ਲਾਇਸੈਂਸ ਧਾਰਕਾਂ ਨੂੰ ਤੀਜਾ ਹਥਿਆਰ 15 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਾਉਣ ਦੇ ਹੁਕਮ
Thursday, Nov 24, 2022 - 02:03 PM (IST)
ਮੋਹਾਲੀ (ਨਿਆਮੀਆਂ) : ਜ਼ਿਲ੍ਹਾ ਮੋਹਾਲੀ ਦੇ ਸਮੂਹ ਅਸਲਾ ਲਾਇਸੈਂਸ ਧਾਰਕਾਂ ਨੂੰ ਨੋਟਿਸ ਜਾਰੀ ਕਰ ਕੇ ਸੂਚਿਤ ਕੀਤਾ ਗਿਆ ਸੀ ਕਿ ਸੈਕਸ਼ਨ-3 'ਚ ਕੀਤੀ ਗਈ ਸੋਧ ਅਨੁਸਾਰ ਹੁਣ ਹਰ ਅਸਲਾ ਲਾਇਸੈਂਸ ਨੂੰ ਸਿਰਫ 2 ਹਥਿਆਰ ਰੱਖਣ ਦੀ ਇਜਾਜ਼ਤ ਹੋਵੇਗੀ ਅਤੇ ਜਿਹੜੇ ਲਾਇਸੈਂਸ ਹੋਲਡਰ ਨੇ ਆਪਣੇ ਲਾਇਸੈਂਸ ’ਤੇ 3 ਹਥਿਆਰ ਦਰਜ ਕਰਵਾਏ ਹਨ, ਉਨ੍ਹਾਂ ਨੂੰ ਤੀਸਰਾ ਹਥਿਆਰ ਡਲੀਟ/ਕੈਂਸਲ ਕਰਨ ਦੀ ਵੀ ਹਦਾਇਤ ਕੀਤੀ ਗਈ ਸੀ। ਇਹ ਜਾਣਕਾਰੀ ਦਿੰਦੇ ਹੋਏ ਅਮਿਤ ਤਲਵਾੜ ਜ਼ਿਲ੍ਹਾ ਮੈਜਿਸਟ੍ਰੇਟ ਮੋਹਾਲੀ ਨੇ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਵਿਖੇ 54 ਲਾਇਸੈਂਸ ਧਾਰਕ ਅਜਿਹੇ ਹਨ, ਜਿਨ੍ਹਾਂ ਨੇ ਅਜੇ ਵੀ ਆਪਣੇ ਲਾਇਸੈਂਸ ਤੋਂ ਤੀਜਾ ਹਥਿਆਰ ਡਲੀਟ ਜਾਂ ਥਾਣੇ 'ਚ ਜਮ੍ਹਾਂ ਨਹੀਂ ਕਰਵਾਇਆ।
ਇਸ ਸਬੰਧੀ ਸੈਕਸ਼ਨ-3 ਵਿਚ ਕੀਤੀ ਗਈ ਸੋਧ ਅਨੁਸਾਰ ਇਸ ਜ਼ਿਲ੍ਹੇ ਦੇ ਲਾਇਸੈਂਸ ਧਾਰਕ ਅਤੇ ਬਾਹਰਲੇ ਜ਼ਿਲ੍ਹਿਆਂ/ਸੂਬਿਆਂ ਤੋਂ ਇਸ ਜ਼ਿਲ੍ਹੇ 'ਚ ਪਤਾ ਤਬਦੀਲ ਕਰਵਾ ਕੇ ਆਏ ਲਾਇਸੈਂਸ ਧਾਰਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ 15 ਦਿਨਾਂ ਦੇ ਅੰਦਰ-ਅੰਦਰ ਆਪਣਾ ਹਥਿਆਰ ਡਲੀਟ ਅਤੇ ਸਬੰਧਿਤ ਥਾਣੇ 'ਚ ਜਮ੍ਹਾਂ ਕਰਵਾਉਣ। ਇਨ੍ਹਾਂ ਹੁਕਮਾਂ ਦੀ ਅਣਦੇਖੀ ਜਾਂ ਉਲੰਘਣਾ ਕਰਨ ਵਾਲੇ ਅਸਲਾ ਲਾਇਸੈਂਸ ਧਾਰਕ ਖ਼ਿਲਾਫ਼ ਕਾਰਵਾਈ ਆਰੰਭ ਕੀਤੀ ਜਾਵੇਗੀ।