ਐੱਲ. ਪੀ. ਏ. ਆਈ. ਦਾ ਦਾਅਵਾ, 20 ਡਾਲਰ ਫੀਸ ''ਤੇ ਚੱਲ ਰਹੀ ਪਾਕਿ ਨਾਲ ਗੱਲਬਾਤ

10/16/2019 6:52:06 PM

ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਗੁਰਪ੍ਰੀਤ) : ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਬੁੱਧਵਾਰ ਨੂੰ ਲੈਂਡਪੋਰਟ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀਆਂ ਵਲੋਂ ਭਾਰਤ ਵਾਲੇ ਪਾਸੇ ਤਿਆਰ ਹੋ ਰਹੇ ਲਾਂਘੇ ਦੇ ਕੰਮ ਦਾ ਵਿਸਤਾਰਤ ਜਾਇਜ਼ਾ ਲਿਆ ਗਿਆ। ਇਸ ਦੌਰਾਨ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਐੱਲ. ਪੀ. ਆਈ. ਏ. ਦੇ ਚੇਅਰਮੈਨ ਗੋਵਿੰਦ ਮੋਹਨ ਨੇ ਦੱਸਿਆ ਕਿ ਬੀਤੇ ਤਿੰਨ ਮਹੀਨੇ ਤੋਂ ਚੱਲ ਰਿਹਾ ਕੰਮ ਅਗਲੇ 10-15 ਦਿਨਾਂ 'ਚ ਪੂਰਾ ਕਰ ਲਿਆ ਜਾਵੇਗਾ। 31 ਅਕਤੂਬਰ ਤਕ ਬਸ ਟਰਮੀਨਲ, ਕਾਰ ਪਾਰਕਿੰਗ, ਫੂਡ ਕੋਰਟ, ਸਕਿਓਰਿਟੀ ਬਿਲਡਿੰਗ ਅਤੇ ਯਾਤਰੀ ਟਰਮੀਨਲ ਦੇ ਨਾਲ-ਨਾਲ ਬਾਕੀ ਵਿਭਾਗਾਂ ਦੇ ਦਫਤਰਾਂ ਦਾ ਨਿਰਮਾਣ ਵੀ 90 ਫੀਸਦੀ ਤਕ ਪੂਰਾ ਕਰ ਲਿਆ ਜਾਵੇਗਾ। ਗੋਵਿੰਦ ਮੋਹਨ ਨੇ ਕਿਹਾ ਕਿ ਇਹ ਨਿਰਮਾਣ ਥੋੜੇ ਸਮੇਂ 'ਚ ਮੁਕੰਮਲ ਕਰਨਾ ਵੀ ਆਪਣੇ ਆਪ 'ਚ ਵੱਡੀ ਉਪਲੱਬਧੀ ਹੈ। 

ਇਸ ਦੇ ਨਾਲ ਹੀ ਪ੍ਰਤੀ ਯਾਤਰੀ 20 ਡਾਲਰ ਫੀਸ ਦੇ ਸਵਾਲ 'ਤੇ ਐੱਲ. ਪੀ. ਆਈ. ਏ. ਦੇ ਚੇਅਰਮੈਨ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਭਾਰਤ ਸਰਕਾਰ ਵਲੋਂ ਇਸ ਬਾਬਤ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਜਲਦ ਹੀ ਇਸ ਦਾ ਹੱਲ ਕੱਢ ਲਿਆ ਜਾਵੇਗਾ। ਇਸ ਦੇ ਨਾਲ ਚੇਅਰਮੈਨ ਗੋਵਿੰਦ ਮੋਹਨ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਮਾਰਗ 'ਤੇ ਭਾਰਤ ਦੀ ਕੰਡਿਆਂਵਾਲੀ ਤਾਰ ਪਾਰ ਇਕ ਓਵਰਬਰਿੱਜ ਤਿਆਰ ਹੋਇਆ ਹੈ ਪਰ ਪਾਕਿਸਤਾਨ ਵਲੋਂ ਇਹ ਪੁੱਲ ਤਿਆਰ ਨਹੀਂ ਕੀਤਾ ਗਿਆ ਹੈ ਪਰ ਭਾਰਤ ਸਰਕਾਰ ਵਲੋਂ ਇਕ ਮਾਰਗ ਪਾਕਿਸਤਾਨ ਦੀ ਹੱਦ ਤਕ ਬਣਾ ਦਿਤਾ ਗਿਆ ਹੈ, ਜਿਸ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਜਾਵੇਗਾ। 

