ਪਤਨੀ ਦੇ ਕਾਤਲ ਨੂੰ ਉਮਰ ਕੈਦ

Saturday, Apr 28, 2018 - 01:54 AM (IST)

ਪਤਨੀ ਦੇ ਕਾਤਲ ਨੂੰ ਉਮਰ ਕੈਦ

ਹੁਸ਼ਿਆਰਪੁਰ, (ਅਮਰਿੰਦਰ)- ਕਰੀਬ 3 ਸਾਲ ਪਹਿਲਾਂ ਸ਼ਹਿਰ ਦੇ ਮੁਹੱਲਾ ਗੜ੍ਹੀ ਬੂਆ 'ਚ ਵਿਆਹੁਤਾ ਮਮਤਾ ਸੈਣੀ ਨੂੰ ਅੱਗ ਹਵਾਲੇ ਕਰਨ ਤੋਂ ਬਾਅਦ ਉਸ ਦੀ ਮੌਤ ਹੋ ਜਾਣ ਦੇ ਮਾਮਲੇ 'ਚ ਉਸ ਦੇ ਪਤੀ ਵਿਸ਼ਾਲ ਸੈਣੀ ਨੂੰ ਅੱਜ ਦੋਸ਼ੀ ਕਰਾਰ ਦਿੰਦਿਆਂ ਜ਼ਿਲਾ ਤੇ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਦੀ ਅਦਾਲਤ ਨੇ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ 'ਤੇ 6 ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ।
ਵਰਣਨਯੋਗ ਹੈ ਕਿ ਥਾਣਾ ਸਿਟੀ ਦੀ ਪੁਲਸ ਅੱਗੇ 29 ਜੂਨ 2015 ਨੂੰ ਤਿੰਨ ਬੱਚਿਆਂ ਦੀ ਮਾਂ ਮਮਤਾ ਸੈਣੀ (37) ਨੇ ਬਿਆਨ ਦਿੱਤੇ ਸਨ ਕਿ ਉਸ ਦੇ ਪਤੀ ਵਿਸ਼ਾਲ ਸੈਣੀ ਪੁੱਤਰ ਚਰਨਜੀਤ ਸੈਣੀ ਨੇ ਉਸ 'ਤੇ ਤੇਲ ਪਾ ਕੇ ਅੱਗ ਲਾ ਦਿੱਤੀ। ਸ਼ਿਕਾਇਤਕਰਤਾ ਅਨੁਸਾਰ ਦੁਪਹਿਰ ਸਮੇਂ ਜਦੋਂ ਉਸ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਕੋਈ ਕੰਮ-ਧੰਦਾ ਕਰ ਲਵੇ ਤਾਂ ਉਸ ਨੇ ਗੁੱਸੇ ਵਿਚ ਆ ਕੇ ਉਸ 'ਤੇ ਤੇਲ ਪਾ ਕੇ ਉਸ ਦੀ ਮਾਂ ਤੇ ਬੇਟੀ ਦੇ ਸਾਹਮਣੇ ਅੱਗ ਲਾ ਦਿੱਤੀ। ਬਾਅਦ ਵਿਚ ਮੈਨੂੰ ਬਚਾਉਣ ਦਾ ਡਰਾਮਾ ਕਰ ਕੇ ਦੋਸ਼ੀ ਨੇ ਆਪਣਾ ਹੱਥ ਸਾੜ ਲਿਆ। ਉਕਤ ਬਿਆਨਾਂ ਤੋਂ ਬਾਅਦ ਸਰੀਰ ਦਾ ਕਾਫੀ ਹਿੱਸਾ ਸੜ ਜਾਣ ਕਾਰਨ ਡਾਕਟਰਾਂ ਨੇ ਮਮਤਾ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ, ਜਿਥੇ ਕੁਝ ਦਿਨਾਂ ਬਾਅਦ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ। ਥਾਣਾ ਸਿਟੀ ਦੀ ਪੁਲਸ ਨੇ ਵਿਆਹੁਤਾ ਦੇ ਪਤੀ ਵਿਸ਼ਾਲ ਸੈਣੀ ਖਿਲਾਫ਼ ਜੁਰਮ ਦੀ ਧਾਰਾ ਵਿਚ ਵਾਧਾ ਕਰਦਿਆਂ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ।


Related News