ਵਿਧਾਇਕ ਦੱਤੀ ਨੇ ਬੀ. ਆਰ. ਟੀ. ਸੀ. ਪ੍ਰਾਜੈਕਟ ਦਾ ਮੁੱਦਾ ਵਿਧਾਨ ਸਭਾ ਵਿਚ ਉਠਾਇਆ

03/27/2018 10:26:29 AM

ਅੰਮ੍ਰਿਤਸਰ (ਵਾਲੀਆ) : ਅੱਜ ਅੰਮ੍ਰਿਤਸਰ ਹਲਕਾ ਉੱਤਰੀ ਦੇ ਵਿਧਾਇਕ ਸੁਨੀਲ ਦੱਤੀ ਨੇ ਪੰਜਾਬ ਵਿਧਾਨ ਸਭਾ ਵਿਚ 550 ਕਰੋੜ ਰੁਪਏ ਦੀ ਲਾਗਤ ਨਾਲ 2016 ਵਿਚ ਸ਼ੁਰੂ ਹੋਏ ਬੀ. ਆਰ. ਟੀ. ਸੀ. ਪ੍ਰਾਜੈਕਟ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਹ ਬੀ. ਆਰ. ਟੀ. ਸੀ. ਪ੍ਰਾਜੈਕਟ ਅੰਮ੍ਰਿਤਸਰ ਵਾਸੀਆਂ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਅਤੇ ਜ਼ਿਆਦਾਤਰ ਇਲਾਕਿਆਂ ਵਿਚ ਟ੍ਰੈਫਿਕ ਜਾਮ ਦਾ ਕਾਰਨ ਬਣ ਰਿਹਾ ਹੈ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ ਕਿਉਂਕਿ ਇਹ ਪ੍ਰਾਜੈਕਟ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਬਿਨਾਂ ਸੋਚੇ-ਸਮਝੇ ਅਤੇ ਸ਼ਹਿਰ ਵਾਸੀਆਂ ਦਾ ਨਫਾ-ਨੁਕਸਾਨ ਵੇਖੇ ਸ਼ੁਰੂ ਕੀਤਾ ਸੀ। ਪਿਛਲੇ  ਸਾਲ ਜਦੋਂ ਇਹ ਪ੍ਰਾਜੈਕਟ ਤਿਆਰ ਹੋ ਰਿਹਾ ਸੀ ਤਾਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਜਦੋਂ ਇਹ ਪ੍ਰਾਜੈਕਟ ਤਿਆਰ ਹੋ ਕੇ ਸ਼ੁਰੂ ਹੋਇਆ ਤਾਂ ਇਸ ਦਾ ਨਤੀਜਾ ਜ਼ੀਰੋ ਰਿਹਾ, ਲੋਕਾਂ ਦੀਆਂ ਪ੍ਰੇਸ਼ਾਨੀਆਂ ਘਟਣ ਦੀ ਥਾਂ ਹੋਰ ਵੱਧ ਗਈਆਂ। ਲੋਕਾਂ ਦੇ ਕਾਰੋਬਾਰ ਤਬਾਹ ਹੋ ਗਏ, ਟ੍ਰੈਫਿਕ ਦੀ ਸਮੱਸਿਆ ਬਹੁਤ ਵੱਧ ਗਈ। ਉਨ੍ਹਾਂ ਕਿਹਾ ਕਿ 31 ਕਿਲੋਮੀਟਰ ਲੰਬੇ ਇਸ ਪ੍ਰਾਜੈਕਟ ਵਿਚ ਚੱਲੀਆਂ 92 ਬੱਸਾਂ ਉਸੇ ਤਰ੍ਹਾਂ ਹੀ ਖੜ੍ਹੀਆਂ ਹਨ ਜਿਹੜੀਆਂ 8-9 ਚੱਲ ਰਹੀਆਂ ਹਨ, ਉਸ 'ਤੇ ਵੀ ਕੋਈ ਸਵਾਰੀ ਨਹੀਂ ਹੁੰਦੀ। ਲੋਕ ਗਰਿੱਲਾਂ ਨੂੰ ਤੋੜ ਕੇ ਰਸਤੇ ਬਣਾ ਰਹੇ ਹਨ ਅਤੇ ਗਰਿੱਲਾਂ ਲੈ ਕੇ ਜਾ ਰਹੇ ਹਨ। ਵਿਚਕਾਰ ਵਾਲੀ ਸੜਕ ਬਿਲਕੁਲ ਖਾਲੀ ਹੁੰਦੀ ਹੈ ਜਦਕਿ ਆਸੇ-ਪਾਸੇ ਦੀਆਂ ਸੜਕਾਂ 'ਤੇ ਜਾਮ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਜਲਦੀ ਹੀ ਕੋਈ ਫੈਸਲਾ ਲਿਆ ਜਾਵੇ ਕਿ ਇਹ ਪ੍ਰਾਜੈਕਟ ਚਲਾਉਣਾ ਹੈ ਜਾਂ ਨਹੀਂ। ਇਸ ਮੌਕੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਪ੍ਰਾਜੈਕਟ ਸਬੰਧੀ ਜਲਦੀ ਹੀ ਇਕ ਕਮੇਟੀ ਕਾਇਮ ਕੀਤੀ ਜਾਵੇਗੀ, ਜੋ ਕਿ ਜਲਦੀ ਹੀ ਇਸ ਬਾਰੇ ਕੋਈ ਠੋਸ ਫੈਸਲਾ ਲਵੇਗੀ ਕਿਉਂਕਿ ਕੋਈ ਵੀ ਪ੍ਰਾਜੈਕਟ ਸਿਰਫ ਲੋਕਾਂ ਦੀ ਭਲਾਈ ਅਤੇ ਸਹੂਲਤ ਲਈ ਹੀ ਸ਼ੁਰੂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੇ ਵਿਧਾਇਕ ਦੇ ਨਾਲ-ਨਾਲ ਅੰਮ੍ਰਿਤਸਰ ਦੇ ਸਾਬਕਾ ਮੇਅਰ ਵੀ ਰਹਿ ਚੁੱਕੇ ਹਨ। ਇਸ ਲਈ ਜਿਹੜੀ ਕਮੇਟੀ ਬਣੇਗੀ, ਉਸ ਵਿਚ ਉਨ੍ਹਾਂ ਪਾਸੋਂ ਖਾਸ ਤੌਰ 'ਤੇ ਸੁਝਾਅ ਲੈ ਕੇ ਹੀ ਕੋਈ ਫੈਸਲਾ ਕੀਤਾ ਜਾਵੇਗਾ।


Related News