ਭਗਵੰਤ ਮਾਨ ਚੁਣੇ ਗਏ ਵਿਧਾਇਕ ਦਲ ਦੇ ਨੇਤਾ, ਭਲਕੇ ਰਾਜਪਾਲ ਨਾਲ ਕਰਨਗੇ ਮੁਲਾਕਾਤ (ਵੀਡੀਓ)

Friday, Mar 11, 2022 - 08:32 PM (IST)

ਭਗਵੰਤ ਮਾਨ ਚੁਣੇ ਗਏ ਵਿਧਾਇਕ ਦਲ ਦੇ ਨੇਤਾ, ਭਲਕੇ ਰਾਜਪਾਲ ਨਾਲ ਕਰਨਗੇ ਮੁਲਾਕਾਤ (ਵੀਡੀਓ)

ਮੋਹਾਲੀ (ਬਿਊਰੋ)-ਬੀਤੇ ਦਿਨ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਚ ‘ਆਪ’ ਨੇ ਵੱਡੀ ਜਿੱਤ ਪ੍ਰਾਪਤ ਕੀਤੀ। ‘ਆਪ’ ਦੇ 92 ਵਿਧਾਇਕ ਜੇਤੂ ਰਹੇ। ਮੋਹਾਲੀ ਵਿਖੇ ਭਗਵੰਤ ਮਾਨ ਨੂੰ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਅੱਜ ‘ਆਪ’ ਵਿਧਾਇਕਾਂ ਦੀ ਪਹਿਲੀ ਮੀਟਿੰਗ ਸੱਦੀ ਗਈ ਸੀ। 12 ਮਾਰਚ ਨੂੰ ਭਗਵੰਤ ਮਾਨ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਇਸ ਦੌਰਾਨ ਉਨ੍ਹਾਂ ਜੇਤੂ 91 ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਹਾਂ ਕਿ ਚੰਡੀਗੜ੍ਹ ਘੱਟ ਤੋਂ ਘੱਟ ਰਹਿਣਾ ਹੈ, ਉਥੇ ਜਾ ਕੇ ਰਹਿਣਾ ਹੈ ਜਿਥੋਂ ਸਾਨੂੰ ਵੋਟਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਇਹ ਨਹੀਂ ਕਹਿਣਾ ਕਿ ਚੰਡੀਗੜ੍ਹ ਆ ਕੇ ਮਿਲੋ, ਹੁਣ ਸਰਕਾਰ ਪਿੰਡਾਂ ’ਚੋਂ ਚੱਲੇਗੀ ਤੇ ਇਕੱਠਾਂ ’ਚ ਚੱਲੇਗੀ। ਪਿੰਡਾਂ ’ਚ ਜਾ ਕੇ ਲੋਕਾਂ ਨਾਲ ਦੁੱਖ-ਸੁੱਖ ਸਾਂਝੇ ਕਰੋ। ਮਾਨ ਨੇ ਕਿਹਾ ਕਿ ਲੋਕ ਤਹਿਸੀਲਾਂ ਤੇ ਕਚਹਿਰੀਆਂ ’ਚ ਜਾ ਕੇ ਅੱਕ ਚੁੱਕੇ ਹਨ। ਤੁਸੀਂ ਪਿੰਡਾਂ ’ਚ ਲੋਕਾਂ ਸਾਹਮਣੇ ਅਫ਼ਸਰਾਂ ਨੂੰ ਲੈ ਕੇ ਜਾਓ ਤੇ ਉਨ੍ਹਾਂ ਦੇ ਕੰਮ ਕਰਵਾਓ ਕਿਉਂਕਿ ਲੋਕਾਂ ਨੇ ਬਹੁਤ ਵੱਡਾ ਮੌਕਾ ਦਿੱਤਾ ਹੈ।

 

