ਆਸਮਾਨੀ ਬਿਜਲੀ ਡਿੱਗਣ ਨਾਲ ਦੁਕਾਨ ''ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
Tuesday, May 12, 2020 - 05:55 PM (IST)
ਡੇਹਲੋਂ (ਡਾ. ਪ੍ਰਦੀਪ) : ਡੇਹਲੋਂ ਦੇ ਇਕ ਦੁਕਾਨਦਾਰ ਨੂੰ ਉਸ ਸਮੇਂ ਕੁਦਰਤੀ ਮਾਰ ਝੱਲਣੀ ਪੈ ਗਈ ਜਦੋਂ ਆਸਮਾਨੀ ਬਿਜਲੀ ਡਿੱਗਣ ਨਾਲ ਉਸਦੀ ਦੁਕਾਨ 'ਚ ਅੱਗ ਲੱਗ ਗਈ ਜਿਸ ਨਾਲ ਦੁਕਾਨ 'ਚ ਪਿਆ ਕਾਫੀ ਸਾਮਾਨ ਸੜ ਗਿਆ। ਦੁਕਾਨ ਮਾਲਕ ਅਵਤਾਰ ਸਿੰਘ ਅਨੁਸਾਰ ਅੱਗ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ 11 ਵਜੇ ਆਸਮਾਨੀ ਬਿਜਲੀ ਜ਼ੋਰਦਾਰ ਆਵਾਜ਼ ਨਾਲ ਡਿੱਗੀ ਜਿਸ ਨਾਲ ਸਾਹਨੇਵਾਲ ਰੋਡ 'ਤੇ ਸਥਿਤ ਜਨਤਾ ਜਨਰਲ ਸਟੋਰ 'ਚ ਅੱਗ ਲੱਗ ਗਈ। ਅੱਗ ਲੱਗਣ 'ਤੇ ਦੁਕਾਨ ਦੇ ਆਸ-ਪਾਸ ਰਹਿੰਦੇ ਲੋਕਾਂ ਨੇ ਦੁਕਾਨ ਮਾਲਕਾਂ ਨੂੰ ਫੋਨ ਕਰਕੇ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਜਿਸ 'ਤੇ ਦੁਕਾਨ ਮਾਲਕ ਜਲਦੀ ਹੀ ਮੌਕੇ 'ਤੇ ਆ ਗਏ। ਗੁਆਂਢੀਆਂ ਨੇ ਪਾਣੀ ਨਾਲ ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ। ਫਿਰ ਫ਼ਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਅਤੇ ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਲਗਭਗ 1 ਵਜੇ ਅੱਗ 'ਤੇ ਕਾਬੂ ਪਾਇਆ।
ਇਸ ਮੌਕੇ ਦੁਕਾਨ ਮਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਬਿਜਲੀ ਡਿੱਗਣ ਨਾਲ ਏ.ਸੀ., ਐਲ.ਈ.ਡੀ., ਇਨਵਰਟਰ ਸਮੇਤ ਦੁਕਾਨ ਦਾ ਕਾਫੀ ਸਾਮਾਨ ਅੱਗ ਦੀ ਲਪੇਟ 'ਚ ਆਉਣ ਕਾਰਨ ਸੜ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਈ ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਲਾਕਡਾਊਨ ਕਾਰਨ ਬਿਪਤਾ 'ਚ ਹਾਂ ਉੱਪਰੋਂ ਇਸ ਕੁਦਰਤੀ ਮਾਰ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕੁਦਰਤ ਦੀ ਕਰੋਪੀ ਆਸਮਾਨੀ ਬਿਜਲੀ ਡਿੱਗਣ ਨਾਲ ਹੋਏ ਨੁਕਸਾਨ ਦਾ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਹੋਰਨਾਂ ਲੋਕਾਂ ਨੇ ਵੀ ਇਸ ਔਖੀ ਘੜੀ 'ਚ ਦੁਕਾਨਦਾਰ ਨੂੰ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਸਰਕਾਰ ਤੋਂ ਮੰਗ ਕੀਤੀ ਹੈ।