ਹੁਣ ਛੋਟੇ ਢੀਂਡਸਾ ਦੀ ਪਤਨੀ ਵੀ ਆਈ ਮੈਦਾਨ ''ਚ, ਅਕਾਲੀ ਦਲ ਨੂੰ ਦਿੱਤੀ ਚੁਣੌਤੀ
Saturday, Feb 08, 2020 - 11:28 AM (IST)
ਲਹਿਰਾਗਾਗਾ (ਗਰਗ) : ''ਢੀਂਡਸਾ ਪਰਿਵਾਰ ਜਨਮ ਤੋਂ ਅਕਾਲੀ ਸੀ, ਹੈ ਅਤੇ ਰਹੇਗਾ ਪਰ ਢੀਂਡਸਾ ਪਰਿਵਾਰ 'ਤੇ ਉਂਗਲ ਉਠਾਉਣ ਵਾਲੇ ਕਦੇ ਵੀ ਸੱਚੇ ਅਕਾਲੀ ਜਾਂ ਟਕਸਾਲੀ ਨਹੀਂ ਹੋ ਸਕਦੇ।'' ਇਸ ਗੱਲ ਦਾ ਪ੍ਰਗਟਾਵਾ ਹਲਕਾ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਢੀਂਡਸਾ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਜੋ ਕਥਿਤ ਅਕਾਲੀ ਢੀਂਡਸਾ ਪਰਿਵਾਰ ਦੀ ਅਕਾਲੀ ਦਲ ਪ੍ਰਤੀ ਵਫ਼ਾਦਾਰੀ 'ਤੇ ਕਿੰਤੂ-ਪ੍ਰੰਤੂ ਕਰ ਰਹੇ ਹਨ, ਉਹ ਆਪਣੇ ਪਿਛੋਕੜ ਵੱਲ ਝਾਤੀ ਮਾਰਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦਾ ਇਕੋ ਇਕ ਮਕਸਦ ਕਾਂਗਰਸ ਦਾ ਵਿਰੋਧ ਕਰਨਾ ਨਹੀਂ ਬਲਕਿ ਢੀਂਡਸਾ ਪਰਿਵਾਰ ਨੂੰ ਕੋਸਣਾ ਰਹਿ ਗਿਆ ਹੈ, ਜਿਸ ਦਾ ਪ੍ਰਤੱਖ ਸਬੂਤ ਹੈ ਕਿ ਅਕਾਲੀ ਦਲ ਵੱਲੋਂ ਸੰਗਰੂਰ ਵਿਖੇ ਕੀਤੀ ਗਈ ਰੈਲੀ ਸਰਕਾਰ ਵਿਰੋਧੀ ਨਹੀਂ ਬਲਕਿ ਢੀਂਡਸਾ ਪਰਿਵਾਰ ਵਿਰੋਧੀ ਸੀ, ਜਿਸ 'ਚ ਸੁਖਬੀਰ ਬਾਦਲ ਨੇ ਆਪਣੇ ਭਾਸ਼ਣ ਦਾ ਜ਼ਿਆਦਾਤਰ ਸਮਾਂ ਢੀਂਡਸਾ ਪਰਿਵਾਰ ਨੂੰ ਕੋਸਣ 'ਚ ਹੀ ਲਾ ਦਿੱਤਾ। ਉਨ੍ਹਾਂ ਕਿਹਾ ਕਿ 23 ਫਰਵਰੀ ਦੀ ਸੰਗਰੂਰ ਰੈਲੀ ਬਾਦਲ ਅਤੇ ਕਥਿਤ ਅਕਾਲੀਆਂ ਦੇ ਸਭ ਭਰਮ-ਭੁਲੇਖੇ ਦੂਰ ਕਰ ਦੇਵੇਗੀ, ਉਹ ਸਮੁੱਚੇ ਪੰਜਾਬ ਅੰਦਰ ਮਹਿਲਾਵਾਂ ਨੂੰ ਅਕਾਲੀ ਦਲ ਦੀ ਸਿਧਾਂਤਕ ਲੜਾਈ 'ਚ ਇਕ ਪਲੇਟਫਾਰਮ 'ਤੇ ਲਾਮਬੰਦ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣਗੇ।
ਇਸ ਮੌਕੇ ਗੀਤਾ ਸ਼ਰਮਾ, ਬਿੱਲੂ ਖੰਡੇਵਾਦ, ਗੁਰਜੰਟ ਸਿੰਘ ਢੀਂਡਸਾ, ਯੂਥ ਆਗੂ ਆਸ਼ੂ ਜਿੰਦਲ, ਗੁਰਮੀਤ ਸਿੰਘ ਖਾਈ ਤੋਂ ਇਲਾਵਾ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।