ਪੰਜਾਬ ਪੁਲਸ ਸਖ਼ਤ, ਵਾਹਨ ਚਲਾਉਣ ਵਾਲੇ ਨਾਬਾਲਗਾਂ ਤੇ ਮਾਪਿਆਂ ''ਤੇ ਅੱਜ ਤੋਂ ਕੱਸਿਆ ਜਾਵੇਗਾ ਸ਼ਿਕੰਜਾ

Thursday, Aug 01, 2024 - 03:13 PM (IST)

ਪੰਜਾਬ ਪੁਲਸ ਸਖ਼ਤ, ਵਾਹਨ ਚਲਾਉਣ ਵਾਲੇ ਨਾਬਾਲਗਾਂ ਤੇ ਮਾਪਿਆਂ ''ਤੇ ਅੱਜ ਤੋਂ ਕੱਸਿਆ ਜਾਵੇਗਾ ਸ਼ਿਕੰਜਾ

ਗੁਰਦਾਸਪੁਰ (ਹਰਮਨ)-ਪੰਜਾਬ ਅੰਦਰ ਸੜਕ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਪੁਲਸ ਵੱਲੋਂ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਤੋਂ ਬਾਅਦ ਹੁਣ 1 ਅਗਸਤ ਤੋਂ ਪੁਲਸ ਵੱਲੋਂ ਮੋਟਰ ਵ੍ਹੀਕਲ ਸੋਧ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤਹਿਤ ਹੁਣ ਵੱਖ-ਵੱਖ ਸੜਕਾਂ ’ਤੇ ਦੋਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਵਾਲੇ ਨਾਬਾਲਗ ਬੱਚਿਆਂ ਨੂੰ ਕਾਬੂ ਕਰ ਕੇ ਪੁਲਸ ਵੱਲੋਂ ਬੱਚਿਆਂ ਦੇ ਮਾਪਿਆਂ ਖ਼ਿਲਾਫ਼ ਵੀ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇਗਾ। ਬੱਚਿਆਂ ਵੱਲੋਂ ਵਾਹਨ ਚਲਾਏ ਜਾਣ ਦੇ ਖ਼ਤਰਨਾਕ ਰੁਝਾਨ ਨੂੰ ਰੋਕਣ ਲਈ ਸਖ਼ਤੀ ਕਰਨ ਤੋਂ ਪਹਿਲਾਂ ਪੁਲਸ ਨੇ ਜੁਲਾਈ ਮਹੀਨੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੀ ਚਲਾਈ ਸੀ, ਜਿਸ ਤਹਿਤ ਸਕੂਲਾਂ, ਕਾਲਜਾਂ ਤੇ ਹੋਰ ਜਨਤਕ ਥਾਵਾਂ ’ਤੇ ਪਹੁੰਚ ਕਰ ਕੇ ਥਾਣਾ ਮੁਖੀਆਂ ਤੇ ਪੁਲਸ ਦੀਆਂ ਟੀਮਾਂ ਨੇ ਲੋਕਾਂ ਨੂੰ ਮੋਟਰ ਵ੍ਹੀਕਲ ਸੋਧ ਐਕਟ ਅਤੇ ਇਸ ਦੇ ਸੈਕਸ਼ਨ 199-ਏ ਬਾਰੇ ਵਿਸਥਾਰਪੂਰਵਕ ਜਾਗਰੂਕ ਵੀ ਕੀਤਾ ਹੈ।

ਇਥੇ ਇਹ ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਨਾਬਾਲਗ ਬੱਚਿਆਂ ਵੱਲੋਂ ਦੋਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਮੌਕੇ ਹਾਦਸਾਗ੍ਰਸਤ ਹੋਣ ਦੇ ਕਈ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਅਜਿਹੇ ਹਾਦਸੇ ਬੱਚਿਆਂ ਦੀ ਖੁਦ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਦੇ ਨਾਲ-ਨਾਲ ਸੜਕਾਂ ’ਤੇ ਆਉਣ-ਜਾਣ ਵਾਲੇ ਹੋਰ ਲੋਕਾਂ ਦੀ ਜਾਨ-ਮਾਲ ਦਾ ਖੌਅ ਵੀ ਬਣਦੇ ਹਨ। ਇਥੋਂ ਤੱਕ ਕਿ ਕਈ ਛੋਟੇ ਬੱਚੇ ਚਾਰ ਪਹੀਆ ਵਾਹਨ ਚਲਾਉਣ ਮੌਕੇ ਹਾਦਸੇ ਕਰ ਚੁੱਕੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 2 ਧਿਰਾਂ ਆਪਸ ’ਚ ਭਿੜੀਆਂ, ਚੱਲੀਆਂ ਤਾਬੜਤੋੜ ਗੋਲੀਆਂ

