ਕੈਪਟਨ ਅਮਰਿੰਦਰ ਰਾਜਿਆਂ ਦੀ ਤਰ੍ਹਾਂ ਮੌਜ-ਮਸਤੀ ''ਚ ਬਿਜ਼ੀ : ਬਾਦਲ

11/20/2017 2:34:53 AM

ਪਟਿਆਲਾ  (ਮਨਦੀਪ ਜੋਸਨ, ਬਲਜਿੰਦਰ, ਰਾਣਾ, ਪਰਮੀਤ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਰਾਜਸੀ ਹੱਲਾ ਬੋਲਦਿਆਂ ਆਖਿਆ ਹੈ ਕਿ ਉਹ ਰਾਜਿਆਂ ਦੀ ਤਰ੍ਹਾਂ ਮੌਜ-ਮਸਤੀ ਵਿਚ ਬਿਜ਼ੀ ਹੈ। ਉਸ ਨੂੰ ਪੰਜਾਬ ਦੇ ਦੁਖੀ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਹੀਂ। ਸ. ਬਾਦਲ ਅੱਜ ਇਥੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਪਿਤਾ ਬਾਪੂ ਕਰਤਾਰ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਪ੍ਰੈੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਸਰਪੰਚਾਂ ਤੇ ਅਕਾਲੀ ਨੇਤਾਵਾਂ ਨਾਲ ਧੱਕੇਸ਼ਾਹੀ ਬਹੁਤ ਹੀ ਨਿੰਦਣਯੋਗ ਗੱਲ ਹੈ। ਇਸ ਵਕਤ ਪੰਜਾਬ ਦੀ ਅਫਸਰਸ਼ਾਹੀ ਆਪਣੇ ਕਾਂਗਰਸੀ ਨੇਤਾਵਾਂ ਨੂੰ ਖੁਸ਼ ਕਰਨ ਲਈ ਇਹ ਧੱਕੇਸ਼ਾਹੀ ਕਰ ਰਹੀ ਹੈ, ਜਿਸ ਨੂੰ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ। ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਹਨ ਪਰ ਬਦਲਾ-ਲਊ ਰਾਜਨੀਤੀ ਬੇਹੱਦ ਮੰਦਭਾਗੀ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ, ਪੰਜਾਬ ਦੇ ਕੈਬਨਿਟ ਮੰਤਰੀ ਤੇ ਜ਼ਿਲਾ ਅਕਾਲੀ ਦਲ ਪਟਿਆਲਾ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਪ੍ਰਵਾਸੀ ਭਾਰਤੀ ਦਰਸ਼ਨ ਸਿੰਘ ਧਾਲੀਵਾਲ, ਚਰਨਜੀਤ ਸਿੰਘ ਧਾਲੀਵਾਲ ਸੀਨੀਅਰ ਅਕਾਲੀ ਨੇਤਾ, ਸਾਬਕਾ ਚੇਅਰਮੈਨ ਪੰਜਾਬ ਸੈਰ-ਸਪਾਟਾ ਨਿਗਮ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਰਾਜੂ ਖੰਨਾ ਹਲਕਾ ਇੰਚਾਰਜ ਅਮਲੋਹ, ਪ੍ਰੋਫੈਸਰ ਬਲਦੇਵ ਸਿੰਘ ਬੱਲੂਆਣਾ ਪ੍ਰਧਾਨ ਸਿੱਖ ਬੁੱਧੀਜੀਵੀ ਕੌਂਸਲ, ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ, ਅਕਾਲੀ ਦਲ ਦੇ ਮੀਤ ਪ੍ਰਧਾਨ ਭਗਵਾਨ ਦਾਸ ਜੁਨੇਜਾ, ਸਤਬੀਰ ਸਿੰਘ ਖੱਟੜਾ, ਹਰੀ ਸਿੰਘ ਪ੍ਰੀਤ ਹਲਕਾ ਇੰਚਾਰਜ, ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਅਜਾਇਬ ਸਿੰਘ ਮੁਖਮੇਲਪੁਰ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਜਥੇਦਾਰ ਸਵਰਨ ਸਿੰਘ ਚਨਾਰਥਲ, ਸੁਰਜੀਤ ਸਿੰਘ ਕੋਹਲੀ ਸ਼ਹਿਰੀ ਪ੍ਰਧਾਨ, ਬੀਬੀ ਵਨਿੰਦਰ ਕੌਰ ਲੂੰਬਾ, ਸਾਬਕਾ ਚੇਅਰਮੈਨ ਵਿਸ਼ਨੂੰ ਸ਼ਰਮਾ, ਆਰ. ਟੀ. ਏ. ਕਰਨ ਸਿੰਘ, ਯੂਥ ਅਕਾਲੀ ਦਲ ਦੇ ਜ਼ੋਨਲ ਇੰਚਾਰਜ ਹਰਪਾਲ ਜੁਨੇਜਾ, ਤੇਜਿੰਦਰਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ, ਜਸਪਾਲ ਸਿੰਘ ਬਿੱਟੂ ਚੱਠਾ ਕੌਂਸਲਰ, ਐਡਵੋਕੇਟ ਮਨਬੀਰ ਵਿਰਕ, ਮਾਲਵਿੰਦਰ ਸਿੰਘ ਝਿੱਲ, ਰਜਿੰਦਰ ਸਿੰਘ ਵਿਰਕ, ਹਰਵਿੰਦਰ ਸਿੰਘ ਬੱਬੂ, ਪਰਮਜੀਤ ਸਿੰਘ ਪੰਮਾ, ਹਰਬਖਸ਼ ਸਿੰਘ ਚਹਿਲ, ਚੇਅਰਮੈਨ ਬਲਵਿੰਦਰ ਸਿੰਘ ਬਰਸਟ, ਜਸਪਾਲ ਸਿੰਘ ਕਲਿਆਣ ਚੇਅਰਮੇਨ ਜ਼ਿਲਾ ਪ੍ਰੀਸ਼ਦ, ਕਪੂਰ ਚੰਦ ਬਾਂਸਲ ਪ੍ਰਧਾਨ ਸਮਾਣਾ, ਚੇਅਰਮੈਨ ਹਰਜਿੰਦਰ ਸਿੰਘ ਬੱਲ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਹੋਰ ਨੇਤਾ ਹਾਜ਼ਰ ਸਨ।
ਅਮਰਿੰਦਰ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦੀ ਹਾਲ-ਦੁਹਾਈ ਬੰਦ ਕਰੇ  
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਖਜ਼ਾਨਾ ਖਾਲੀ ਹੋਣ ਦੀ ਰੱਟ ਲਾਈ ਬੈਠਾ ਅਮਰਿੰਦਰ ਹੁਣ ਪੰਜਾਬ ਦੇ ਵਿਕਾਸ ਦੀ ਗੱਲ ਕਰੇ। ਜੇਕਰ 9 ਮਹੀਨਿਆਂ ਵਿਚ ਵੀ ਉਸ ਨੂੰ ਸਰਕਾਰ ਚਲਾਉਣ ਦੀ ਸਮਝ ਨਹੀਂ ਲੱਗੀ ਤਾਂ ਇਹ ਅਮਰਿੰਦਰ ਦੀ ਨਾਲਾਇਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਕੋਈ ਰਾਜੇ-ਮਹਾਰਾਜਿਆਂ ਦਾ ਖਜ਼ਾਨਾ ਨਹੀਂ ਜੋ ਖਾਲੀ ਹੋ ਜਾਂਦਾ ਹੈ। ਇਸ ਲਈ ਹਰ ਸਾਲ ਪਲਾਨਿੰਗ ਬਣਦੀ ਹੈ ਕਿ ਕਿੰਨੇ ਪੈਸੇ ਆਉਣੇ ਹਨ? ਕਿੰਨੇ ਖਰਚਣੇ ਹਨ? ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਾ ਕੇ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨੂੰ ਅਕਾਲੀ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਵਾਪਸ ਲੈ ਰਹੀ ਹੈ। ਅੱਜ ਸਾਡੀ ਸਰਕਾਰ ਵੱਲੋਂ ਦਿੱਤੀ ਆਟਾ-ਦਾਲ ਸਕੀਮ, ਪੈਨਸ਼ਨ ਸਕੀਮ ਸਮੇਤ ਹੋਰ ਸਾਰੀਆਂ ਡਿਵੈਲਮੈਂਟ ਸਕੀਮਾਂ ਕਾਂਗਰਸ ਨੇ ਬੰਦ ਕਰ ਦਿੱਤੀਆਂ ਹਨ।
ਖਹਿਰੇ ਦੇ ਅਸਤੀਫੇ ਦੀ ਮੰਗ 'ਤੇ ਸੁਖਬੀਰ ਗਰਮ ਅਤੇ ਪਿਤਾ ਬਾਦਲ ਦਿਸੇ ਨਰਮ
