ਸਿੱਖਿਆ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਚੋਰਾਂ ਨੇ ਤੋੜੇ ਸਕੂਲ ਦੇ ਜਿੰਦਰੇ

Tuesday, Mar 20, 2018 - 11:31 PM (IST)

ਸਿੱਖਿਆ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਚੋਰਾਂ ਨੇ ਤੋੜੇ ਸਕੂਲ ਦੇ ਜਿੰਦਰੇ

ਜਾਡਲਾ, (ਜਸਵਿੰਦਰ)- ਸਰਕਾਰੀ ਹਾਈ ਸਕੂਲ ਸਨਾਵਾ ਵਿਖੇ ਬੀਤੀ ਰਾਤ ਚੋਰਾਂ ਨੇ ਸਕੂਲ ਦੇ ਦਰਵਾਜ਼ਿਆਂ ਅਤੇ ਅਲਮਾਰੀਆਂ ਦੇ ਕਰੀਬ 15 ਜਿੰਦਰੇ ਤੋੜ ਕੇ ਸਕੂਲ ਦਾ ਸਾਰਾ ਰਿਕਾਰਡ ਜ਼ਮੀਨ 'ਤੇ ਖਿਲਾਰ ਦਿੱਤਾ। ਚੋਰਾਂ ਨੇ ਸਕੂਲ 'ਚ ਪਏ 5 ਨਵੇਂ ਜਿੰਦਰੇ ਚੋਰੀ ਕਰ ਲਏ। ਜਾਣਕਾਰੀ ਦਿੰਦਿਆਂ ਸਕੂਲ ਮੁਖੀ ਮੈਡਮ ਦਲਜਿੰਦਰ ਕੌਰ ਨੇ ਦੱਸਿਆ ਕਿ ਸਕੂਲ 'ਚ 3 ਦਰਜਾ ਚਾਰ ਕਰਮਚਾਰੀ ਹਨ, ਜਿਨ੍ਹਾਂ 'ਚੋਂ ਇਕ ਔਰਤ ਹੈ। ਸਕੂਲ ਦੇ ਚੌਕੀਦਾਰ ਨੂੰ 6 ਮਾਰਚ ਤੋਂ ਡੈਪੂਟੇਸ਼ਨ 'ਤੇ ਜ਼ਿਲਾ ਸਿੱਖਿਆ ਦਫ਼ਤਰ ਨਵਾਂਸ਼ਹਿਰ ਵਿਖੇ ਬੁਲਾਇਆ ਸੀ। ਰਾਤ ਸਕੂਲ 'ਚ ਕੋਈ ਵੀ ਚੌਕੀਦਾਰ ਨਹੀਂ ਸੀ। ਸਕੂਲ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਜੇ ਡੀ. ਈ. ਓ. ਦਫ਼ਤਰ ਵੱਲੋਂ ਚੌਕੀਦਾਰ ਨੂੰ ਡੈਪੂਟੇਸ਼ਨ 'ਤੇ ਰੱਖਿਆ ਹੈ ਤਾਂ ਉਸ ਦੀ ਜਗ੍ਹਾ ਕਿਸੇ ਹੋਰ ਕਰਮਚਾਰੀ ਦੀ ਡਿਉੂਟੀ ਰਾਤ  ਸਮੇਂ ਲਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ। ਸਕੂਲ ਮੁਖੀ ਨੇ ਦੱਸਿਆ ਕਿ ਸਕੂਲ ਦੇ ਰਿਕਾਰਡ ਦੀ ਸਟਾਫ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਚੋਰਾਂ ਵੱਲੋਂ ਹੋਰ ਕੀ ਚੋਰੀ ਕੀਤਾ ਗਿਆ ਹੈ। 
ਇਸ ਸਬੰਧੀ ਜਦੋਂ ਜ਼ਿਲਾ ਸਿੱਖਿਆ ਅਫ਼ਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਦੂਜੇ ਕਰਮਚਾਰੀ ਦੀ ਡਿਉੂਟੀ ਲਾ ਦਿੱਤੀ ਗਈ ਹੈ ਪਰ ਉਹ ਆਪਣੇ ਰੁਝੇਵਿਆਂ 'ਚ ਰੁਝੇ ਹੋਣ ਕਾਰਨ ਘਟਨਾ ਸਥਾਨ 'ਤੇ ਨਹੀਂ ਪਹੁੰਚ ਸਕੇ।


Related News