election diary : ਜਦ ਅਡਵਾਨੀ ਹੋਏ ਨਾਰਾਜ਼ ਤੇ ਮੋਦੀ ਬਣੇ ਪੀ. ਐੱਮ. ਅਹੁਦੇ ਦਾ ਚਿਹਰਾ

Saturday, Mar 30, 2019 - 10:43 AM (IST)

election diary : ਜਦ ਅਡਵਾਨੀ ਹੋਏ ਨਾਰਾਜ਼ ਤੇ ਮੋਦੀ ਬਣੇ ਪੀ. ਐੱਮ. ਅਹੁਦੇ ਦਾ ਚਿਹਰਾ

ਜਲੰਧਰ (ਨਰੇਸ਼ ਕੁਮਾਰ)— 1999 ਤੋਂ 2004 ਵਿਚਾਲੇ ਵਾਜਪਾਈ ਸਰਕਾਰ ਵਿਚ ਉਪ ਪ੍ਰਧਾਨ ਮੰਤਰੀ ਰਹੇ ਲਾਲ ਕ੍ਰਿਸ਼ਨ ਅਡਵਾਨੀ 2009 'ਚ ਭਾਜਪਾ ਦੇ ਪੀ. ਐੱਮ. ਉਮੀਦਵਾਰ ਸਨ ਤੇ ਉਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਪੀ. ਐੱਮ. ਇਨ ਵੇਟਿੰਗ ਹਨ ਪਰ 2009 'ਚ ਭਾਜਪਾ ਬੁਰੀ ਤਰ੍ਹਾਂ ਹਾਰ ਗਈ ਤੇ 2014 ਦੀਆਂ ਚੋਣਾਂ ਦੌਰਾਨ ਆਪਣੇ ਇਸ ਪੀ. ਐੱਮ. ਇਨ ਵੇਟਿੰਗ 'ਤੇ ਦਾਅ ਲਾਉਣ ਦੀ ਬਜਾਏ ਭਾਜਪਾ 'ਚ ਨਵੇਂ ਚਿਹਰੇ ਦੀ ਕੋਸ਼ਿਸ਼ ਸ਼ੁਰੂ ਹੋ ਗਈ। ਇਹ ਕੋਸ਼ਿਸ਼ ਖਤਮ ਹੋਈ ਉਸ ਸਮੇਂ ਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ਦੇ ਨਾਂ 'ਤੇ ਪਰ ਨਰਿੰਦਰ ਮੋਦੀ ਨੂੰ 2014 ਦੀਆਂ ਚੋਣਾਂ ਦਾ ਚਿਹਰਾ ਬਣਾਉਣਾ ਇੰਨਾ ਵੀ ਸੌਖਾ ਨਹੀਂ ਸੀ। 
23 ਸਤੰਬਰ 2013 ਨੂੰ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਦੇ ਨਾਂ 'ਤੇ ਮੋਹਰ ਲਾਈ ਅਤੇ ਇਸ ਤੋਂ ਪਹਿਲਾਂ ਚੱਲ ਰਹੀਆਂ ਸਾਰੀਆਂ ਅਟਕਲਾਂ 'ਤੇ ਰੋਕ ਲੱਗ ਗਈ। ਰਾਜਨਾਥ ਸਿੰਘ ਉਸ ਸਮੇਂ ਭਾਜਪਾ ਦੇ ਪ੍ਰਧਾਨ ਸਨ ਅਤੇ ਪਾਰਟੀ ਦੇ ਸੰਸਦੀ ਬੋਰਡ ਦੀ ਬੈਠਕ 'ਚ ਨਰਿੰਦਰ ਮੋਦੀ ਦੇ ਨਾਂ 'ਤੇ ਫੈਸਲਾ ਹੋਇਆ। ਲਾਲ ਕ੍ਰਿਸ਼ਨ ਅਡਵਾਨੀ ਨਾਰਾਜ਼ਗੀ ਕਾਰਨ ਇਸ ਬੈਠਕ ਵਿਚ ਸ਼ਾਮਲ ਨਹੀਂ ਹੋਏ। ਇਸ ਅਹਿਮ ਮੀਟਿੰਗ ਵਿਚ ਸੁਸ਼ਮਾ ਸਵਰਾਜ, ਮੁਰਲੀ ਮਨੋਹਰ ਜੋਸ਼ੀ, ਅਰੁਣ ਜੇਤਲੀ, ਨਿਤਿਨ ਗਡਕਰੀ ਤੇ ਰਾਜਨਾਥ ਸਮੇਤ ਸਾਰੇ ਵੱਡੇ ਨੇਤਾ ਸ਼ਾਮਲ ਸਨ।