ਇਸ ਕਾਰਨ ਸਰਕਾਰ ਵੱਲੋਂ ਮੋਟਰ ਵ੍ਹੀਕਲ ਐਕਟ ’ਚ ਸੋਧ ਕੀਤੀ ਗਈ ਸੀ ਅਤੇ ਇਹ ਵਿਵਸਥਾ ਕੀਤੀ ਗਈ ਸੀ ਕਿ ਜੇਕਰ ਨਾਬਾਲਗ ਬੱਚੇ ਦੋਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦੇ ਹਨ ਤਾਂ ਉਨ੍ਹਾਂ ਦੇ ਮਾਪਿਆਂ/ਵਾਹਨਾਂ ਦੇ ਮਾਲਕਾਂ ਨੂੰ ਕਾਨੂੰਨੀ ਸ਼ਿਕੰਜੇ ’ਚ ਲੈ ਕੇ 3 ਸਾਲ ਦੀ ਸਜ਼ਾ ਅਤੇ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਕਾਰਨ ਜੁਲਾਈ ਮਹੀਨੇ ਪੰਜਾਬ ਪੁਲਸ ਦੇ ਟ੍ਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਨੇ ਸੂਬੇ ਦੇ ਪੁਲਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਜੇਕਰ ਬੱਚੇ ਦੋਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਹੋਏ ਕਾਬੂ ਆਏ ਤਾਂ ਉਨ੍ਹਾਂ ਦੇ ਮਾਪਿਆਂ ਨੂੰ 1 ਅਗਸਤ ਤੋਂ ਮੋਟਰ ਵ੍ਹੀਕਲ (ਸੋਧ) ਐਕਟ 2019 ਤਹਿਤ ਕਾਨੂੰਨੀ ਕਾਰਵਾਈ ਦੇ ਘੇਰੇ ’ਚ ਲਿਆਂਦਾ ਜਾਵੇਗਾ।

ਇਸ ਮੰਤਵ ਲਈ ਸਾਰੇ ਪੁਲਸ ਕਮਿਸ਼ਨਰਾਂ ਅਤੇ ਪੁਲਸ ਦੇ ਸੀਨੀਅਰ ਸੁਪਰਡੈਂਟਾਂ (ਐੱਸ. ਐੱਸ. ਪੀਜ਼) ਨੂੰ ਪੱਤਰ ਲਿਖ ਕੇ ਵਧੀਕ ਪੁਲਸ ਡਾਇਰੈਕਟਰ ਜਨਰਲ (ਟ੍ਰੈਫਿਕ ਅਤੇ ਸੜਕ ਸੁਰੱਖਿਆ) ਨੇ ਜੁਲਾਈ ਦੇ ਆਖਿਰ ਤੱਕ ਜਾਗਰੂਕਤਾ ਮੁਹਿੰਮ ਚਲਾਉਣ ਲਈ ਕਿਹਾ ਸੀ। ਇਸ ਤੋਂ ਬਾਅਦ ਗੁਰਦਾਸਪੁਰ ਸਮੇਤ ਸਮੁੱਚੇ ਪੰਜਾਬ ਅੰਦਰ ਪੁਲਸ ਨੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਹੁਣ ਪੁਲਸ ਵੱਲੋਂ 1 ਅਗਸਤ ਤੋਂ ਲਾਇਸੈਂਸ ਤੋਂ ਬਗੈਰ ਵਾਹਨ ਚਲਾਉਣ ਵਾਲੇ ਬੱਚਿਆਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ।

ਇਹ ਵੀ ਪੜ੍ਹੋ- 25 ਸਾਲਾ ਨੌਜਵਾਨ ਦਾ ਸ਼ਰਮਨਾਕ ਕਾਰਾ, 2 ਸਾਲ ਦੀ ਮਾਸੂਮ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਕੀ ਕਹਿਣੈ ਡੀ. ਆਈ. ਜੀ. ਬਾਰਡਰ ਰੇਂਜ ਦਾ

