ਚੋਣਾਂ ਵੇਲੇ ਖੁਸ਼ੀ-ਗਮੀ ਦੇ ਮੌਕੇ ਪੈਰ ਮਿੱਧ-ਮਿੱਧ ਕੇ ਮੂਹਰੇ ਨਿਕਲਣ ਵਾਲੇ ਆਗੂ ਹੁਣ ਲੱਭੇ ਨਹੀਂ ਥਿਆਉਂਦੇ

Monday, Aug 28, 2023 - 06:05 PM (IST)

ਚੋਣਾਂ ਵੇਲੇ ਖੁਸ਼ੀ-ਗਮੀ ਦੇ ਮੌਕੇ ਪੈਰ ਮਿੱਧ-ਮਿੱਧ ਕੇ ਮੂਹਰੇ ਨਿਕਲਣ ਵਾਲੇ ਆਗੂ ਹੁਣ ਲੱਭੇ ਨਹੀਂ ਥਿਆਉਂਦੇ

ਬਾਘਾ ਪੁਰਾਣਾ (ਚਟਾਨੀ) : ਚੋਣਾਂ ਮੌਕੇ ਜਿਹੜੇ ਆਗੂ ਲੋਕਾਂ ਦੇ ਦੁੱਖ-ਸੁੱਖ ’ਚ ਸ਼ਰੀਕ ਹੋਣ ਲਈ ਇਕ-ਦੂਜੇ ਆਗੂ ਦੇ ਪੈਰ ਮਿੱਧ ਕੇ ਮੂਹਰੇ ਜਾਂਦੇ ਵੇਖੇ ਗਏ ਸਨ, ਉਨ੍ਹਾਂ ’ਚੋਂ ਹੁਣ ਇਕ-ਦੋ ਪਾਰਟੀਆਂ ਨੂੰ ਛੱਡ ਕੇ ਬਾਕੀ ਪਾਰਟੀਆਂ ਦੇ ਆਗੂ ਵੋਟਰਾਂ ਦੇ ਪਰਿਵਾਰਾਂ ਦੇ ਵਿਹੜਿਆਂ ’ਚ ਦਿਖਾਈ ਤੱਕ ਨਹੀਂ ਦਿੰਦੇ। ਸੁਣਿਆ ਅਤੇ ਦੇਖਿਆ ਗਿਆ ਸੀ ਕਿ ਚੋਣਾਂ ਦੇ ਭਖੇ ਸਿਆਸੀ ਮੈਦਾਨ ਦੌਰਾਨ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੇ ਹਰ ਗਲੀ-ਮੁਹੱਲੇ, ਪਿੰਡ-ਸ਼ਹਿਰ ਵਿਚਲੇ ਆਪਣੇ ਛੋਟੇ-ਛੋਟੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ ਕਿ ਜੇਕਰ ਉਨ੍ਹਾਂ ਦੇ ਗਲੀ ਗੁਆਂਢ ’ਚ ਕੋਈ ਅਣਹੋਣੀ ਵਾਪਰੇ ਜਾਂ ਕੋਈ ਖੁਸ਼ੀ- ਖੇੜਾ ਹੋਵੇ ਤਾਂ ਉਹ ਤੁਰੰਤ ਉਸ ਨੂੰ (ਪਾਰਟੀ ਉਮੀਦਵਾਰ) ਸੂਚਿਤ ਕਰੇ ਤਾਂ ਜੋ ਉਹ ਬਾਕੀ ਸਾਰੇ ਰੁਝੇਵੇਂ ਛੱਡ ਕੇ ਖੁਸ਼ੀ ਗਮੀ ’ਚ ਬਿਨਾਂ ਦੇਰੀ ਸ਼ਰੀਕ ਹੋ ਸਕੇ। ਕਈ ਮੌਕੇ ਤਾਂ ਅਜਿਹੇ ਵੀ ਦੇਖੇ ਗਏ ਕਿ ਜੇਕਰ ਕੋਈ ਵਰਕਰ ਪਾਰਟੀ ਉਮੀਦਵਾਰ ਤੱਕ ਅਜਿਹੀ ਸੂਚਨਾ ਦੇਣ ਤੋਂ ਖੁੰਝ ਗਿਆ ਹੁੰਦਾ ਤਾਂ ਉਸ ਨੂੰ ਉਮੀਦਵਾਰ ਦੀਆਂ ਝਿੜਕਾਂ ਦਾ ਸ਼ਿਕਾਰ ਵੀ ਹੋਣਾ ਪੈਂਦਾ ਸੀ। ਲੋਕ ਹੁਣ ਅਜਿਹਾ ਆਖਦੇ ਆਮ ਹੀ ਸੁਣੇ ਜਾਂਦੇ ਹਨ ਕਿ ਜਿਹੜੇ ਆਗੂ ਕਿਸੇ ਵੋਟਰ ਦੇ ਕੰਡਾ ਚੁੱਭ ਜਾਣ ’ਤੇ ਵੀ ਭੱਜ ਕੇ ਵੋਟਰ ਦਾ ਪਤਾ ਲੈਣ ਲਈ ਤੁਰੰਤ ਉਸ ਦੇ ਬੂਹੇ ’ਤੇ ਦਸਤਕ ਦਿੰਦੇ ਸਨ, ਉਹ ਹੁਣ ਕਿਸੇ ਵੋਟਰ ਦੇ ਘਰ ਡੂੰਘਾ ਮਾਤਮ ਛਾ ਜਾਣ ’ਤੇ ਵੀ ਉਸ ਦੇ ਘਰ ਜਾਣਾ ਮੁਨਾਸਿਬ ਨਹੀਂ ਸਮਝਦੇ। ਭਾਵੇਂ ਹੁਣ ਗਲੀ ਮੁਹੱਲੇ ਦੇ ਵਰਕਰ ਫੋਨ ਕਰਨ ਦੀ ਬਜਾਏ ਆਗੂ ਦੇ ਘਰ ਜਾ ਕੇ ਉਸ ਨੂੰ ਨਿੱਜੀ ਤੌਰ ’ਤੇ ਸੁਨੇਹਾ ਵੀ ਕਿਉਂ ਨਾ ਦੇ ਦੇਣ। ਸੂਝਵਾਨ ਸਿਆਸੀ ਲੋਕਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਚੋਣਾਂ ਦੌਰਾਨ ਕਈ ਉਮੀਦਵਾਰ ਤਾਂ ਪੀੜਤ ਵੋਟਰ ਦਾ ਵੱਡੇ-ਵੱਡੇ ਹਸਪਤਾਲਾਂ ਤੱਕ ਵੀ ਪਤਾ ਲੈਣ ਲਈ ਪੁੱਜ ਜਾਂਦੇ ਸਨ ਪਰ ਅਜਿਹਾ ਤਦ ਹੀ ਹੁੰਦਾ ਸੀ ਜਦ ਹਸਪਤਾਲ ਵਿਚ ਪਏ ਵਿਅਕਤੀ ਦੇ ਹੱਥ ’ਚ ਵੋਟਾਂ ਦਾ ਗੱਫਾ ਹੁੰਦਾ ਸੀ। ਲੋਕਾਂ ਦੇ ਦੱਸਣ ਮੁਤਾਬਕ ਪਾਰਟੀਆਂ ਕਈ ਆਗੂ ਤਾਂ ਹੁਣ ਵੀ ਲੋਕਾਂ ਦੀਆਂ ਖੁਸ਼ੀਆਂ-ਗ਼ਮੀਆਂ ’ਚ ਸ਼ਰੀਕ ਹੁੰਦੇ ਆਮ ਹੀ ਦੇਖੇ ਜਾ ਰਹੇ ਹਨ ਪਰ ਇਕ ਦੋ ਆਗੂ ਅਜਿਹੇ ਹਨ ਜੋ ਕਿਧਰੇ ਨਜ਼ਰ ਤੱਕ ਵੀ ਨਹੀਂ ਆਉਂਦੇ। ਸੂਝਵਾਨ ਵੋਟਰਾਂ ਵੱਲੋਂ ਥਾਂ-ਥਾਂ ਕੀਤੀ ਜਾ ਰਹੀ ਚੁੰਝ ਚਰਚਾ ਦੌਰਾਨ ਮੌਕਾ ਪ੍ਰਸਤੀ ਵਾਲੇ ਅਜਿਹੇ ਰੁਝਾਨ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਜਾ ਰਿਹਾ ਹੈ ਕਿ ਵੋਟਾਂ ਬਟੋਰਨ ਵਾਲੇ ਅਜਿਹੇ ਨਾਟਕਕਾਰਾਂ ਦੇ ਨਾਟਕਾਂ ਤੋਂ ਹੁਣ ਸੁਚੇਤ ਹੋਣਾ ਸਮੇਂ ਦੀ ਮੁੱਖ ਲੋੜ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਇਨ੍ਹਾਂ ਸ਼ਹਿਰਾਂ ’ਚ ਸ਼ੁਰੂ ਕੀਤੇ ਜਾਣਗੇ ਆਮ ਆਦਮੀ ਕਲੀਨਿਕ