ਇਹ ਵੀ ਪੜ੍ਹੋ : ਕਾਂਗਰਸ ਦੀ ਕਰਾਰੀ ਹਾਰ ਮਗਰੋਂ ਸਿੱਧੂ ’ਤੇ ਵਰ੍ਹੇ ਸੁਖਜਿੰਦਰ ਰੰਧਾਵਾ, ਕਿਹਾ-ਪਾਰਟੀ ਨੂੰ ਕੀਤਾ ਬਰਬਾਦ

ਉਨ੍ਹਾਂ ਕਿਹਾ ਕਿ ਜਿਹੜੇ ਛੱਡ ਕੇ ਗਏ ਸਨ, ਉਨ੍ਹਾਂ ਨੂੰ ਲੋਕਾਂ ਨੇ ਵੜਨ ਨਹੀਂ ਦਿੱਤਾ। ਲੋਕਾਂ ਦੀਆਂ ਉਮੀਦਾਂ ਬਹੁਤ ਜ਼ਿਆਦਾ ਹਨ, ਜਿਸ ਤਰ੍ਹਾਂ ਸਚਿਨ ਤੇਂਦੁਲਕਰ ਤੋਂ ਹਰੇਕ ਮੈਚ ’ਚ ਸੈਂਕੜੇ ਦੀ ਉਮੀਦ ਹੁੰਦੀ ਸੀ, ਉਸੇ ਤਰ੍ਹਾਂ ਸਾਡੇ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਦਿੱਗਜ ਆਗੂਆਂ ਨੂੰ ਪਬਲਿਕ ਨੇ ਹਰਾਇਆ ਹੈ ਆਪਾਂ ਤਾਂ ਸਿਰਫ਼ ਮੈਸੰਜਰ ਹਾਂ। ਮਾਨ ਨੇ ਕਿਹਾ ਕਿ ਆਪਾਂ ਲੋਕਾਂ ਨੂੰ ਗਾਰੰਟੀਆਂ ਤੋਂ ਵੱਧ ਕਰਕੇ ਦਿਖਾਉਣਾ ਹੈ। ਲੋਕਾਂ ਨੂੰ ਕਹਿਣਾ ਕਿ ਕੋਈ ਗੱਲ ਨਹੀਂ ਸਾਡੇ ਕੋਲ ਪੈਸੇ ਹਨ, ਇਸ ਲਈ ਅਸੀਂ ਕਰ ਦਿੱਤਾ।

ਇਸ ਦੌਰਾਨ ਮਾਨ ਨੇ ਕਿਹਾ ਕਿ 13 ਤਾਰੀਖ਼ ਨੂੰ ‘ਆਪ’ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਉਸ ਦਿਨ ਇਕ ਵਾਰ ਇਕੱਠੇ ਹੋਵਾਂਗੇ। ਉਨ੍ਹਾਂ ਕਿਹਾ ਕਿ 16 ਮਾਰਚ ਨੂੰ ਇਕ ਬਹੁਤ ਵੱਡਾ ਇਤਿਹਾਸਕ ਦਿਨ ਹੋਵੇਗਾ, ਜਦੋਂ ਮੁੱਖ ਮੰਤਰੀਆਂ ਤੇ ਮੰਤਰੀਆਂ ਦੀਆਂ ਸਹੁੰਆਂ, ਜਿਹੜੀਆਂ ਪਹਿਲਾਂ ਰਾਜ ਭਵਨ ਜਾਂ ਸਟੇਡੀਅਮਾਂ ’ਚ ਜਾਂ ਮੁੱਖ ਮੰਤਰੀ ਦੇ ਘਰ ਚੁੱਕੀਆਂ ਜਾਂਦੀਆਂ ਸਨ, ਹੁਣ ਸ਼ਹੀਦ ਦੇ ਪਿੰਡ ਖਟਕੜ ਕਲਾਂ ’ਚ ਜਾ ਕੇ ਚੁੱਕਾਂਗੇ। 


author

Manoj

Content Editor

Related News