ਬਿਆਸ ਦਰਿਆ ਦੇ ਮੰਡ ਇਲਾਕੇ ਵਿਚੋਂ ਵੱਡੀ ਮਾਤਰਾ 'ਚ ਲਾਹਣ, ਨਜਾਇਜ਼ ਸ਼ਰਾਬ ਅਤੇ ਚਾਲੂ ਭੱਠੀਆਂ ਬਰਾਮਦ
Saturday, May 23, 2020 - 01:11 PM (IST)
ਟਾਂਡਾ ਉੜਮੁੜ/ਦਸੂਹਾ(ਵਰਿੰਦਰ ਪੰਡਿਤ, ਆਰ .ਸੀ. ਝਾਵਰ ) - ਆਬਕਾਰੀ ਅਤੇ ਕਰ ਕਮਿਸ਼ਨਰ ਪੰਜਾਬ ਵਿਵੇਕ ਪ੍ਰਤਾਪ ਸਿੰਘ ਵੱਲੋਂ ਜਾਰੀ ਹਦਾਇਤਾਂ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਅਤੇ ਜ਼ਿਲ੍ਹਾ ਪੁਲਸ ਮੁਖੀ ਗੌਰਵ ਗਰਗ ਵੱਲੋਂ ਜ਼ਿਲ੍ਹੇ ਵਿਚ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਨੱਥ ਪਾਉਣ ਲਈ ਸ਼ੁਰੂ ਕੀਤੇ ਗਈ ਵਿਸ਼ੇਸ਼ ਕਾਰਵਾਈ ਤਹਿਤ ਪੁਲਸ ਅਤੇ ਐਕਸਾਈਜ਼ ਮਹਿਕਮੇ ਦੀਆਂ ਸਾਂਝੀਆਂ ਟੀਮਾਂ ਵਲੋਂ ਅੱਜ ਸਵੇਰੇ ਬਿਆਸ ਦਰਿਆ ਦੇ ਕੰਢੇ, ਸਰਕੰਡਿਆਂ 'ਤੇ ਤਲਾਸ਼ੀ ਲੈਣ ਦੌਰਾਨ ਵੱਡੀ ਮਾਤਰਾ 'ਚ ਨਜਾਇਜ਼ ਤਰੀਕੇ ਨਾਲ ਬਣਾਈ ਗਈ ਸ਼ਰਾਬ ਅਤੇ ਚਾਲੂ ਭੱਠੀਆਂ ਨੂੰ ਨਸ਼ਟ ਕੀਤਾ ਗਿਆ । ਜ਼ਿਲ੍ਹਾ ਪੁਲਸ ਮੁਖੀ ਅਤੇ ਏ.ਟੀ.ਸੀ. ਅਵਤਾਰ ਸਿੰਘ ਕੰਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਡੀ.ਐੱਸ.ਪੀ. ਦਸੂਹਾ ਅਨਿਲ ਭਨੋਟ, ਡੀ.ਐੱਸ.ਪੀ. ਮੁਕੇਰੀਆਂ ਰਜਿੰਦਰ ਸਿੰਘ, ਈ.ਟੀ.ਓ . ਹਨੁਮੰਤ ਸਿੰਘ ਦੀ ਅਗਵਾਈ ਵਿਚ ਲਗਭਗ 50 ਪੁਲਸ ਕਾਮਿਆਂ, ਐਕਸਾਈਜ ਮਹਿਕਮਾ ਦੀ ਟੀਮਾਂ ਅਤੇ ਠੇਕੇਦਾਰ ਕੇ.ਡੀ.ਖੋਸਲਾ ਦੀ ਟੀਮ ਦੇ ਸਹਿਯੋਗ ਨਾਲ ਟਾਂਡਾ, ਦਸੂਹਾ ਅਤੇ ਮੁਕੇਰੀਆਂ ਇਲਾਕੇ ਦੇ ਲਗਭਗ 20 ਕਿਲੋਮੀਟਰ ਖੇਤਰ ਨੂੰ ਘੇਰ ਕੇ ਬਿਆਸ ਦਰਿਆ ਦੇ ਕੰਢਿਆਂ 'ਤੇ ਇਹ ਤਲਾਸ਼ੀ ਲਈ |
