ਬਿਜਲੀ ਦੇ ਖੰਭੇ ਤੋਂ ਡਿੱਗਣ ਕਾਰਨ ਲਾਈਨਮੈਨ ਦੀ ਮੌਤ

Friday, Jun 11, 2021 - 06:16 PM (IST)

ਬਹਿਰਾਮਪੁਰ (ਗੋਰਾਇਆ) : ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਆਹਲੂਵਾਲ ਵਿਖੇ ਬਿਜਲੀ ਦੇ ਖੰਭੇ ’ਤੇ ਮੁਰੰਮਤ ਦਾ ਕੰਮ ਕਰਦੇ ਇਕ ਲਾਈਨਮੈਨ ਦੀ ਖੰਭੇ ਤੋਂ ਹੇਠਾਂ ਡਿੱਗ ਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਸ਼ੁਭਾਸ਼ ਚੰਦਰ (58)ਪੁੱਤਰ ਮੇਲਾ ਰਾਮ ਵਾਸੀ ਬਹਿਰਾਮਪੁਰ ਵਜੋਂ ਹੋਈ ਹੈ, ਜੋ ਦੀਨਾਨਗਰ ਪਾਵਰਕਾਮ ਸਬ ਸਟੇਸ਼ਨ ਵਿਖੇ ਬਤੌਰ ਲਾਈਨਮੈਨ ਤਾਇਨਾਤ ਸੀ ਅਤੇ ਫਰਵਰੀ 2022 ਵਿਚ ਨੌਕਰੀ ਤੋਂ ਰਿਟਾਇਰ ਹੋਣਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਚੱਲੀ ਤੇਜ਼ ਹਨੇਰੀ ਕਾਰਨ 24 ਘੰਟੇ ਮੰਜ ਫੀਡਰ ਦ ਪਿੰਡ ਆਲੋਵਾਲ ਵਿਖੇ ਕੁਝ ਦਰੱਖਤ ਟੁੱਟ ਕੇ ਬਿਜਲੀ ਦੀਆਂ ਤਾਰਾਂ ’ਤੇ ਪੈਣ ਨਾਲ ਬੰਦ ਹੋਈ ਸੀ।

ਬਿਜਲੀ ਸਪਲਾਈ ਨੂੰ ਚਾਲੂ ਕਰਨ ਲਈ ਲਾਈਨਮੈਨ ਸੁਭਾਸ਼ ਚੰਦਰ ਬਿਜਲੀ ਦੇ ਖੰਭੇ ਉੱਤੇ ਚੜ ਕੇ ਕੰਮ ਕਰ ਰਿਹਾ ਸੀ। ਇਸੇ ਦੌਰਾਨ ਅੱਜ ਸਵੇਰੇ ਸਾਢੇ ਦੱਸ ਵਜੇ ਦੇ ਕਰੀਬ ਅਚਾਨਕ ਸੁਭਾਸ਼ ਚੰਦਰ ਖੰਭੇ ਤੋਂ ਹੇਠਾਂ ਡਿੱਗ ਪਿਆ। ਗੰਭੀਰ ਜ਼ਖ਼ਮੀ ਹੋਏ ਸੁਭਾਸ਼ ਚੰਦਰ ਨੂੰ ਸੀ.ਐੱਚ.ਸੀ ਸਿੰਘੋਵਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਾਵਰਕਾਮ ਦੀਨਾਨਗਰ ਦੇ ਐੱਸ.ਡੀ.ਓ ਇੰਜੀਨੀਅਰ ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਘਟਨਾ ਦੇ ਕਾਰਨਾਂ ਦੀ ਪੂਰੀ ਬਾਰੀਕੀ ਨਾਲ ਪੜਤਾਲ ਕਰਵਾਉਣਗੇ। ਦੂਸਰੇ ਪਾਸੇ ਇਸ ਸੰਬੰਧੀ ਥਾਣਾ ਬਹਿਰਾਮਪੁਰ ਦੇ ਇੰਚਾਰਜ ਮਨਦੀਪ ਸਲਗੋਤਰਾ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਧਾਰਾ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਲਈ ਲਾਸ਼ ਭੇਜ ਦਿੱਤੀ ਗਈ ਹੈ।


Gurminder Singh

Content Editor

Related News