ਪੂਰੇ ਘਟਨਾਕ੍ਰਮ ਤੋਂ ਨਾਰਾਜ਼ ਅਡਵਾਨੀ ਨੇ ਉਸ ਸਮੇਂ ਰਾਜਨਾਥ ਦੇ ਨਾਂ ਲਿਖੇ ਚਿੱਠੀ 'ਚ ਕਿਹਾ, ''ਅੱਜ ਦੁਪਹਿਰੇ ਜਦ ਤੁਸੀਂ ਸੰਸਦੀ ਬੋਰਡ ਦੀ ਮੀਟਿੰਗ ਬਾਰੇ ਸੂਚਨਾ ਦੇਣ ਮੇਰੇ ਨਿਵਾਸ ਸਥਾਨ 'ਤੇ ਆਏ ਤਾਂ ਮੈਂ ਉਸ ਸਮੇਂ ਬਤੌਰ ਪ੍ਰਧਾਨ ਤੁਹਾਡੀ ਕਾਰਜਪ੍ਰਣਾਲੀ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਪ੍ਰਤੀ ਜਾਣੂ ਕਰਵਾਇਆ।'' ਅਡਵਾਨੀ ਨੇ ਅੱਗੇ ਲਿਖਿਆ, ''ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਸੰਸਦੀ ਬੋਰਡ ਦੇ ਸਾਹਮਣੇ ਆਪਣੇ ਵਿਚਾਰ ਰੱਖਣ ਜਾਂ ਨਾ ਰੱਖਣ ਬਾਰੇ ਤੁਹਾਨੂੰ ਸੂਚਿਤ ਕਰਾਂਗਾ। ਹੁਣ ਮੈਂ ਫੈਸਲਾ ਕੀਤਾ ਹੈ ਕਿ ਮੈਂ ਸੰਸਦੀ ਬੋਰਡ ਦੀ ਬੈਠਕ 'ਚ ਹਿੱਸਾ ਨਹੀਂ ਲਵਾਂਗਾ।''

ਜਿਸ ਸਮੇਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਚਿਹਰੇ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਸੀ, ਉਸ ਸਮੇਂ ਅਡਵਾਨੀ ਦੀ ਇਹ ਚਿੱਠੀ ਸਾਹਮਣੇ ਆਈ ਤੇ ਉਨ੍ਹਾਂ ਦੀ ਨਾਰਾਜ਼ਗੀ ਮੀਡੀਆ 'ਚ ਸੁਰਖੀ ਬਣ ਗਈ। ਹਾਲਾਂਕਿ ਨਰਿੰਦਰ ਮੋਦੀ ਦੇ ਨਾਂ ਦੇ ਐਲਾਨ ਦੇ ਤੁਰੰਤ ਬਾਅਦ ਉਹ ਲਾਲ ਕ੍ਰਿਸ਼ਨ ਅਡਵਾਨੀ ਦੇ ਨਿਵਾਸ ਸਥਾਨ 'ਤੇ ਗਏ ਤੇ ਉਨ੍ਹਾਂ ਦਾ ਆਸ਼ੀਰਵਾਦ ਹਾਸਲ ਕੀਤਾ। ਭਾਜਪਾ ਵਲੋਂ ਮੋਦੀ ਦੇ ਨਾਂ ਦੇ ਐਲਾਨ ਦਾ ਉਸ ਸਮੇਂ ਅਕਾਲੀ ਦਲ ਅਤੇ ਸ਼ਿਵਸੈਨਾ ਵਰਗੇ ਸਹਿਯੋਗੀਆਂ ਨੇ ਵੀ ਸਮਰਥਨ ਕਰ ਦਿੱਤਾ ਸੀ।


author

Tanu

Content Editor

Related News