ਇਸ ਦੌਰਾਨ ਸਵੇਰੇ 6 ਵਜੇ ਸ਼ੁਰੂ ਕੀਤੇ ਇਸ ਅਪ੍ਰੇਸ਼ਨ ਵਿਚ ਗੁਰਦਾਸਪੁਰ ਜ਼ਿਲ੍ਹੇ ਦੀ ਪੁਲਸ ਟੀਮ ਨੇ ਵੀ ਭਾਗ ਲਿਆ | ਇਸ ਦੌਰਾਨ ਟੀਮਾਂ ਨੇ ਬੇੜੀਆਂ ਦੀ ਮਦਦ ਨਾਲ ਜਦੋਂ ਇਲਾਕੇ ਵਿਚ ਅਪ੍ਰੇਸ਼ਨ ਸ਼ੁਰੂ ਕੀਤਾ ਤਾਂ ਇਸ ਨਾਜਾਇਜ ਧੰਦੇ ਵਿਚ ਲੱਗੇ ਤਸਕਰ ਛੋਟੀਆਂ ਬੇੜੀਆਂ ਦੀ ਮਦਦ ਨਾਲ ਬਿਆਸ ਦਰਿਆਂ ਪਾਰ ਕਰਕੇ ਗੁਰਦਾਸਪੁਰ ਵੱਲ ਫਰਾਰ ਹੋਣ ਵਿਚ ਸਫਲ ਹੋ ਗਏ | ਟੀਮਾਂ ਨੇ ਇਸ ਦੌਰਾਨ ਦੋ ਬੇੜੀਆਂ ਬਰਾਮਦ ਕਰਨ ਦੇ ਨਾਲ- ਨਾਲ ਨਜਾਇਜ ਸ਼ਰਾਬ ਬਣਾਉਣ ਲਈ ਕੰਮ ਕਰ ਰਹੀਆਂ 12 ਚਾਲੂ ਭੱਠੀਆਂ, ਟੋਇਆ, ਤਰਪਾਲਾਂ ਵਿਚ ਦੱਬ ਕੇ ਰੱਖੀ 25 ਹਜ਼ਾਰ ਕਿੱਲੋ ਲਾਹਣ, 50 ਲੀਟਰ ਨਾਜਾਇਜ ਸ਼ਰਾਬ, ਡਰੰਮ, ਪਾਈਪਾਂ, ਪੀਪੇ ਆਦਿ ਬਰਾਮਦ ਕੀਤੇ। ਇਸ ਦੇ ਨਾਲ ਹੀ ਲਾਹਣ ਨੂੰ ਵੀ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ | ਉਕਤ ਅਧਿਕਾਰੀਆਂ ਨੇ ਮੌਕੇ 'ਤੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੰਡ ਇਲਾਕੇ ਵਿਚ ਗੁਰਦਾਸਪੁਰ ਦੇ ਮੌਜਪੁਰ ਪਿੰਡ ਅਤੇ ਹੋਰ ਇਲਾਕੇ ਨਾਲ ਸੰਬੰਧਿਤ ਤਸਕਰ ਆ ਕੇ ਨਜਾਇਜ਼ ਸ਼ਰਾਬ ਤਿਆਰ ਕਰਕੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਸ ਧੰਦੇ ਨੂੰ ਨੱਥ ਪਾਉਣ ਲਈ ਇਹ ਅਪ੍ਰੇਸ਼ਨ ਲਗਾਤਾਰ ਜਾਰੀ ਰਹੇਗਾ | ਇਸ ਅਪ੍ਰੇਸ਼ਨ ਵਿਚ ਥਾਣਾ ਮੁਖੀ ਟਾਂਡਾ ਹਰਗੁਰਦੇਵ ਸਿੰਘ, ਥਾਣਾ ਮੁਖੀ ਦਸੂਹਾ ਗੁਰਦੇਵ ਸਿੰਘ, ਥਾਣਾ ਮੁਖੀ ਮੁਕੇਰੀਆਂ ਬਲਵਿੰਦਰ ਸਿੰਘ, ਆਬਕਾਰੀ ਵਿਭਾਗ ਦੇ ਇੰਸਪੈਕਟਰ ਦਵਿੰਦਰ ਸਿੰਘ, ਮਹਿੰਦਰ ਸਿੰਘ ਅਤੇ ਨਰੇਸ਼ ਸਹੋਤਾ ਸ਼ਾਮਲ ਸਨ |