਚੋਂ 5000 ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਮ ਨੰ.17 ਮਿਤੀ 15-7-19 ਅ/ਧ 7 ਪੀ.ਸੀ. ਐਕਟ, ਥਾਣਾ ਵਿਜੀਲੈਂਸ ਬਿਓਰੋ ਫਿਰੋਜ਼ਪੁਰ 'ਚ ਕੇਸ ਦਰਜ ਕੀਤਾ ਗਿਆ ਹੈ।