ਦੇਸ਼ 'ਤੇ ਰਾਜ ਕਰਨ ਵਾਲੇ ਆਗੂ ਪਿੱਟ ਰਹੇ ਨੇ ਵਿਕਾਸ ਦਾ ਢਿੰਡੋਰਾ : ਪਰਮਜੀਤ ਕੌਰ

05/13/2021 9:11:57 PM

ਭਵਾਨੀਗੜ੍ਹ /ਨਵੀਂ ਦਿੱਲੀ,(ਕਾਂਸਲ)- ਨਵੇਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਟਿਕਰੀ ਹੱਦ 'ਤੇ ਪਕੌੜਾ ਚੌਕ ਨੇੜੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਸਟੇਜ ਦੀ ਸ਼ੁਰੂਆਤ ਜਥੇਬੰਦੀ ਦੇ ਨਿਯਮਾਂ ਅਨੁਸਾਰ ਔਰਤਾਂ ਭੈਣਾਂ ਨੇ ਬਾਖੂਬੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਔਰਤ ਵਿੰਗ ਦੀ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਉਂਦਿਆਂ ਔਰਤ ਮਹਿਲਾ ਕਮਿਸ਼ਨ ਵੱਲੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਮੋਰਚੇ ਵਿੱਚ ਔਰਤਾਂ ਦੀ ਸੁਰੱਖਿਆ ਸਬੰਧੀ ਉਠਾਏ ਸਵਾਲ ਸਬੰਧੀ ਕਿਹਾ ਕਿ ਭਾਵੇਂ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨੂੰ ਦਾਬੇ ਹੇਠ ਰੱਖਿਆ ਜਾਂਦਾ ਹੈ ਅਤੇ ਔਰਤਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਪਰ ਸਾਡੀ ਜਥੇਬੰਦੀ ਦੇ ਆਗੂ ਇਨ੍ਹਾਂ ਨੂੰ ਦੂਰ ਕਰਨ ਲਈ ਸਦਾ ਹੀ ਯਤਨਸ਼ੀਲ ਰਹਿੰਦੇ ਹਨ। ਔਰਤ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਇਸ ਜਥੇਬੰਦੀ ਦੀ ਅਗਵਾਈ ਵਿੱਚ ਕੰਮ ਕਰਕੇ ਕਿਸੇ ਵੀ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਸਾਨੂੰ ਸਮਾਜ ਵਿੱਚ ਮਰਦਾਂ ਦੇ ਬਰਾਬਰ ਦਾ ਮਾਣ ਸਨਮਾਨ ਮਿਲ ਰਿਹਾ ਹੈ। ਦਿੱਲੀ ਵਿਖੇ ਚੱਲ ਰਹੇ ਮੋਰਚੇ  ਨੂੰ 6 ਮਹੀਨੇ ਹੋਣ ਵਾਲੇ ਹਨ। ਇਸ ਮੋਰਚੇ 'ਚ ਹਜ਼ਾਰਾਂ ਦੀ ਗਿਣਤੀ 'ਚ ਔਰਤਾਂ ਲਗਾਤਾਰ ਸ਼ਾਮਲ ਹੋ ਰਹੀਆ ਹਨ। ਉਨ੍ਹਾਂ ਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸੇ ਕਰਕੇ ਪੰਜਾਬ ਵਿੱਚ ਦਹਾਕਿਆਂ ਤੋਂ ਔਰਤਾਂ ਇਸ ਜਥੇਬੰਦੀ ਵਿੱਚ ਸ਼ਾਮਲ ਵੀ ਹੁੰਦੀਆਂ ਰਹੀਆਂ ਹਨ ਅਤੇ ਘੋਲਾਂ ਦੀ ਅਗਵਾਈ ਵੀ ਕਰਦੀਆਂ ਹਨ। ਮੋਰਚਿਆਂ ਵਿੱਚ ਸ਼ਾਮਲ ਹੋ ਕੇ ਸਟੇਜਾ ਦੇ ਪੰਡਾਲਾਂ ਵਿੱਚ ਪਹੁੰਚ ਕੇ ਸਕੂਲਾਂ ਦੀ ਤਰ੍ਹਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
ਬਠਿੰਡਾ ਜ਼ਿਲ੍ਹੇ ਦੀ ਆਗੂ ਪਰਮਜੀਤ ਕੌਰ ਕੌਟੜਾ ਨੇ ਕਿਹਾ ਇਹ ਲੜਾਈ ਦਾ ਮੁੱਢ ਪੰਜਾਬ ਦੇ ਪਿੰਡਾਂ ਤੋਂ ਸ਼ੁਰੂ ਹੋ ਕੇ ਬਾਦਲ ਦੇ ਪਿੰਡ ਅਤੇ ਪਟਿਆਲੇ ਵਿਖੇ ਲੱਗੇ ਮੋਰਚੇ ਤੋਂ ਬੰਨ੍ਹਿਆ ਗਿਆ। ਕਿਸਾਨਾਂ ਅਤੇ ਮਜ਼ਦੂਰਾਂ ਦੇ ਏਕੇ ਕਾਰਨ ਹੀ ਰਾਜਨੀਤਿਕ ਲੋਕਾਂ ਨੂੰ ਮਜਬੂਰੀ ਬਸ ਅੰਦੋਲਨ ਦੇ ਹੱਕ 'ਚ ਡੱਕਾ ਸੁੱਟਣਾ ਪੈ ਰਿਹਾ ਹੈ। ਦੇਸ ਤੇ ਰਾਜ ਕਰਨ ਵਾਲੇ ਆਗੂਆਂ ਵਲੋਂ ਚੌੜੀਆਂ ਸੜਕਾਂ ਉੱਚੇ ਪੁਲ ਬਣਾ ਕੇ ਵਿਕਾਸ ਦੇ ਢੰਡੋਰੇ ਪਿੱਟੇ ਜਾ ਰਹੇ ਹਨ ਪਰ ਥਾਂ ਥਾਂ ਟੋਲ ਪਲਾਜ਼ੇ ਲਾ ਕੇ ਲੋਕਾਂ ਦੀ ਭਾਰੀ ਲੁੱਟ ਕੀਤੀ ਜਾ ਰਹੀ ਹੈ। ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਜੋ ਸਾਰੀਆਂ ਚੀਜ਼ਾਂ ਦੀਆ ਕੀਮਤਾ ਵਿੱਚ ਵਾਧਾ ਕਰਦੀਆ ਹਨ। ਇਸ ਕਾਰਨ ਹੀ ਮਹਿੰਗਾਈ ਵਿੱਚ ਵਾਧਾ ਹੁੰਦਾ ਹੈ। ਵੱਡੀਆਂ ਕੰਪਨੀਆਂ ਨੇ ਹੱਥੀ ਕਿਰਤ ਨੂੰ ਖੋਹ ਲੈਣਾ ਹੈ ਅਤੇ ਬੇਰੁਜ਼ਗਾਰੀ ਵਿੱਚ ਬੇਤਹਾਸ਼ਾ ਵਾਧਾ ਹੋਵੇਗਾ। ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਜਿੱਥੇ ਸਾਰੀ ਦੁਨੀਆਂ ਲਈ ਅਨਾਜ ਪੈਦਾ ਹੁੰਦਾ ਹੈ ਅਤੇ ਖੇਤੀ 'ਚ ਵੱਡੀ ਪੱਧਰ ਤੇ ਰੁਜ਼ਗਾਰ ਮਿਲਦਾ ਸੀ ਜੋ ਹੁਣ ਨਿਗੂਣਾ ਹੋ ਗਿਆ ਹੈ। ਸਮਾਜ ਵਿੱਚ ਅੱਧ ਦੀਆਂ ਮਾਲਕ ਸਾਡੀਆ ਮਾਵਾਂ ਭੈਣਾਂ ਨੂੰ ਵੱਡੀ ਗਿਣਤੀ 'ਚ ਅੰਦੋਲਨ ਵਿੱਚ ਆਉਣਾ ਚਾਹੀਦਾ ਹੈ। 
  ਸੀਤਾ ਰਾਣੀ ਭੋਡੀਪੁਰਾ ਨੇ ਕਿਹਾ ਕਿ ਸਾਨੂੰ ਪਰਿਵਾਰਾਂ ਸਮੇਤ ਅੰਦੋਲਨ ਵਿੱਚ ਪਹੁੰਚਣਾ ਚਾਹੀਦਾ ਹੈ। ਸਾਰੇ ਤਬਕਿਆਂ ਨੂੰ ਇਕੱਠੇ ਕਰਨ ਲਈ ਯਤਨ ਜੁਟਾਏ ਜਾਣ ਦੀ ਅਤਿ ਲੋੜ ਹੈ। ਸਰਕਾਰਾ ਵੱਲੋ ਸਕੂਲ ਬੰਦ ਅਤੇ ਸ਼ਰਾਬ ਦੇ ਠੇਕੇ ਖੋਲ੍ਹ ਕੇ ਸਾਡੇ ਬੱਚਿਆਂ ਦੇ ਭਵਿੱਖ ਧੁੰਦਲੇ ਕੀਤੇ ਜਾ ਰਹੇ ਹਨ। ਜਥੇਬੰਦ ਹੋ ਕੇ ਸੰਘਰਸ਼ ਨੂੰ ਤੇਜ਼ ਕਰੋ ਜਿੱਤ ਯਕੀਨੀ ਹੈ।
ਬਲਜੀਤ ਕੌਰ ਮਹਿਣਾ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕਰੋਨਾ ਬਿਮਾਰੀ ਦੀ ਲੋੜੋ ਵੱਧ ਦਹਿਸ਼ਤ ਫੈਲਾ ਕੇ ਅਸਲ ਦੇ ਵਿੱਚ ਚੱਲ ਰਹੇ ਅੰਦੋਲਨ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ ਪਰ ਸਰਕਾਰ ਆਪਣੇ  ਫ਼ਰਜਾਂ ਤੋਂ ਭੱਜ ਰਹੀ ਹੈ। ਚਾਹੀਦਾ ਤਾਂ ਇਹ ਹੈ ਕਿ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਚੰਗੀਆ ਸਿਹਤ ਸਹੂਲਤਾ ਦਾ ਪ੍ਰਬੰਧ ਕੀਤਾ ਜਾਵੇ। ਜਦੋਂ ਰਾਜਨੀਤਕ ਲੋਕ ਵੋਟਾਂ ਮੰਗਣ ਪਿੰਡਾਂ ਵਿੱਚ ਆਉਣਗੇ ਤਾਂ ਲੋਕ ਇਨ੍ਹਾਂ ਨੂੰ ਘੇਰ ਘੇਰ ਕੇ ਸਵਾਲ ਪੁੱਛਣਗੇ।
 ਅੱਜ ਦੀ ਸਟੇਜ ਤੋਂ ਲੋਕ ਪੱਖੀ  ਗਾਇਕ ਜਗਸੀਰ ਜੀਦਾ ਦੀ ਸੰਗੀਤ ਮੰਡਲੀ ਨੇਇਨਕਲਾਬੀ ਬੋਲੀਆਂ ਅਤੇ ਗੀਤ ਗਾ ਕੇ ਮੋਰਚੇ ਵਿੱਚ ਜੋਸ਼ ਦਾ ਰੰਗ ਭਰਿਆ ਅਤੇ ਲੋਕਾਂ ਨੂੰ ਸੰਘਰਸ਼ ਲਈ ਹਲੂਣਾ ਦਿੱਤਾ।


Bharat Thapa

Content Editor

Related News