ਸੁਖਬੀਰ ਬਾਦਲ ਨਾਲ ਕਿਸੇ ਵੀ ਕੀਮਤ ''ਤੇ ਕੋਈ ਸਮਝੌਤਾ ਨਹੀਂ : ਢੀਂਡਸਾ
Thursday, Jan 16, 2020 - 04:54 PM (IST)
ਲਹਿਰਾਗਾਗਾ (ਗਰਗ) : ਸ਼੍ਰੋਮਣੀ ਅਕਾਲੀ ਦਲ ਤੋਂ 'ਸਿਧਾਂਤਾਂ ਦੀ ਲੜਾਈ' ਦੇ ਨਾਂ 'ਤੇ ਬਗਾਵਤ ਕਰ ਚੁੱਕੇ ਢੀਂਡਸਾ ਪਰਿਵਾਰ ਨੂੰ ਪੰਜਾਬ 'ਚੋਂ ਲੋਕਾਂ ਅਤੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਦੇ ਮਿਲ ਰਹੇ ਸਮਰਥਨ ਤੋਂ ਗੱਦ-ਗੱਦ ਹੋਏ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਲਹਿਰਾਗਾਗਾ ਵਿਖੇ ਆਪਣੇ ਸਮਰਥਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਢੀਂਡਸਾ ਪਰਿਵਾਰ ਆਪਣੇ ਮਿਸ਼ਨ 'ਸਿਧਾਂਤਾਂ ਦੀ ਲੜਾਈ' ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਸ਼੍ਰੋਮਣੀ ਅਕਾਲੀ ਦਲ ਦਾ ਪੰਚ ਪ੍ਰਧਾਨੀ ਸਿਧਾਂਤ ਸੀ, ਜਿਸ ਤੋਂ ਅਕਾਲੀ ਦਲ ਡਿਕਟੇਟਰਸ਼ਿਪ ਕਰਕੇ ਭਟਕ ਗਿਆ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲਹਿਰਾਗਾਗਾ ਤੋਂ ਸ਼ੁਰੂ ਹੋਇਆ ਉਕਤ ਮਿਸ਼ਨ ਸਮੁੱਚੇ ਪੰਜਾਬ 'ਚ ਲੋਕ ਲਹਿਰ ਦਾ ਰੂਪ ਧਾਰਨ ਕਰੇਗਾ।
ਇਸ ਉਪਰੰਤ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਨਿੱਜੀ ਮੁਫਾਦਾਂ ਦੀ ਲੜਾਈ ਨਹੀਂ ਲੜਦੇ, ਇਸ ਲਈ ਸੁਖਬੀਰ ਸਿੰਘ ਬਾਦਲ ਨਾਲ ਕਿਸੇ ਵੀ ਕੀਮਤ 'ਤੇ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਸਾਰੀਆਂ ਹੀ ਪਾਰਟੀਆਂ ਦੇ ਨੇਤਾਵਾਂ ਨੂੰ ਨਾਲ ਲੈ ਕੇ ਸਿਧਾਂਤਾਂ ਦੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ 18 ਜਨਵਰੀ ਨੂੰ ਦਿੱਲੀ ਵਿਖੇ ਰੱਖੀ ਗਈ ਰੈਲੀ 'ਚ ਉਹ ਜ਼ਰੂਰ ਸ਼ਾਮਲ ਹੋਣਗੇ ਅਤੇ ਦਿੱਲੀ ਚੋਣਾਂ ਵਿਚ ਕਿਸੇ ਵੀ ਪਾਰਟੀ ਦਾ ਸਮਰਥਨ ਕਰਨ ਸਬੰਧੀ ਸਾਰੇ ਨੇਤਾਵਾਂ ਦੀ ਸਹਿਮਤੀ ਨਾਲ ਫੈਸਲਾ ਕੀਤਾ ਜਾਵੇਗਾ।
ਉਨ੍ਹਾਂ ਢੀਂਡਸਾ ਪਰਿਵਾਰ 'ਤੇ ਕਾਂਗਰਸ ਨਾਲ ਮਿਲੀਭੁਗਤ ਦੇ ਲੱਗ ਰਹੇ ਦੋਸ਼ਾਂ ਤੋਂ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਬਰਗਾੜੀ ਬੇਅਬਦੀ ਕਾਂਡ 'ਤੇ ਅੱਜ ਤੱਕ ਕੋਈ ਕਾਰਵਾਈ ਨਾ ਹੋਣਾ ਸਾਬਤ ਕਰਦਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਆਪਸ 'ਚ ਮਿਲੇ ਹੋਏ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ ਪਰ ਸਰਦਾਰ ਢੀਂਡਸਾ ਦੀ ਸੋਚ ਪੰਜਾਬ ਨੂੰ ਬੁਲੰਦੀਆਂ 'ਤੇ ਲੈ ਕੇ ਜਾਣ ਦੀ ਹੈ। ਢੀਂਡਸਾ ਪਰਿਵਾਰ ਆਪਣੇ ਮਿਸ਼ਨ ਤੋਂ ਕਿਸੇ ਵੀ ਕੀਮਤ 'ਤੇ ਪਿੱਛੇ ਨਹੀਂ ਹੱਟੇਗਾ।
ਇਸ ਮੌਕੇ ਢੀਂਡਸਾ ਦੇ ਨਾਲ ਸੀਨੀਅਰ ਆਗੂ ਸੁਖਵੰਤ ਸਿੰਘ ਸਰਾਓਂ, ਪ੍ਰਚਾਰ ਕਮੇਟੀ ਦੇ ਮੈਂਬਰ ਰਾਮਪਾਲ ਸਿੰਘ ਬਹਿਣੀਵਾਲ, ਪਾਰਟੀ ਦੇ ਜਨਰਲ ਸਕੱਤਰ ਗੁਰਬਚਨ ਬੱਚੀ, ਜਨਰਲ ਕੌਂਸਲ ਦੇ ਮੈਂਬਰ ਚਮੇਲਾ ਰਾਮ ਠੇਕੇਦਾਰ, ਪੀ. ਏ. ਵਰਿੰਦਰਪਾਲ ਸਿੰਘ ਟੀਟੂ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ।