2 ਵਿਅਕਤੀਆਂ ਦੀ ਹਲਕਾਅ ਨਾਲ ਮੌਤ
Tuesday, Apr 17, 2018 - 06:55 AM (IST)
ਸੰਗਤ ਮੰਡੀ, (ਮਨਜੀਤ)- ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਪਥਰਾਲਾ ਵਿਖੇ ਪਿਛਲੇ ਦੋ ਮਹੀਨਿਆਂ 'ਚ ਹਲਕੇ ਕੁੱਤੇ ਦੇ ਕੱਟਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਿਸ ਸਬੰਧੀ ਪਿੰਡ ਵਾਸੀਆਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਪਿੰਡ 'ਚ ਬਣੀ ਗ੍ਰਾਮ ਵਿਕਾਸ ਸੋਸਾਇਟੀ ਵੱਲੋਂ ਸੰਗਤ ਦੇ ਸੀਨੀਅਰ ਮੈਡੀਕਲ ਅਫ਼ਸਰ ਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੂੰ ਲਿਖਤੀ ਦਰਖਾਸਤ ਦੇ ਕੇ ਹਲਕਾਅ ਨਾਲ ਸਬੰਧਤ ਮੁਫ਼ਤ ਕੈਂਪ ਲਾ ਕੇ ਟੈਸਟ ਕਰਨ ਦੀ ਬੇਨਤੀ ਕੀਤੀ ਗਈ ਹੈ।
ਸੋਸਾਇਟੀ ਦੇ ਪ੍ਰਧਾਨ ਰਛਪਾਲ ਸਿੰਘ ਤੇ ਸਕੱਤਰ ਯਾਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ 14 ਫਰਵਰੀ ਨੂੰ ਹਲਕੇ ਕੁੱਤੇ ਦੇ ਕੱਟੇ ਜਾਣ ਕਾਰਨ ਨਛੱਤਰ ਸਿੰਘ ਪੁੱਤਰ ਰੌਣਕ ਸਿੰਘ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ 14 ਅਪ੍ਰੈਲ ਨੂੰ ਗੁਰਨਾਮ ਸਿੰਘ ਉਰਫ ਖਿੱਦੂ ਜੋ ਕਿ ਉਸ ਸਮੇਂ ਨਛੱਤਰ ਸਿੰਘ ਦੇ ਨਾਲ ਸੀ, ਦੀ ਵੀ ਹਲਕਾਅ ਕਾਰਨ ਮੌਤ ਹੋ ਗਈ।
ਪਿੰਡ 'ਚ ਹੋਈਆਂ ਇਨ੍ਹਾਂ ਮੌਤਾਂ ਕਾਰਨ ਸਹਿਮ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਸੰਗਤ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਬਜੀਤ ਸਿੰਘ ਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਦਰਖਾਸਤ ਦਿੰਦਿਆਂ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਵੱਲੋਂ ਕੈਂਪ ਲਾ ਕੇ ਫ਼੍ਰੀ ਟੈਸਟ ਕੀਤੇ ਜਾਣ ਤਾਂ ਜੋ ਪਿੰਡ ਵਾਸੀਆਂ 'ਚ ਬਣੇ ਡਰ ਤੇ ਸਹਿਮ ਦੇ ਮਾਹੌਲ ਨੂੰ ਦੂਰ ਕੀਤਾ ਜਾ ਸਕੇ।
