ਸਿਵਲ ਹਸਪਤਾਲ ਦੇ ਗਾਇਨੀ ਵਾਰਡ ''ਚ ਸ਼ਰਾਬ ਪੀ ਕੇ ਡਾਕਟਰ ਨੇ ਦੇਰ ਰਾਤ ਕੀਤਾ ਹੰਗਾਮਾ

Tuesday, Jan 16, 2018 - 07:11 AM (IST)

ਮੋਹਾਲੀ, (ਰਾਣਾ)- ਜਿਥੇ ਇਕ ਪਾਸੇ ਸਰਕਾਰੀ ਹਸਪਤਾਲਾਂ ਵਿਚ ਸਰਕਾਰ ਵੱਲੋਂ ਆਧੁਨਿਕ ਸਹੂਲਤਾਂ ਦਿੱਤੀਆਂ ਜਾਣ ਦੇ ਵਾਅਦੇ ਕੀਤੇ ਜਾਂਦੇ ਹਨ, ਉਥੇ ਹੀ ਮੋਹਾਲੀ ਫੇਜ਼-6 ਸਿਵਲ ਦੇ ਹਸਪਤਾਲ ਦੇ ਇਕ ਡਾਕਟਰ ਨੇ ਸ਼ਰਮਿੰਦਗੀ ਵਾਲੀ ਹਰਕਤ ਕਰ ਦਿੱਤੀ । ਡਾਕਟਰ ਨੇ ਸ਼ਰਾਬ ਦੇ ਨਸ਼ੇ ਵਿਚ ਗਰਭਵਤੀ ਔਰਤਾਂ ਨੂੰ ਬੁਰਾ-ਭਲਾ ਕਿਹਾ । ਉਸ ਨੇ ਹਸਪਤਾਲ ਵਿਚ ਮੌਜੂਦ ਹੋਰਨਾਂ ਨਾਲ ਵੀ ਗਾਲੀ-ਗਲੋਚ ਕੀਤਾ। ਪੀੜਤ ਲੋਕਾਂ ਨੇ ਫੇਜ਼-6 ਚੌਕੀ ਪੁਲਸ ਨੂੰ ਡਾਕਟਰ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ । ਉਥੇ ਹੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਨੇ ਵੀ ਮਾਮਲੇ ਵਿਚ ਸਖਤ ਐਕਸ਼ਨ ਲੈਂਦੇ ਹੋਏ ਡਾਕਟਰ ਨੂੰ ਛੁੱਟੀ 'ਤੇ ਭੇਜ ਦਿੱਤਾ । ਉਥੇ ਹੀ ਚੌਕੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਡਾਕਟਰ ਖਿਲਾਫ ਕੁਝ ਲੋਕਾਂ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। 
ਪੁਲਸ ਨਾਲ ਵੀ ਕੀਤੀ ਬਦਸਲੂਕੀ
ਫੇਜ਼-6 ਚੌਕੀ ਪੁਲਸ ਨੂੰ ਨਿਤੀਨ, ਹਰਮੇਸ਼, ਹਰਪ੍ਰੀਤ, ਜਸਵੀਰ, ਸੁਖਵਿੰਦਰ ਅਤੇ ਸਤਨਾਮ ਨੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਵਿਚੋਂ ਕਿਸੇ ਦੀ ਭੈਣ, ਪਤਨੀ ਗਰਭਵਤੀ ਹੋਣ ਕਾਰਨ ਗਾਇਨੀ ਵਾਰਡ ਵਿਚ ਭਰਤੀ ਹੈ। ਐਤਵਾਰ ਰਾਤ ਲਗਭਗ ਸਾਢੇ 11 ਵਜੇ ਬੱਚਿਆਂ ਦਾ ਡਾਕਟਰ ਉਨ੍ਹਾਂ ਦੇ ਰੂਮ ਵਿਚ ਆਇਆ, ਉਸ ਦੇ ਮੂੰਹ 'ਚੋਂ ਸ਼ਰਾਬ ਦੀ ਬਦਬੁ ਆ ਰਹੀ ਸੀ। ਉਸਨੇ ਆਉਂਦਿਆਂ ਹੀ ਔਰਤਾਂ ਨੂੰ ਬੁਰਾ-ਭਲਾ ਬੋਲਣਾ ਸ਼ੁਰੂ ਕਰ ਦਿੱਤਾ। ਇਕ ਬੈੱਡ 'ਤੇ ਲੱਤ ਮਾਰੀ ਅਤੇ ਇਕ ਗਰਭਵਤੀ ਔਰਤ ਦੇ ਬੱਚੇ ਬਾਰੇ ਕਾਫੀ ਭੈੜੇ ਸ਼ਬਦ ਬੋਲੇ। ਇਥੇ ਹੀ ਬਸ ਨਹੀਂ, ਡਾਕਟਰ ਨੇ ਕਈ ਕਮਰਿਆਂ ਦੇ ਦਰਵਾਜ਼ੇ ਬਾਹਰੋਂ ਬੰਦ ਕਰ ਦਿੱਤੇ, ਜਿਸ ਤੋਂ ਬਾਅਦ ਗਰਭਵਤੀ ਔਰਤਾਂ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ । ਉਥੇ ਹੀ ਸੂਤਰਾਂ ਮੁਤਾਬਕ ਜਦੋਂ ਚੌਕੀ ਪੁਲਸ ਅਤੇ ਡਾਕਟਰ ਆਹਮੋ-ਸਾਹਮਣੇ ਹੋਏ ਤਾਂ ਡਾਕਟਰ ਨੇ ਪੁਲਸ ਨਾਲ ਵੀ ਬਦਸਲੂਕੀ ਕੀਤੀ।
ਸਟਾਫ ਵਿਚੋਂ ਕੋਈ ਨਹੀਂ ਬੋਲਣ ਨੂੰ ਤਿਆਰ
ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਡਾਕਟਰ ਵੱਲੋਂ ਔਰਤਾਂ ਨਾਲ ਅਜਿਹੀ ਹਰਕਤ ਕੀਤੀ ਗਈ, ਉਸ ਸਮੇਂ ਹਸਪਤਾਲ ਦਾ ਸਟਾਫ ਵੀ ਉਥੇ ਹੀ ਮੌਜੂਦ ਸੀ ਪਰ ਕਿਸੇ ਨੇ ਵੀ ਡਾਕਟਰ ਨੂੰ ਰੋਕਣ ਦੀ ਹਿੰਮਤ ਨਹੀਂ ਕੀਤੀ ।
ਬੱਚਿਆਂ ਦੇ ਡਾਕਟਰ ਵੱਲੋਂ ਸ਼ਰਾਬ ਪੀ ਕੇ ਗਰਭਵਤੀ ਔਰਤਾਂ ਨਾਲ ਬਦਸਲੂਕੀ ਕਰਨ ਦੀ ਗੱਲ ਪਤਾ ਲਗਦੇ ਹੀ ਤੁਰੰਤ ਐਕਸ਼ਨ ਲੈਂਦੇ ਹੋਏ ਡਾਕਟਰ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ, ਨਾਲ ਹੀ ਉਸ ਦੀ ਪਤਨੀ ਨੂੰ ਬੁਲਾ ਕੇ ਗੱਲ ਕੀਤੀ ਗਈ ਕਿ ਜਦੋਂ ਤਕ ਡਾਕਟਰ ਠੀਕ ਨਹੀਂ ਹੁੰਦਾ, ਉਹ ਛੁੱਟੀ 'ਤੇ ਰਹੇਗਾ। ਇਥੇ ਆਉਣ ਤੋਂ ਪਹਿਲਾਂ ਉਸ ਦੀ ਫਾਜ਼ਿਲਕਾ ਵਿਚ ਡਿਊਟੀ ਸੀ। ਉਥੇ ਕਿਸੇ ਗੱਲ ਨੂੰ ਲੈ ਕੇ ਆਪਣੇ ਸੀਨੀਅਰ ਨਾਲ ਅਣਬਣ ਹੋ ਗਈ, ਜਿਸ ਤੋਂ ਬਾਅਦ ਇਸ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿਚ ਟਰਾਂਸਫਰ ਕਰ ਦਿੱਤਾ ਗਿਆ । ਇਸੇ ਗੱਲ ਨੂੰ ਲੈ ਕੇ ਡਾਕਟਰ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ । ਜੋ ਸ਼ਿਕਾਇਤਾਂ ਪੁਲਸ ਕੋਲ ਗਈਆਂ ਹਨ, ਪੁਲਸ ਆਪਣੀ ਕਾਰਵਾਈ ਨਿਰਪੱਖ ਤਰੀਕੇ ਨਾਲ ਕਰੇ। ਉਨ੍ਹਾਂ ਵੱਲੋਂ ਜਾਂਚ ਵਿਚ ਕੋਈ ਦਖਲ ਨਹੀਂ ਦਿੱਤਾ ਜਾਵੇਗਾ।  
—ਮਨਜੀਤ ਸਿੰਘ, ਐੱਸ. ਐੱਮ. ਓ., ਸਿਵਲ ਹਸਪਤਾਲ ਫੇਜ਼-6 ਮੋਹਾਲੀ।


Related News