ਹੁਣ ਆਮ ਆਦਮੀ ਪਾਰਟੀ ਦੇ ਨਵੇਂ ਵਿਧਾਇਕਾਂ ਦੀ ਟਿਊਸ਼ਨ ਕਲਾਸ ਲੈਣਗੇ ਹਾਈਕਮਾਨ ਦੇ ਆਗੂ

03/18/2022 4:25:51 PM

ਜਲੰਧਰ (ਖੁਰਾਣਾ)– ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਵੀ ਆਪਣੀ ਸਰਕਾਰ ਬਣਾਉਣ ਦਾ ਸੁਫ਼ਨਾ ਪੂਰਾ ਕਰ ਲਿਆ ਹੈ ਅਤੇ ਹੁਣ ਇਸ ਪਾਰਟੀ ਦਾ ਅਗਲਾ ਨਿਸ਼ਾਨਾ ਹਿਮਾਚਲ, ਹਰਿਆਣਾ ਅਤੇ ਜੰਮੂ-ਕਸ਼ਮੀਰ ਸੂਬੇ ਦੀਆਂ ਚੋਣਾਂ ਹਨ, ਜਿੱਥੇ ਵੀ ਆਮ ਆਦਮੀ ਪਾਰਟੀ ਆਪਣੀ ਪੂਰੀ ਤਾਕਤ ਨਾਲ ਲੜੇਗੀ ਅਤੇ ਸਰਕਾਰ ਬਣਾਉਣ ਲਈ ਹਰ ਸੰਭਵ ਯਤਨ ਵੀ ਹੋਵੇਗਾ।

ਇਸ ਦੇ ਲਈ ਆਮ ਆਦਮੀ ਪਾਰਟੀ ਨੂੰ ਪੰਜਾਬ ਮਾਡਲ ਬਣਾਉਣਾ ਹੋਵੇਗਾ, ਜਿਸ ਨੂੰ ਪੇਸ਼ ਕਰਕੇ ਹੀ ਪੰਜਾਬ ਦੇ ਗੁਆਂਢੀ ਸੂਬਿਆਂ ਵਿਚ ਸਰਕਾਰ ਬਣਾਉਣ ਬਾਰੇ ਸੋਚਿਆ ਜਾ ਸਕਦਾ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਜਿਹੜੇ 92 ਵਿਧਾਇਕ ਜਿੱਤੇ ਹਨ, ਉਨ੍ਹਾਂ ਵਿਚੋਂ ਕੁਝ ਚਿਹਰੇ ਤਾਂ ਪੁਰਾਣੇ ਹਨ, ਜਿਹੜੀਆਂ ਦੂਜੀਆਂ ਪਾਰਟੀਆਂ ਵਿਚੋਂ ਆਏ ਹਨ ਤੇ ਕੁਝ ਇਕ ਨੂੰ ਵਿਧਾਇਕ ਅਹੁਦੇ ਦਾ ਤਜਰਬਾ ਵੀ ਹੈ ਪਰ ਵਧੇਰੇ ਨਵੇਂ ਬਣੇ ਵਿਧਾਇਕ ਰਾਜਨੀਤੀ ਤੋਂ ਬਿਲਕੁਲ ਅਣਜਾਣ ਹਨ, ਦੂਜੇ ਕਾਰੋਬਾਰ ਆਦਿ ਨਾਲ ਸਬੰਧ ਰੱਖਦੇ ਹਨ। ਅਜਿਹੇ ਵਿਚ ਹੁਣ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਨਵੇਂ ਵਿਧਾਇਕਾਂ ਦੀ ਜਲਦ ਟਿਊਸ਼ਨ ਕਲਾਸ ਲਾਈ ਜਾਵੇਗੀ, ਜਿਸ ਵਿਚ ਪਾਰਟੀ ਦੇ ਦਿੱਲੀ ਅਤੇ ਪੰਜਾਬ ਹਾਈਕਮਾਨ ਨਾਲ ਸਬੰਧਤ ਆਗੂ ਮੌਜੂਦ ਰਹਿਣਗੇ ਅਤੇ ਨਵੇਂ ਵਿਧਾਇਕਾਂ ਨੂੰ ਇਹ ਟਿਪਸ ਦਿੱਤੇ ਜਾਣਗੇ ਕਿ ਉਨ੍ਹਾਂ ਅਗਲੇ 5 ਸਾਲ ਦੌਰਾਨ ਆਮ ਲੋਕਾਂ ਨਾਲ ਕਿਹੋ-ਜਿਹਾ ਸਲੂਕ ਕਰਨਾ ਹੈ ਅਤੇ ਅਫਸਰਸ਼ਾਹੀ ਨਾਲ ਕਿੰਝ ਨਜਿੱਠਣਾ ਹੈ। ਮੰਨਿਆ ਜਾ ਰਿਹਾ ਹੈ ਕਿ ਟਿਊਸ਼ਨ ਕਲਾਸ ਆਉਣ ਵਾਲੇ ਕੁਝ ਦਿਨਾਂ ਵਿਚ ਹੀ ਆਯੋਜਿਤ ਕੀਤੀ ਜਾਵੇਗੀ ਅਤੇ ਇਸ ਨੂੰ ਜ਼ਿਲਾ ਪੱਧਰ ਜਾਂ ਮਾਝਾ, ਮਾਲਵਾ, ਦੋਆਬਾ ਪੱਧਰ ’ਤੇ ਵੀ ਲਾਇਆ ਜਾ ਸਕਦਾ ਹੈ। ਇਸ ਬਾਰੇ ਆਖਰੀ ਫੈਸਲਾ ਕੇਜਰੀਵਾਲ, ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਵੱਲੋਂ ਮਿਲ ਕੇ ਲਿਆ ਜਾਵੇਗਾ।

ਇਹ ਵੀ ਪੜ੍ਹੋ: ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਭਗਵੰਤ ਮਾਨ ਨੇ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਕਰੋੜਾਂ ਦਾ ਮੁਆਵਜ਼ਾ ਕੀਤਾ ਜਾਰੀ

ਲਗਾਤਾਰ ਪੈਦਾ ਹੋ ਰਹੇ ਵਿਵਾਦਾਂ ਕਾਰਨ ਉੱਠਣ ਲੱਗੀ ਮੰਗ
ਉਂਝ ਤਾਂ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਨਵੇਂ-ਨਵੇਂ ਜਿੱਤੇ ਵਿਧਾਇਕਾਂ ਲਈ ਕਲਾਸ ਦਾ ਆਯੋਜਨ ਕੀਤਾ ਸੀ ਪਰ ਹੁਣ ਜਿਸ ਤਰ੍ਹਾਂ ਪੰਜਾਬ ਵਿਚ ਨਵੇਂ ਜਿੱਤ ਕੇ ਆਏ ਵਿਧਾਇਕਾਂ ਨਾਲ ਵਿਵਾਦ ਜੁੜਨ ਲੱਗੇ ਹਨ, ਉਸ ਨਾਲ ਪਾਰਟੀ ਕੇਡਰ ’ਚ ਇਹ ਮੰਗ ਉੱਠ ਰਹੀ ਹੈ ਕਿ ਨਵੇਂ ਵਿਧਾਇਕਾਂ ਨੂੰ ਰਾਜਨੀਤੀ ਦੇ ਗੁਰ ਸਿਖਾਏ ਜਾਣ ਤਾਂ ਕਿ ਪਾਰਟੀ ਦਾ ਅਕਸ ਆਮ ਜਨਤਾ ਵਿਚ ਬਰਕਰਾਰ ਰਹੇ। ਜਲੰਧਰ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗੱਲ ਕਰੀਏ ਤਾਂ ਇਥੇ ਪਿਛਲੇ ਦਿਨਾਂ ਦੌਰਾਨ ਕਈ ਵਿਵਾਦ ਦੇਖਣ ਨੂੰ ਮਿਲੇ। ਲੜਾਈ-ਝਗੜੇ ਦੀਆਂ 2-3 ਵਾਰਦਾਤਾਂ ਤੋਂ ਬਾਅਦ ਜਿਹੜਾ ਮੁੱਖ ਮਾਮਲਾ ਸਾਹਮਣੇ ਆਇਆ, ਉਸ ਤਹਿਤ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਨੇ 2 ਨਿਗਮ ਕਰਮਚਾਰੀਆਂ ਨੂੰ ਕਥਿਤ ਤੌਰ ’ਤੇ ਧਮਕਾਇਆ, ਜਿਸ ਤੋਂ ਬਾਅਦ ਨਿਗਮ ਦੀਆਂ ਸਾਰੀਆਂ ਯੂਨੀਅਨਾਂ ਨੇ ਇਕੱਠੇ ਹੋ ਕੇ ਨਾ ਸਿਰਫ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ, ਸਗੋਂ ਵਿਧਾਇਕ ਦੇ ਭਰਾ ਵੱਲੋਂ ਬੁਰਾ ਸਲੂਕ ਕੀਤੇ ਜਾਣ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ, ਨਿਗਮ ਵਿਚ ਸਾਰਾ ਿਦਨ ਹੜਤਾਲ ਰੱਖੀ ਅਤੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਅੱਗੇ ਤੋਂ ਅਜਿਹਾ ਹੋਇਆ ਤਾਂ ਸਾਰਾ ਸਰਕਾਰੀ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ। ਪਤਾ ਲੱਗਾ ਹੈ ਕਿ ਅਜਿਹੇ ਸਾਰੇ ਵਿਵਾਦਾਂ ਦੀ ਸੂਚਨਾ ਚੰਡੀਗੜ੍ਹ ਅਤੇ ਦਿੱਲੀ ਬੈਠੇ ਪਾਰਟੀ ਹਾਈਕਮਾਨ ਦੇ ਆਗੂਆਂ ਤੱਕ ਪਹੁੰਚ ਰਹੀ ਹੈ ਅਤੇ ਜਲਦ ਅਜਿਹੇ ਮਾਮਲਿਆਂ ਦਾ ਨੋਟਿਸ ਵੀ ਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਹੋਲੀ ਦੀਆਂ ਖ਼ੁਸ਼ੀਆਂ ਮਾਤਮ ’ਚ ਬਦਲੀਆਂ, ਗੋਰਾਇਆ ਵਿਖੇ ਭਿਆਨਕ ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ

‘‘ਹਕੂਮਤ ਵਹ ਕਰਤੇ ਹੈਂ, ਜਿਨਕਾ ਦਿਲੋਂ ਪਰ ਰਾਜ ਹੋਤਾ ਹੈ
ਯੂੰ ਕਹਨੇ ਕੋ ਤੋ ਮੁਰਗੇ ਕੇ ਸਿਰ ਪਰ ਭੀ ਤਾਜ ਹੋਤਾ ਹੈ’’

ਇਹ ਸ਼ੇਅਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਹੁੰ ਚੁੱਕ ਸਮਾਰੋਹ ਦੌਰਾਨ ਬੋਲਿਆ ਸੀ, ਜਿਸ ਦਾ ਮਤਲਬ ਇਹ ਸੀ ਕਿ ਆਮ ਆਦਮੀ ਪਾਰਟੀ ਦੇ ਨਵੇਂ ਵਿਧਾਇਕ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਤੇ ਜਿੱਤ ਦਾ ਹੰਕਾਰ ਬਿਲਕੁਲ ਨਾ ਕਰਨ। ਉਨ੍ਹਾਂ ਨਵੇਂ ਵਿਧਾਇਕਾਂ ਨੂੰ ਇਹ ਮੂਲ-ਮੰਤਰ ਵੀ ਦਿੱਤਾ ਸੀ ਕਿ ਉਹ ਭੱਦੀ ਸ਼ਬਦਾਵਲੀ ਦੀ ਵਰਤੋਂ ਬਿਲਕੁਲ ਨਾ ਕਰਨ ਅਤੇ ਆਰਾਮ ਨਾਲ ਚੱਲਣ। ਹੁਣ ਵੇਖਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਨਵੇਂ ਵਿਧਾਇਕਾਂ ਸਬੰਧੀ ਉੱਠੇ ਵਿਵਾਦਾਂ ਬਾਰੇ ਕੀ ਫ਼ੈਸਲਾ ਲੈਂਦੇ ਹਨ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਜੇਕਰ ਸੂਬੇ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕਰਨਾ ਹੈ ਤਾਂ ਵਧੇਰੇ ਵਿਧਾਇਕਾਂ ਨੂੰ ਅਫ਼ਸਰਸ਼ਾਹੀ ਨਾਲ ਜੂਝਣਾ ਵੀ ਹੋਵੇਗਾ।

ਇਹ ਵੀ ਪੜ੍ਹੋ: ਜਲੰਧਰ ਪੁਲਸ ਕਮਿਸ਼ਨਰੇਟ ਦਾ ਵੱਡਾ ਐਕਸ਼ਨ, ਹੁਣ 48 ਘੰਟਿਆਂ ’ਚ ਸ਼ਿਕਾਇਤਕਰਤਾ ਨੂੰ ਇੰਝ ਮਿਲੇਗਾ ਇਨਸਾਫ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News