ਸੱਚ ਸਾਬਿਤ ਹੋਇਆ ਮੌਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਵੱਲੋਂ ਗਾਇਆ ਇਹ ਗੀਤ, ਜ਼ਿੰਦਗੀ ’ਤੇ ਇਕ ਝਾਤ
Monday, May 30, 2022 - 02:40 AM (IST)
ਜਲੰਧਰ : ਕੁਝ ਦਿਨ ਪਹਿਲਾਂ ਆਏ ‘ਲਾਸਟ ਰਾਈਡ’ ਨਾਂ ਦੇ ਗੀਤ ਦੇ ਬੋਲ ‘ਚੋਬਰ ਦੇ ਚਿਹਰੇ ’ਤੇ ਨੂਰ ਦੱਸਦਾ ਇਹਦਾ ਉੱਠੇਗਾ ਜਵਾਨੀ ’ਚ ਜਨਾਜ਼ਾ...’ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਅਸਲ ਜ਼ਿੰਦਗੀ ’ਚ ਸੱਚ ਸਾਬਿਤ ਹੋ ਗਏ ਹਨ। ਸਿੱਧੂ ਮੂਸੇਵਾਲਾ ਦਾ ਅੱਜ ਮਾਨਸਾ ਦੇ ਜਵਾਹਰ ਕੇ ਪਿੰਡ ’ਚ ਅੰਨ੍ਹੇਵਾਹ ਗੋਲੀਆਂ ਮਾਰ ਕੇ ਦਰਦਨਾਕ ਕਤਲ ਕਰ ਦਿੱਤਾ ਗਿਆ। ਪੰਜਾਬ ਸਰਕਾਰ ਨੇ ਬੀਤੇ ਦਿਨੀਂ 424 ਲੋਕਾਂ ਦੀ ਸੁਰੱਖਿਆ ’ਚ ਕਟੌਤੀ ਕਰ ਦਿੱਤੀ ਸੀ, ਗਾਇਕ ਸਿੱਧੂ ਮੂਸੇਵਾਲਾ ਵੀ ੳੁਨ੍ਹਾਂ ’ਚੋਂ ਇਕ ਸਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਨਾਲ ਬਾਲੀਵੁੱਡ ਵੀ ਸਦਮੇ ’ਚ, ਇਨ੍ਹਾਂ ਕਲਾਕਾਰਾਂ ਨੇ ਪ੍ਰਗਟਾਇਆ ਦੁੱਖ
ਇਹ ਵੀ ਪੜ੍ਹੋ : ਅਹਿਮ ਖ਼ਬਰ : ਸਿੱਧੂ ਮੂਸੇਵਾਲਾ ਦੇ ਕਤਲ ਦੀ ਤੇਜ਼ੀ ਨਾਲ ਜਾਂਚ ਲਈ ਤਿੰਨ ਮੈਂਬਰੀ ਸਿੱਟ ਦਾ ਗਠਨ
ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ’ਤੇ ਇਕ ਝਾਤ
ਮਾਨਸਾ ਦੇ ਪਿੰਡ ਮੂਸਾ ’ਚ ਸ਼ੁਭਦੀਪ ਸਿੰਘ ਸਿੱਧੂ ਦਾ ਜਨਮ ਹੋਇਆ। ਉਨ੍ਹਾਂ ਨੇ ਸਰਦਾਰ ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਨਾਨ-ਮੈਡੀਕਲ ਨਾਲ ਕੀਤੀ। ਇਸ ਮਗਰੋਂ ਮੂਸੇਵਾਲਾ ਨੇ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ’ਚ ਇਕ ਸਾਲ ਦਾ ਡਿਪਲੋਮਾ ਕੈਨੇਡਾ ’ਚੋਂ ਕੀਤਾ ਤੇ ਨਾਲ ਦੀ ਨਾਲ ਗਾਇਕੀ ’ਚ ਅਜ਼ਮਾਉਣੇ ਸ਼ੁਰੂ ਕਰ ਦਿੱਤੇ। ਦੇਖਦਿਆਂ ਹੀ ਦੇਖਦਿਆਂ ਸਿੱਧੂ ਨੇ ਪੰਜਾਬੀ ਸੰਗੀਤ ਜਗਤ ’ਚ ਆਪਣਾ ਵਧੀਆ ਰੁਤਬਾ ਬਣਾ ਲਿਆ। ਇਕ ਸਮਾਂ ਅਜਿਹਾ ਸੀ ਜਦੋਂ ਵਿਦਿਆਰਥੀ ਹੁੰਦਿਆਂ ਪੰਜਾਬ ਦੇ ਇਕ ਕਾਲਜ ਕੈਂਪਸ ’ਚ ਇਕ ਚੈਨਲ ਦੇ ਹੋਸਟ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਕਿ ਉਸੇ ਦਰਮਿਆਨ ਸ਼ੁਭਦੀਪ ਸਿੰਘ ਸਿੱਧੂ ਭੀੜ ’ਚੋਂ ਨਿਕਲ ਕੇ ਆਇਆ ਤੇ ਇਕ ਗਾਣਾ ਗਾਇਆ, ਜਿਸ ’ਤੇ ਵਿਦਿਆਰਥੀਆਂ ਨੇ ਤਾੜੀਆਂ ਵਜਾਈਆਂ ਸਨ। ਉਦੋਂ ਸਿੱਧੂ ਦੀ ਜ਼ਿੰਦਗੀ ’ਚ ਇਕ ਦੌਰ ਅਜਿਹਾ ਸੀ, ਜਦੋਂ ਉਸ ਨੂੰ ਆਪਣੇ ਬਾਰੇ ਦੱਸਣਾ ਪੈਂਦਾ ਸੀ ਅਤੇ ਇਕ ਅੱਜਕੱਲ੍ਹ ਦਾ ਦੌਰ ਸੀ, ਜਦੋਂ ਪੰਜਾਬੀ ਗਾਇਕੀ ’ਚ ਸਿੱਧੂ ਮੂਸੇਵਾਲਾ ਦਾ ਨਾਂ ਬੋਲਦਾ ਸੀ। ਤਕਰੀਬਨ ਚਾਰ ਸਾਲ ਪਹਿਲਾਂ ਪੰਜਾਬੀ ਸੰਗੀਤ ਜਗਤ ’ਚ ਆਏ ਸ਼ੁਭਦੀਪ ਸਿੰਘ ਸਿੱਧੂ ਬੜੀ ਤੇਜ਼ੀ ਨਾਲ ਪੁਲਾਂਘਾਂ ਪੁੱਟਦਿਆਂ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਹੋ ਗਏ। ਉਨ੍ਹਾਂ ਦੇ ਗਾਏ ਕਈ ਗੀਤ ਨੌਜਵਾਨਾਂ ਦੀ ਜ਼ੁਬਾਨ ’ਤੇ ਚੜ੍ਹ ਗਏ ਤੇ ਲੋਕ ਉਨ੍ਹਾਂ ਦੇ ਗੀਤਾਂ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਸਨ।
ਗਾਣੇ ਤੇ ਵਿਵਾਦ ਨਾਲ-ਨਾਲ ਚੱਲਦੇ ਰਹੇ
ਇਸ ਦੌਰਾਨ ਸਿੱਧੂ ਮੂਸੇਵਾਲਾ ’ਤੇ ਗਾਣਿਆਂ ਰਾਹੀਂ ਗੰਨ ਕਲਚਰ ਨੂੰ ਹੱਲਾਸ਼ੇਰੀ ਦੇਣ ਦੇ ਇਲਜ਼ਾਮ ਲਾ ਕੇ ਆਲੋਚਨਾ ਵੀ ਕੀਤੀ ਜਾਦੀ ਰਹੀ ਅਤੇ ਕੇਸ ਵੀ ਦਰਜ ਹੋਏ। ਉਨ੍ਹਾਂ ਪੰਜਾਬੀ ਸੰਗੀਤ ਜਗਤ ਨੂੰ 'ਸਾਡਾ ਚੱਲਦਾ ਹੈ ਧੱਕਾ ਅਸੀਂ ਤਾਂ ਕਰਦੇ...' ‘ਗੱਭਰੂ ’ਤੇ ਕੇਸ ਜਿਹੜਾ ਸੰਜੇ ਦੱਤ ’ਤੇ...' ‘ਡਾਲਰਾਂ ਵਾਗੂਂ ਨੀਂ ਨਾਮ ਸਾਡਾ ਚੱਲਦਾ, ਅਸੀਂ ਪੁੱਤ ਡਾਕੂਆਂ ਦੇ...' ‘295’ ਤੇ ਥੋੜ੍ਹੇ ਦਿਨ ਪਹਿਲਾਂ ਆਇਆ ‘ਲਾਸਟ ਰਾਈਡ’ ਗੀਤ ਆਦਿ ਕਈ ਹਿੱਟ ਗਾਣੇ ਦਿੱਤੇ। ਸਿੱਧੂ ’ਤੇ ਏ. ਕੇ. 47 ਚਲਾਉਣ ਨੂੰ ਲੈ ਕੇ ਕੇਸ ਵੀ ਦਰਜ ਹੋਇਆ ਸੀ।
ਸਿਆਸਤ ’ਚ ਰੱਖੇ ਕਦਮ
ਪੰਜਾਬੀ ਸੰਗੀਤ ਜਗਤ ’ਚ ਧਾਕ ਜਮਾਉਣ ਵਾਲੇ ਸਿੱਧੂ ਮੁੂਸੇਵਾਲਾ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2022 ’ਚ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ ਖ਼ਿਲਾਫ਼ ਚੋਣ ਲੜੀ ਪਰ ਹਾਰ ਗਏ। ਇਸ ਹਾਰ ਤੋਂ ਬਾਅਦ ਆਏ ਆਪਣੇ ਗਾਣੇ ਕਾਰਨ ਵੀ ਸਿੱਧੂ ਮੂਸੇਵਾਲਾ ਕਾਫ਼ੀ ਚਰਚਾ ’ਚ ਰਹੇ ਸਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਵੱਡੀ ਖਬਰ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
ਜ਼ਿਕਰਯੋਗ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ’ਤੇ ਇਹ ਹਮਲਾ ਪਿੰਡ ਜਵਾਹਰਕੇ ਨੇੜੇ ਹੋਇਆ। ਗੋਲ਼ੀਆਂ ਲੱਗਣ ਕਾਰਣ ਸਿੱਧੂ ਮੂਸੇਵਾਲ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਤੁਰੰਤ ਮਾਨਸਾ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਾਰਦਾਤ ਦੌਰਾਨ ਹਮਲਾਵਰਾਂ ਨੇ ਲਗਭਗ 30 ਤੋਂ 35 ਰੌਂਦ ਫਾਇਰ ਕੀਤੇ ਸਨ, ਜਿਸ ’ਚ ਸਿੱਧੂ ਦੇ ਲੱਗਭਗ 20 ਗੋਲ਼ੀਆਂ ਲੱਗੀਆਂ।