ਇਸ ਸਬੰਧ ’ਚ ਪੰਜਾਬ ਪੁਲਸ ਦੇ ਬਾਰਡਰ ਰੇਂਜ ਦੇ ਡੀ. ਆਈ. ਜੀ. ਰਾਕੇਸ਼ ਕੌਸ਼ਲ ਆਈ. ਪੀ. ਐੱਸ. ਨੇ ਕਿਹਾ ਕਿ ਵੈਸੇ ਤਾਂ ਲਾਇਸੈਂਸ ਤੋਂ ਬਗੈਰ ਕੋਈ ਵੀ ਵਿਅਕਤੀ ਕੋਈ ਵਾਹਨ ਨਹੀਂ ਚਲਾ ਸਕਦਾ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਪੁਲਸ ਵੱਲੋਂ ਪਹਿਲਾਂ ਹੀ ਅਜਿਹੇ ਵਾਹਨ ਚਾਲਕਾਂ ਨੂੰ ਰੋਕ ਕੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਪਰ ਜਿੱਥੋਂ ਤੱਕ ਬੱਚਿਆਂ ਦੇ ਵਾਹਨ ਚਲਾਉਣ ਦੀ ਗੱਲ ਹੈ, ਇਹ ਰੁਝਾਨ ਸਿਰਫ ਗੈਰ-ਕਾਨੂੰਨੀ ਹੀ ਨਹੀ ਸਗੋਂ ਬੇਹੱਦ ਚਿੰਤਾਜਨਕ ਵੀ ਹੈ ਕਿਉਂਕਿ ਬੱਚੇ ਮਾਨਸਿਕ ਅਤੇ ਸਰੀਰਕ ਪੱਖੋਂ ਵਾਹਨ ਚਲਾਉਣ ਦੇ ਪੂਰੀ ਤਰ੍ਹਾਂ ਸਮਰੱਥ ਨਹੀਂ ਹੁੰਦੇ।

ਇਹ ਵੀ ਪੜ੍ਹੋ- ਅਮਰੀਕਾ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਪਰਿਵਾਰ ਦਾ ਇਕੋ-ਇਕ ਸਹਾਰਾ ਸੀ ਮਲਕੀਤ

ਇਸੇ ਕਾਰਨ ਕਈ ਵਾਰ ਅਜਿਹੇ ਬੱਚਿਆਂ ਵੱਲੋਂ ਚਲਾਏ ਜਾ ਰਹੇ ਵਾਹਨ ਕਈ ਦਰਦਨਾਕ ਹਾਦਸਿਆਂ ਨੂੰ ਜਨਮ ਦਿੰਦੇ ਹਨ। ਅਜਿਹੇ ਦੁਖਾਂਤਾਂ ਨੂੰ ਰੋਕਣ ਲਈ ਹੀ ਪੁਲਸ ਵੱਲੋਂ ਮੋਟਰ ਵ੍ਹੀਕਲ ਸੋਧ ਐਕਟ ਨੂੰ ਸਖ਼ਤੀ ਤੇ ਸੰਜੀਦਗੀ ਨਾਲ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਤਾਂ ਜੋ ਪੁਲਸ ਨੂੰ ਸਖ਼ਤੀ ਕਰਨ ਦੀ ਲੋੜ ਹੀ ਨਾ ਪਵੇ।

ਉਨ੍ਹਾਂ ਹੋਰ ਲੋਕਾਂ ਅਤੇ ਵੱਖ-ਵੱਖ ਵਾਹਨ ਚਲਾਉਣ ਵਾਲੇ ਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੀ ਅਤੇ ਹੋਰਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਵਾਜਾਈ ਨਿਯਮਾਂ ਦੀ ਪਾਲਣਾ ਨੂੰ ਹਾਰ ਹਾਲਤ ’ਚ ਯਕੀਨੀ ਬਣਾਉਣ ਅਤੇ ਜੇਕਰ ਕਿਸੇ ਨੂੰ ਨਿਯਮਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੈ, ਉਹ ਬਿਨਾਂ ਦੇਰੀ ਇਨ੍ਹਾਂ ਬਾਰੇ ਜਾਣਕਾਰੀ ਹਾਸਲ ਕਰੇ। ਖਾਸ ਤੌਰ ’ਤੇ ਸੜਕ ’ਤੇ ਲਾਏ ਜਾਣ ਵਾਲੇ ਸਾਈਨ ਬੋਰਡਾਂ ਬਾਰੇ ਹਰੇਕ ਵਾਹਨ ਚਾਲਕ ਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News