ਵੋਟਾਂ ਸਮੇਂ ਜਜ਼ਬਾਤਾਂ ਨਾਲ ਖੇਡਣ ਵਾਲੇ ਹੁਣ ਕਿਉਂ ਹੋ ਗਏ ਨੇ ਅਲੋਪ
ਸਿਆਸੀ ਲੋਕਾਂ ਦੀਆਂ ਸ਼ੈਤਾਨੀਆਂ ਦੀ ਧੁਰ ਅੰਦਰ ਤੱਕ ਸਮਝ ਰੱਖਣ ਵਾਲੇ ਗੰਭੀਰ ਚਿੰਤਕਾਂ ਨੇ ਕਿਹਾ ਕਿ ਜਿਹੜੇ ਸਿਆਸੀ ਨੇਤਾ ਚੋਣਾਂ ਮੌਕੇ ਸ਼ਮਸ਼ਾਨ ਘਾਟ ’ਚ ਸਸਕਾਰ ਮੌਕੇ ਅੱਧਾ-ਅੱਧਾ ਘੰਟਾ ਪਹਿਲਾਂ ਪੁੱਜ ਜਾਂਦੇ ਸਨ ਅਤੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਈ ਭੀੜ ਨੂੰ ਚੀਰ-ਚੀਰ ਕੇ ਪੀੜਤ ਪਰਿਵਾਰ ਕੋਲ ਹਾਜ਼ਰੀ ਲਵਾਉਣ ਲਈ ਕਾਹਲੇ ਹੁੰਦੇ ਸਨ। ਉਨ੍ਹਾਂ ਆਗੂਆਂ ਦੀ ਹੁਣ ਅਜਿਹੇ ਮੌਕਿਆਂ ਉੱਪਰ ਕਦੇ ਕਦਾਂਈ ਵਾਲੀ ਹਾਜ਼ਰੀ ਸਪੱਸ਼ਟ ਕਰਦੀ ਹੈ ਕਿ ਉਹ ਵੋਟਾਂ ਦੀ ਪ੍ਰਾਪਤੀ ਲਈ ਚੋਣਾਂ ਮੌਕੇ ਜਜ਼ਬਾਤਾਂ ਨਾਲ ਖੇਡਦੇ ਰਹੇ। ਖੁਸ਼ੀਆਂ ਦੇ ਮੌਕਿਆਂ ਉਪਰ ਵੀ ਹੁਣ ਅਜਿਹੇ ਆਗੂ ਪਰਿਵਾਰਾਂ ਨੂੰ ਵਧਾਈ ਦੇਣ ਤੋਂ ਵੀ ਪਾਸਾ ਵੱਟਦੇ ਨਜ਼ਰ ਆਉਂਦੇ ਹਨ।

