ਸ਼੍ਰੋਮਣੀ ਅਕਾਲੀ ਦਲ ਨੇ ਮੰਤਰੀਆਂ ਦੇ ਤਾਰ ਕੁੱਦ ਕੇ ਟੱਪਣ ਦਾ ਦੋਸ਼ ਲਗਾਇਆ, ਸਪੀਕਰ ਨੂੰ ਦਿੱਤਾ ਮੰਗ ਪੱਤਰ
Tuesday, Oct 20, 2020 - 12:33 PM (IST)
 
            
            ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ’ਚ ਸੋਮਵਾਰ ਸ਼ਾਮ ਨੂੰ ਸਪੀਕਰ ਨੂੰ ਮਿਲੇ ਵਿਧਾਇਕ ਦਲ ਦੇ ਮੈਬਰਾਂ ਨੇ ਉਨ੍ਹਾਂ ਨੂੰ ਇਸ ਗੱਲ ਨਾਲ ਵੀ ਜਾਣੂ ਕਰਾਇਆ ਕਿ ਅੱਜ ਤਿੰਨ ਮੰਤਰੀਆਂ ਨੇ ਉਨ੍ਹਾਂ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਕਿਸਾਨ ਸੰਗਠਨਾਂ ਨਾਲ ਮੀਟਿੰਗ ਕੀਤੀ। ਬਾਅਦ ’ਚ ਮੁੱਖ ਦਰਵਾਜੇ ’ਤੇ ਵਿਰੋਧ ਕਰਨ ਦੀ ਬਜਾਏ ਕੰਢਿਆਲੀਆਂ ਤਾਰਾਂ ਨੂੰ ਟੱਪ ਕੇ ਪਾਰ ਕਰ ਕੇ ਭਵਨ ਤੋਂ ਫਰਾਰ ਹੋ ਗਏ। ਵਿਧਾਨਸਭਾ ਸਪੀਕਰ ਨੇ ਪੱਤਰਕਾਰਾਂ ਦੇ ਸਾਹਮਣੇ ਮੰਨਿਆ ਕਿ ਕਿ ਉਨ੍ਹਾਂ ਨੇ ਕੱਲ੍ਹ ਰਾਤ ਪੰਜਾਬ ਭਵਨ ਵਿਚ ਮੰਤਰੀਆਂ ਅਤੇ ਕਿਸਾਨ ਪ੍ਰਤੀਨਿਧੀਆਂ ਵਿਚਕਾਰ ਮੀਟਿੰਗ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਪੰਜਾਬ ਭਵਨ ਨੂੰ ਵਿਧਾਨਸਭਾ ਦਾ ਖੇਤਰ ਐਲਾਨਿਆ ਗਿਆ ਸੀ। ਉਨ੍ਹਾਂ ਨੇ ਰਿਕਾਰਡ ’ਚ ਮੰਨਿਆ ਕਿ ਮੰਤਰੀਆਂ ਨੂੰ ਇਸ ਦਿਸ਼ਾ ਵਿਚ ਹੁਕਮ ਪਾਸ ਹੋਣ ਤੋਂ ਬਾਅਦ ਪੰਜਾਬ ਭਵਨ ਵਿਚ ਕਿਸਾਨ ਸੰਗਠਨਾਂ ਨਾਲ ਕੋਈ ਮੀਟਿੰਗ ਨਹੀ ਕਰਨੀ ਚਾਹੀਦੀ ਸੀ। ਉਨ੍ਹਾਂ ਨੇ ਅਕਾਲੀ ਵਿਧਾਇਕਾਂ ਨੂੰ ਵੀ ਕਿਹਾ ਕਿ ਉਨ੍ਹਾਂ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਰੋਕਿਆ ਨਹੀ ਜਾਣਾ ਚਾਹੀਦਾ ਸੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਵਿਚ ਉਚਿਤ ਕਾਰਵਾਈ ਕਰਨਗੇ।
ਇਸੇ ਵਿਚ ਬਿਕਰਮ ਸਿੰਘ ਮਜੀਠੀਆ ਨੇ ਵਿਧਾਨਸਭਾ ਸਪੀਕਰ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਨੂੰ ਕਾਂਗਰਸ ਵਿਧਾਇਕ ਦਲ ਨੇ ਕਮਜ਼ੋਰ ਕਰ ਦਿੱਤਾ ਹੈ। ਜਿਨ੍ਹਾਂ ਨੇ ਮਨਮਾਨੇ ਢੰਗ ਨਾਲ ਵਿਧਾਨਸਭਾ ਸੈਸ਼ਨ ਦੇ ਵਿਸਥਾਰ ਦਾ ਐਲਾਨ ਕੀਤਾ ਹੈ, ਭਾਵੇਂ ਹੀ ਇਹ ਕਾਰਜ ਸਲਾਹਕਾਰ ਕਮੇਟੀ ਦਾ ਵਿਸ਼ੇਸ਼ ਅਧਿਕਾਰ ਹੈ। ਉਨ੍ਹਾਂ ਨੇ ਕਾਂਗਰਸ ਸਰਕਾਰ ਵਲੋਂ ਸਦਨ ਵਿਚ ਪੇਸ਼ ਕੀਤੇ ਜਾਣ ਵਾਲੇ ਬਿਲਾਂ ਨੂੰ ਸਾਂਝਾ ਨਾ ਕਰਨ ਦੀ ਵੀ ਨਿੰਦਾ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਦੀ ਹੱਤਿਆ ਹੈ। ਉਨ੍ਹਾਂ ਪੰਜਾਬ ਭਵਨ ਸਮੇਤ ਵਿਧਾਨਸਭਾ ਦੇ ਖੇਤਰ ਨੂੰ ਲੈ ਕੇ ਮੀਡੀਆ ਅਤੇ ਵਿਰੋਧੀ ਧਿਰ ’ਤੇ ਲਗਾਈ ਗਈ ਸੈਂਸਰਸ਼ਿਪ ਨੂੰ ਵੀ ਹਟਾਉਣ ਦੀ ਗੱਲ ਕਹੀ। ਪਾਰਟੀ ਦੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਵਾਲੇ ਹੋਰ ਵਿਧਾਇਕਾਂ ਵਿਚ ਐੱਨ.ਕੇ. ਸ਼ਰਮਾ, ਪਵਨ ਕੁਮਾਰ ਟੀਨੂ, ਲਖਬੀਰ ਸਿੰਘ ਲੋਧੀਨੰਗਲ, ਗੁਰਪ੍ਰਤਾਪ ਸਿੰਘ ਵਡਾਲਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਕੰਵਰਜੀਤ ਸਿੰਘ ਬਰਕੰਦੀ, ਡਾ. ਸੁਖਵਿੰਦਰ ਸੁੱਖੀ ਅਤੇ ਬਲਦੇਵ ਸਿੰਘ ਖਹਿਰਾ ਸ਼ਾਮਲ ਸਨ। ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਅਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਵੀ ਧਰਨੇ ਵਿਚ ਹਿੱਸਾ ਲਿਆ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            