ਪਟਿਆਲਾ, (ਰਾਣਾ)-ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੂੰ ਡਰੱਗ ਮਾਮਲੇ ਵਿਚ ਅਦਾਲਤ ਵੱਲੋਂ ਸੰਮਨਿੰਗ ਕਰਨ 'ਤੇ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਾਫੀ ਗਰਮ ਦਿਖਾਈ ਦੇ ਰਹੇ ਹਨ, ਉਥੇ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਕਾਫੀ ਨਰਮ ਦਿਖਾਈ ਦਿੱਤੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਕਈ ਵਾਰ ਪੁੱਛਣ ਦੇ ਬਾਵਜੂਦ ਵੀ ਸੁਖਪਾਲ ਖਹਿਰੇ ਤੋਂ ਅਸਤੀਫੇ ਦੀ ਮੰਗ ਨਹੀਂ ਕੀਤੀ ਅਤੇ ਨਾ ਹੀ ਪੁੱਛੇ ਸਵਾਲ ਨੂੰ ਸਪੱਸ਼ਟ ਕਰ ਸਕੇ ਜਦਕਿ ਸੁਖਬੀਰ ਸਿੰਘ ਬਾਦਲ ਇਕ ਦਿਨ ਵਿਚ 3 ਜਨਤਕ ਥਾਵਾਂ 'ਤੇ ਸੁਖਪਾਲ ਖਹਿਰੇ ਦੇ ਅਸਤੀਫੇ ਦੀ ਮੰਗ ਕਰ ਚੁੱਕੇ ਹਨ।
ਸਾਬਕਾ ਮੁੱਖ ਮੰਤਰੀ ਨੇ ਸਰਕਾਰ ਵੱਲੋਂ 3 ਦਿਨ ਦਾ ਸਰਦ ਰੁੱਤ ਸੈਸ਼ਨ ਸੱਦਣ 'ਤੇ ਤਿੱਖੀ ਪ੍ਰਤੀਕਿਰਿਆ ਕਰਦੇ ਹੋਏ ਕਿਹਾ ਕਿ ਸੈਸ਼ਨ ਇਕ ਅਜਿਹਾ ਮੰਚ ਹੈ, ਜਿੱਥੇ ਸਰਕਾਰ ਵੱਲੋਂ ਕਾਰਗੁਜ਼ਾਰੀ ਦਾ ਹਿਸਾਬ ਦੇਣਾ ਹੁੰਦਾ ਹੈ। ਪੰਜਾਬ ਸਰਕਾਰ ਸਿਰਫ 3 ਦਿਨਾਂ ਦਾ ਸੈਸ਼ਨ ਸੱਦ ਕੇ ਜਨਤਕ ਮੁੱਦਿਆਂ ਤੋਂ ਭੱਜਣ ਦਾ ਜਿੱਥੇ ਪ੍ਰਤੱਖ ਸੰਦੇਸ਼ ਦੇ ਰਹੀ ਹੈ, ਉਥੇ ਚੋਣਾਂ ਤੋਂ ਪਹਿਲਾਂ ਕੀਤੇ ਸਮੁੱਚੇ ਵਾਅਦਿਆਂ ਤੋਂ ਤਾਂ ਪਹਿਲਾਂ ਹੀ ਮੁੱਕਰ ਚੁੱਕੀ ਹੈ, ਭਾਵੇਂ ਉਹ ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਗੱਲ ਹੋਵੇ ਜਾਂ ਫਿਰ ਘਰ-ਘਰ ਨੌਕਰੀਆਂ ਦੇਣ ਦੀ।
ਕਾਂਗਰਸ ਦੇ ਰਾਜ 'ਚ ਕਿਸਾਨੀ ਦੀ ਹਾਲਤ ਹੋਈ ਪਤਲੀ
ਬਾਦਲ ਨੇ ਕਿਹਾ ਕਿ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਖੇਤੀਬਾੜੀ ਦਾ ਖਰਚਾ ਵਧ  ਤੇ ਆਮਦਨ ਘਟ ਰਹੀ ਹੈ। ਅਮਰਿੰਦਰ ਨੇ ਕਰਜ਼ਾ ਮੁਆਫ ਨਹੀਂ ਕੀਤਾ। ਕਿਸੇ ਇਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ। ਮੁੱਖ ਮੰਤਰੀ ਨੂੰ ਕਾਂਗਰਸ ਪਾਰਟੀ ਦੀ ਅੰਦਰੂਨੀ ਲੜਾਈ ਨੇ ਹੀ ਉਲਝਾ ਦਿੱਤਾ ਹੈ। ਇਸ ਲਈ ਹੁਣ ਪੰਜਾਬ ਦੇ ਵਿਕਾਸ ਦੀ ਗੱਲ ਬੜੀ ਦੂਰ ਰਹਿ ਗਈ ਹੈ।
ਕੈਪਟਨ ਰਾਜਨੀਤੀ 'ਚ ਲੰਮੀ ਪਾਰੀ ਜ਼ਰੂਰ ਖੇਡਣ
ਅਮਰਿੰਦਰ ਸਿੰਘ ਦੇ ਇਸ ਬਿਆਨ ਕਿ 'ਉਹ ਪੰਜਾਬ ਦੀ ਰਾਜਨੀਤੀ ਵਿਚ ਹੁਣ ਲੰਮੀ ਪਾਰੀ ਖੇਡਣਾ ਚਾਹੁੰਦੇ ਹਨ', 'ਤੇ ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ। ਰਾਜਨੀਤੀ ਵਿਚ ਉਮਰ ਦੀ ਕੋਈ ਬੰਦਿਸ਼ ਨਹੀਂ ਹੈ। ਇਸ ਲਈ ਅਮਰਿੰਦਰ ਪੰਜਾਬ ਵਿਚ ਲੰਮੀ ਪਾਰੀ ਜ਼ਰੂਰ ਖੇਡਣ। ਉਨ੍ਹਾਂ ਪੰਜਾਬ ਵਿਚ ਨਿਗਮ ਚੋਣਾਂ ਲਈ ਅਕਾਲੀ ਦਲ ਪੂਰੀ ਤਰ੍ਹਾਂ ਤਿਆਰ ਹੈ।


Related News