ਪੈਸੇ ਲੈ ਕੇ ਚੇਅਰਮੈਨੀਆਂ ਵੰਡ ਰਹਿ ਕਾਂਗਰਸੀ, ਚਿੱਠੀ ਵਾਇਰਲ
Tuesday, Jan 07, 2020 - 12:03 PM (IST)
ਘੱਲ ਖੁਰਦ (ਦਲਜੀਤ ਗਿੱਲ) - ਸੂਬੇ ਦੀ ਕਾਂਗਰਸ ਸਰਕਾਰ ਨੂੰ ਪੰਜਾਬ ਅੰਦਰ ਆਪਣੀ ਸਰਕਾਰ ਬਣਾਏ ਨੂੰ ਕਰੀਬ ਢਾਈ ਤਿੰਨ ਸਾਲ ਦਾ ਸਮਾਂ ਹੋ ਗਿਆ ਹੈ, ਜਿਸ ਦੇ ਬਾਵਜੂਦ ਅਜੇ ਤੱਕ ਚੇਅਰਮੈਨੀਆਂ ਦੀ ਵੰਡ ਨਹੀਂ ਕੀਤੀ ਗਈ। ਚੇਅਰਮੈਨ ਬਣਾਏ ਜਾਣ ਦਾ ਕੰਮ ਹੁਣ ਸ਼ੁਰੂ ਹੀ ਹੋਣ ਲੱਗਾ ਸੀ ਕਿ ਕਾਂਗਰਸ ਦੇ ਵਰਕਰਾਂ 'ਚ ਇਸਦੀਆਂ ਨਿਯੁਕਤੀਆਂ ਨੂੰ ਲੈ ਕੇ ਹਫੜਾ-ਤਫੜੀ ਪੈਦਾ ਹੁੰਦੀ ਨਜ਼ਰ ਆ ਰਹੀ ਹੈ। ਫਿਰੋਜ਼ਪੁਰ ਜ਼ਿਲੇ ਦੇ ਹਲਕਾ ਦਿਹਾਤੀ ਦੇ ਬਲਾਕ ਘੱਲ ਖੁਰਦ 'ਚ ਅਜਿਹਾ ਕੁਝ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਕੁਝ ਕਾਂਗਰਸੀ ਆਹੁਦੇਦਾਰਾਂ ਨੇ ਆਪਣੇ ਹੀ ਵਿਧਾਇਕਾਂ 'ਤੇ ਪੈਸੇ ਲੈ ਕੇ ਚੇਅਰਮੈਨ ਬਣਾਉਣ ਦੇ ਦੋਸ਼ ਲਾਉਂਦੀ 1 ਚਿੱਠੀ ਵਾਇਰਲ ਕਰ ਦਿੱਤੀ। ਵਾਇਰਲ ਚਿੱਠੀ 'ਚ ਕਾਂਗਰਸੀ ਆਹੁਦੇਦਾਰਾਂ ਨੇ ਟਕਸਾਲੀ ਕਾਂਗਰਸੀਆਂ ਨੂੰ ਨਜ਼ਰਅੰਦਾਜ ਕਰਨ ਦੇ ਦੋਸ਼ ਲਗਾਏ ਹਨ।
ਉਧਰ ਇਸ ਸਬੰਧੀ ਹਲਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਨੇ ਸਾਰੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਅਸੀ ਤਾਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਪਰ ਕੁਝ ਲੋਕਾਂ ਦਾ ਕੰਮ ਉਨ੍ਹਾਂ 'ਤੇ ਦੋਸ਼ ਲਗਾਉਣ ਦਾ ਹੈ। ਸ਼ੋਸ਼ਲ ਮੀਡੀਆਂ 'ਤੇ ਵਾਇਰਲ ਹੋ ਰਹੀ ਚਿੱਠੀ ਅਨੁਸਾਰ ਬਲਾਕ ਘੱਲ ਖੁਰਦ ਦੀ ਚੇਅਰਪਰਸਨ ਮਨਪ੍ਰੀਤ ਕੌਰ ਮੱਲਕ ਅਤੇ ਬਲਾਕ ਘੱਲ ਖੁਰਦ ਪ੍ਰਧਾਨ ਗੁਰਸੇਵਕ ਸਿੰਘ ਠੇਕੇਦਾਰ ਭੰਬਾ ਲੰਡਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਤਲਵੰਡੀ ਭਾਈ ਦਾ ਚੇਅਰਮੈਨ ਟਕਸਾਲੀ ਕਾਂਗਰਸੀਆਂ ਦੀ ਪਸੰਦ ਦਾ ਲਗਾਉਣ ਲਈ ਦਖਲ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਜਦੋ ਗੁਰਜੀਤ ਸਿੰਘ ਜੀਤਾ ਮੱਲਕ ਦੀ ਪਤਨੀ ਮਨਪ੍ਰੀਤ ਕੌਰ ਨੂੰ ਬਲਾਕ ਗੱਲ ਖੁਰਦ ਦੀ ਚੇਅਰਪਰਸਨ ਬਣਾਇਆ ਗਿਆ ਸੀ ਤਾਂ ਟਕਸਾਲੀ ਕਾਂਗਰਸੀਆਂ ਆਗੂਆਂ ਦਾ ਇਖ ਧੜਾ ਹਲਕਾ ਵਿਧਾਇਕਾਂ ਨਾਲ ਨਾਰਾਜ਼ ਹੋ ਗਿਆ।
ਉਨ੍ਹਾਂ ਦੋਸ਼ ਲਾਇਆ ਸੀ ਕਿ ਜੀਤਾ ਪਾਰਟੀ 'ਚੋਂ ਕੱਢੇ ਜਾਣ ਮਗਰੋਂ ਹਲਕੇ 'ਚੋਂ ਬਾਹਰ ਜਾ ਕੇ ਜ਼ਿਲਾ ਪ੍ਰਧਾਨ ਦੀ ਹਾਜ਼ਰੀ ਤੋਂ ਬਿਨਾ ਨਾਟਕੀ ਡੰਗ ਨਾਲ ਪਾਰਟੀ 'ਚ ਸ਼ਾਮਲ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਬਲਾਕ ਘੱਲ ਖੁਰਦ ਦੀ ਚੇਅਰਪਰਸਨ ਲਈ ਆਪਣੀ ਪਤਨੀ ਦੀ ਦਾਅਵੇਦਾਰੀ ਜਿਤਾਈ ਸੀ। ਚਿੱਠੀ ਮੁਤਾਬਕ ਹੁਣ ਜੀਤਾ ਮੱਲਕ ਤਲਵੰਡੀ ਭਾਈ ਮਾਰਕਿਟ ਕਮੇਟੀ ਚੇਅਰਮੈਨੀ ਮੁੱਦਕੀ ਦੇ ਕਿਸੇ ਹੋਰ ਕਾਂਗਰਸੀ ਨੂੰ ਦਿਵਾਉਣ ਲਈ ਵਿਧਾਇਕਾਂ ਦੇ ਵਿਰੋਧ 'ਚ ਉਤਰ ਆਇਆ ਹੈ।