ਗੋਬਿੰਦ ਮੋਹਨ ਅਤੇ ਸ਼ਕੁਰਜੀ ਕਲੌਂਜੀ ਕੰਪਨੀ ਦੇ ਆਫਿਸਰ ਸ਼ੈਲੇਂਦਰ ਅਜਰੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਬਿਲਡਿੰਗ ਦੀ ਉਸਾਰੀ ਲਈ ਸਰਕਾਰ ਵਲੋਂ 50 ਏਕੜ ਲੈਂਡ ਇਕਵਾਇਰ ਕੀਤੀ ਗਈ ਹੈ ਜਿਸ ਵਿਚੋਂ 20 ਏਕੜ ਉੱਤੇ ਇਸ ਵੇਲੇ ਪੀ.ਟੀ.ਪੀ ਦਾ ਕੰਮ ਚੱਲ ਰਿਹਾ ਹੈ। ਇਸ ਪੀ. ਟੀ. ਪੀ. ਅਧੀਨ ਜਿਨ੍ਹਾਂ ਬਿਲਡਿੰਗਾਂ ਦੀ ਉਸਾਰੀ ਕੀਤੀ ਜਾਵੇਗੀ, ਉਨ੍ਹਾਂ ਵਿਚ ਈ.ਐੱਸ.ਐੱਸ ਬਿਲਡਿੰਗ, ਯੂਟੀਲਿਟੀ ਬਿਲਡਿੰਗ, ਪੀ.ਟੀ.ਬੀ ਬਿਲਡਿੰਗ, ਸਕਿਓਰਟੀ ਬਿਲਡਿੰਗ ਆਦਿ ਸ਼ਾਮਲ ਹਨ, ਨੂੰ 31 ਅਕਤੂਬਰ ਤੱਕ ਮੁਕੰਮਲ ਕਰ ਦਿੱਤਾ ਜਾਵੇਗਾ ਜਦਕਿ 30 ਏਕੜ ਜਗ੍ਹਾ ਨੂੰ ਅਜੈ ਦੂਜੇ ਫੇਜ਼ ਲਈ ਰੱਖਿਆ ਗਿਆ ਹੈ ਤਾਂ ਜੋ ਉਸ ਵਿਚ ਇਕ ਮਿਊਜ਼ੀਅਮ, ਵਾਚ ਟਾਵਰ ਤੇ ਯਾਤਰੀਆਂ ਦੇ ਰਹਿਣ ਵਾਲੇ ਯਾਤਰੀ ਭਵਨ ਦੀ ਉਸਾਰੀ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਕੋਰੀਡੋਰ ਨੂੰ ਬਣਾਉਣ ਲਈ 4 ਜੂਨ ਤੋਂ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਇਸਦੇ ਟਰੱਸਿਸ ਦੀ ਫੈਬਰੀਕੇਸ਼ਨ ਦਿੱਲੀ ਤੋਂ ਕਰਵਾਈ ਗਈ ਹੈ ਅਤੇ ਸੜਕਾਂ ਰਾਹੀਂ ਇਸ ਨੂੰ ਡੇਰਾ ਬਾਬਾ ਨਾਨਕ ਪਹੁੰਚਾਇਆ ਗਿਆ ਹੈ ਕਿਉਂਕਿ ਇਥੇ ਇਹ ਸਹੂਲਤ ਨਹੀਂ ਸੀ। 

ਉਕਤ ਅਧਿਕਾਰੀਆਂ ਨੇ ਅੱਗੇ ਕਿਹਾ ਕਿ ਇਥੇ 1800 ਦੇ ਕਰੀਬ ਮਜ਼ਦੂਰ ਅਤੇ ਅਧਿਕਾਰੀ ਦਿਨ-ਰਾਤ ਸ਼ਿਫਟਾਂ ਵਿਚ ਕੰਮ ਕਰ ਰਹੇ ਹਨ ਅਤੇ ਇਸ ਨੂੰ ਤੈਅ ਸਮੇਂ ਵਿਚ ਮੁਕੰਮਲ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੋਬਿੰਦ ਮੋਹਨ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਦੇ ਨਾਲ-ਨਾਲ ਇਸ ਉਸਾਰੀ ਨੂੰ ਸਮੇਂ ਸਿਰ ਪੂਰਾ ਕਰਨ ਹਿੱਤ ਪੰਜਾਬ ਸਰਕਾਰ ਅਤੇ ਇਸਦੀਆਂ ਏਜੰਸੀਆਂ ਵਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਕਿ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।


Gurminder Singh

Content Editor

Related News