ਇਹ ਵੀ ਪੜ੍ਹੋ : ਡਿਗਰੀ ਤੋਂ ਪਹਿਲਾਂ ਮਿਲੇ ਜੌਬ ਲੈਟਰ- ਯੂਥ ਦੇ ਉੱਜਵਲ ਭਵਿੱਖ ਲਈ ਵਿਕਸਤ ਦੇਸ਼ਾਂ ਦੀ ਤਰਜ਼ ’ਤੇ ਬਣਨ ‘ਨੀਤੀਆਂ’

ਕੰਡਾ ਚੁੱਭਣ ਮੌਕੇ ਵੀ ਪਤਾ ਲੈਣ ਵਾਲੇ ਹੁਣ ਵੱਡੇ ਹਾਦਸੇ ਵੇਲੇ ਵੀ ਨਹੀਂ ਦਿਸਦੇ
ਲੋਕਾਂ ਨੇ ਕਿਹਾ ਕਿ ਸਿਆਸੀ ਲੋਕਾਂ ਦੀਆਂ ਚਤੁਰ-ਚਲਾਕੀਆਂ ਇੱਥੋਂ ਤੱਕ ਪੁੱਜ ਗਈਆਂ ਹਨ ਕਿ ਉਹ ਚੋਣਾਂ ਦੌਰਾਨ ਤਾਂ ਵੋਟਰ ਦੇ ਕੰਡਾ ਚੁੱਭ ਜਾਣ ’ਤੇ ਵੀ ਉਸਦੀ ਸਾਰ ਲੈਣ ਲਈ ਦੋ-ਦੋ ਗੇੜੇ ਮਾਰ ਜਾਂਦੇ ਸਨ। ਪਰੰਤੂ ਹੁਣ ਕਿਸੇ ਵੋਟਰ ਦੇ ਨਾਲ ਵਾਪਰਦੀਆਂ ਵੱਡੀਆਂ ਅਤੇ ਨਾਸਹਿਣਯੋਗ ਘਟਨਾਵਾਂ ਨੂੰ ਵੀ ਨਜ਼ਰਅੰਦਾਜ਼ ਕਰਦੇ ਆਮ ਹੀ ਦੇਖੇ ਜਾਂਦੇ ਹਨ ਪਰ ਲੋਕਾਂ ਨੇ ਇਹ ਜ਼ਰੂਰ ਕਿਹਾ ਕਿ ਇਕ-ਦੋ ਵੱਡੀਆਂ ਸਿਆਸੀ ਪਾਰਟੀਆਂ ਦੇ ਨੇਤਾ ਤਾਂ ਪਹਿਲਾਂ ਵਾਂਗ ਹੀ ਲੋਕਾਂ ਨਾਲ ਆਪਣੀ ਸਮਾਜਿਕ ਸਾਂਝ ਜਿਵੇਂ ਦੀ ਤਿਵੇਂ ਬਰਕਰ ਰੱਖ ਰਹੇ ਹਨ ਪਰ ਕਈ ਪਾਰਟੀਆਂ ਦੇ ਨੇਤਾਵਾਂ ਵੱਲੋਂ ਵਕਤੀ ਤੌਰ ’ਤੇ ਬਣਾਈ ਗਈ ਵੋਟਾਂ ਬਟੋਰਨ ਵਾਲੀ ਅਖੌਤੀ ਸਮਾਜਿਕ ਸਾਂਝ ਹੁਣ ਤੰਦ-ਤੰਦ ਹੋ ਗਈ ਹੈ।

ਇਹ ਵੀ ਪੜ੍ਹੋ : ਮੁਰਗੇ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ, 25 ਦਿਨਾਂ ’ਚ 100 ਰੁਪਏ ਪ੍ਰਤੀ ਕਿਲੋ ਦੀ ਤੇਜ਼ੀ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News