ਕਿਸਾਨ ਦੀ ਜ਼ਮੀਨ ਕੁਰਕ ਹੋਣ ਤੋਂ ਰੁਕਵਾਈ

Wednesday, Jan 17, 2018 - 08:06 AM (IST)

ਕਿਸਾਨ ਦੀ ਜ਼ਮੀਨ ਕੁਰਕ ਹੋਣ ਤੋਂ ਰੁਕਵਾਈ

ਗਿੱਦੜਬਾਹਾ  (ਕੁਲਭੂਸ਼ਨ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਗਿੱਦੜਬਾਹਾ ਵੱਲੋਂ ਜ਼ਿਲਾ ਪ੍ਰਧਾਨ ਪੂਰਨ ਸਿੰਘ ਦੋਦਾ ਦੀ ਅਗਵਾਈ ਹੇਠ ਅੱਜ ਹਲਕੇ ਦੇ ਪਿੰਡ ਸੁਖਨਾ ਅਬਲੂ ਦੇ ਗਰੀਬ ਕਿਸਾਨ ਦੀ ਜ਼ਮੀਨ ਕੁਰਕ ਹੋਣ ਤੋਂ ਰੁਕਵਾਈ ਗਈ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਜ਼ਿਲਾ ਸੀਨੀਅਰ ਮੀਤ ਪ੍ਰਧਾਨ ਗੁਰਭਗਤ ਸਿੰਘ ਭਲਾਈਆਣਾ ਅਤੇ ਬਲਾਕ ਗਿੱਦੜਬਾਹਾ ਦੇ ਪ੍ਰਧਾਨ ਹਰਬੰਸ ਸਿੰਘ ਕੋਟਲੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਅਤੇ ਪੰਜਾਬ ਦੀ ਜਨਤਾ ਨਾਲ ਅਨੇਕਾਂ ਵਾਅਦੇ ਕੀਤੇ ਸਨ। ਇਨ੍ਹਾਂ ਵਾਅਦਿਆਂ 'ਚ ਇਕ ਵਾਅਦਾ ਕਰਜ਼ਾ-ਕੁਰਕੀ ਖਤਮ, ਫਸਲ ਦੀ ਪੂਰੀ ਰਕਮ ਦਾ ਵਾਅਦਾ ਵੀ ਕੀਤਾ ਗਿਆ ਸੀ ਪਰ ਅੱਜ ਦੇਖਣ ਨੂੰ ਮਿਲਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਾਅਵਿਆਂ ਦੇ ਉਲਟ ਸੁਖਨਾ ਅਬਲੂ ਦੇ ਗਰੀਬ ਕਿਸਾਨ ਦੀ ਜ਼ਮੀਨ ਦੀ ਕੁਰਕੀ ਗਿੱਦੜਬਾਹਾ ਦੇ ਇਕ ਆੜ੍ਹਤੀ ਵੱਲੋਂ ਖਾਲੀ ਪਰਨੋਟ 'ਤੇ ਅਦਾਲਤ ਰਾਹੀਂ 4 ਲੱਖ 50 ਹਜ਼ਾਰ ਰੁਪਏ ਨੂੰ ਲਗਭਗ 6 ਲੱਖ 85 ਹਜ਼ਾਰ ਰੁਪਏ ਦੱਸ ਕੇ ਕਿਸਾਨ ਦੀ 10 ਕਨਾਲ ਜ਼ਮੀਨ ਕੁਰਕ ਕੀਤੀ ਜਾਣੀ ਸੀ। ਕਿਸਾਨ ਜਥੇਬੰਦੀਆਂ ਦੇ ਵਿਰੋਧ ਕਾਰਨ ਅੱਜ ਚੌਥੀ ਵਾਰ ਉਕਤ ਕੁਰਕੀ ਨੂੰ ਰੱਦ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਭਵਿੱਖ 'ਚ ਕਰਜ਼ਿਆਂ ਕਾਰਨ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ। ਇਸ ਸਮੇਂ ਉਨ੍ਹਾਂ ਪੰਜਾਬ ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਵੀ ਯਾਦ ਕਰਵਾਏ।
ਇਸ ਦੌਰਾਨ ਯੂਨੀਅਨ ਦੇ ਬਲਾਕ ਜਨਰਲ ਸਕੱਤਰ ਜਸਵਿੰਦਰ ਸਿੰਘ ਦੋਦਾ ਨੇ ਮੰਗ ਕੀਤੀ ਕਿ ਕਿਸਾਨਾਂ ਦਾ ਸਾਰਾ 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਐਲਾਨ ਅਨੁਸਾਰ 2 ਲੱਖ ਰੁਪਏ ਦਾ ਕਰਜ਼ਾ ਤੁਰੰਤ ਮੁਆਫ ਕੀਤਾ ਜਾਵੇ। ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 5 ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ, ਰੋਜ਼ਗਾਰ ਨਾ ਮਿਲਣ ਤੱਕ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇ।
ਇਸ ਸਮੇਂ ਜੋਗਿੰਦਰ ਸਿੰਘ, ਮੱਖਣ ਸਿੰਘ, ਜੁਗਰਾਜ ਸਿੰਘ, ਗੁਰਮੇਲ ਸਿੰਘ, ਨਛੱਤਰ ਸਿੰਘ, ਜੈਬ ਸਿੰਘ, ਪ੍ਰਿਥੀ ਸਿੰਘ, ਹਰਪਾਲ ਸਿੰਘ, ਅਜੈਬ ਸਿੰਘ, ਸਰਦੂਲ ਸਿੰਘ, ਜਸਕਰਨ ਸਿੰਘ, ਭਗਤ ਸਿੰਘ, ਜਸਵਿੰਦਰ ਛੱਤਿਆਣਾ, ਗੁਰਾਂਦਿੱਤਾ ਸਿੰਘ, ਗੁਰਜੀਤ ਸਿੰਘ, ਗੁਲਾਬ ਸਿੰਘ, ਰਾਣਾ ਸਿੰਘ, ਗੁਰਮੇਲ ਸਿੰਘ ਆਦਿ ਮੌਜੂਦ ਸਨ।


Related News