ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜੋਰ ਤੋਂ 23 ਲੱਖ ਲੁੱਟਣ ਵਾਲਾ ਮਾਸਟਰਮਾਈਂਡ ਸਾਥੀ ਸਣੇ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

Friday, Jul 28, 2023 - 07:01 PM (IST)

ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜੋਰ ਤੋਂ 23 ਲੱਖ ਲੁੱਟਣ ਵਾਲਾ ਮਾਸਟਰਮਾਈਂਡ ਸਾਥੀ ਸਣੇ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

ਫਿਲੌਰ (ਭਾਖੜੀ)- ਲਾਡੋਵਾਲ ਟੋਲ ਪਲਾਜ਼ਾ ਦੀ ਕੈਸ਼ ਵੈਨ ’ਚੋਂ 23.50 ਲੱਖ ਰੁਪਏ ਲੁੱਟਣ ਵਾਲੇ ਮਾਸਟਰਮਾਈਂਡ ਵਿਪਨ ਕੁਮਾਰ ਅਤੇ ਉਸ ਦੇ ਸਾਥੀ ਸੰਨੀ ਨੂੰ ਵੀਰਵਾਰ ਪੁਲਸ ਨੇ ਲੁੱਟ ਦੇ 15 ਲੱਖ 50 ਹਜ਼ਾਰ ਰੁਪਏ ਅਤੇ ਘਟਨਾ ਸਮੇਂ ਵਰਤੇ ਗਏ ਤੇਜ਼ਧਾਰ ਹਥਿਆਰ ਅਤੇ 500 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕਰ ਲਿਆ। ਪ੍ਰੈੱਸ ਕਾਨਫ਼ਰੰਸ ਦੌਰਾਨ ਡੀ. ਐੱਸ. ਪੀ. ਫਿਲੌਰ ਜਗਦੀਸ਼ ਰਾਜ ਨੇ ਦੱਸਿਆ ਕਿ ਬੀਤੀ 24 ਤਾਰੀਖ਼ ਦੀ ਸਵੇਰ 11 ਵਜੇ 5 ਮੁਲਜ਼ਮਾਂ ਨੇ ਜੋ ਵ੍ਹਾਈਟ ਰੰਗ ਦੀ ਬ੍ਰੀਜ਼ਾ ਕਾਰ ਵਿਚ ਆ ਕੇ ਫਿਲੌਰ ਬੱਸ ਅੱਡੇ ਨੇੜੇ ਲਾਡੋਵਾਲ ਟੋਲ ਪਲਾਜ਼ਾ ਦੀ ਕੈਸ਼ ਵੈਨ ਨੂੰ ਘੇਰ ਕੇ ਮੈਨੇਜਰ ਤੋਂ ਸਾਢੇ 23 ਲੱਖ ਰੁਪਏ ਲੁੱਟ ਲਏ ਸਨ। ਘਟਨਾ ਤੋਂ 24 ਘੰਟਿਆਂ ਬਾਅਦ ਹੀ ਇੰਸਪੈਕਟਰ ਹਰਜਿੰਦਰ ਕੁਮਾਰ ਦੀ ਪੁਲਸ ਪਾਰਟੀ ਨੇ 2 ਲੁਟੇਰਿਆਂ ਮਨਪ੍ਰੀਤ ਸੱਲ੍ਹਣ ਅਤੇ ਗੁਰਪ੍ਰੀਤ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਲੱਖ ਰੁਪਏ ਬਰਾਮਦ ਕਰ ਲਏ ਸਨ।


ਇਸ ਤੋਂ ਬਾਅਦ ਪੁਲਸ ਨੂੰ ਪਤਾ ਲੱਗਾ ਕਿ ਪੂਰੀ ਲੁੱਟ ਦੀ ਘਟਨਾ ਦਾ ਮਾਸਟਰਮਾਈਂਡ ਵਿਪਨ ਕੁਮਾਰ ਹੈ, ਜੋ ਟੋਲ ਪਲਾਜ਼ਾ ’ਤੇ ਡਰਾਈਵਰੀ ਦਾ ਕੰਮ ਕਰ ਚੁੱਕਾ ਹੈ ਅਤੇ ਇਸ ਘਟਨਾ ਵਿਚ ਉਸ ਦਾ ਪੂਰਾ ਸਾਥ ਸੰਨੀ ਅਤੇ ਗੋਪੀ ਨੇ ਦਿੱਤਾ ਹੈ। ਉਹ ਉਨ੍ਹਾਂ ਨੂੰ ਲੁੱਟ ਦੇ ਪੈਸਿਆਂ ’ਚੋਂ ਉਨ੍ਹਾਂ ਦਾ ਹਿੱਸਾ ਦੇ ਕੇ ਬਾਕੀ ਦੀ ਰਕਮ ਨਾਲ ਲੈ ਕੇ ਫਰਾਰ ਹੈ, ਜਿਸ ਤੋਂ ਬਾਅਦ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਵਲੋਂ ਗੋਰਾਇਆ ਥਾਣਾ ਦੇ ਮੁਖੀ ਸੁਰਿੰਦਰ ਕੁਮਾਰ ਅਤੇ ਫਿਲੌਰ ਥਾਣਾ ਦੇ ਮੁਖੀ ਹਰਜਿੰਦਰ ਸਿੰਘ ਨੂੰ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਆਪ੍ਰੇਸ਼ਨ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ, ਜੋ 36 ਘੰਟਿਆਂ ਤੱਕ ਬਿਨਾਂ ਕੋਈ ਸਮਾਂ ਗਵਾਏ ਮੁਲਜ਼ਮਾਂ ਨੂੰ ਫੜਨ ਉਨ੍ਹਾਂ ਦੇ ਪਿੱਛੇ ਲੱਗੇ ਰਹੇ, ਜਿਨ੍ਹਾਂ ਦੇ ਹੱਥ ਅੱਜ ਕਾਮਯਾਬੀ ਲੱਗ ਗਈ।

ਇਹ ਵੀ ਪੜ੍ਹੋ-  ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ 23 ਲੱਖ ਲੁੱਟਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਡਰਾਈਵਰ ਨਿਕਲਿਆ ਮਾਸਟਰ ਮਾਈਂਡ

ਨਸ਼ੇ ਦੀ ਲਤ ਕਾਰਨ ਲੁੱਟ ਦੀ ਘਟਨਾ ਨੂੰ ਦਿੱਤਾ ਅੰਜਾਮ, ਇਸੇ ਬੁਰੀ ਆਦਤ ਕਾਰਨ ਚੜ੍ਹੇ ਪੁਲਸ ਦੇ ਹੱਥੇ
ਡੀ. ਐੱਸ. ਪੀ. ਜਗਦੀਸ਼ ਰਾਜ ਨੇ ਦੱਸਿਆ ਕਿ 2 ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਪਨ ਅਤੇ ਸੰਨੀ ਅਜੇ ਫਰਾਰ ਹਨ ਅਤੇ ਉਹ ਨਸ਼ੇ ਦੇ ਆਦੀ ਹਨ ਤਾਂ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਸੰਨੀ ਨਾਲ ਨਸ਼ਾ ਕਰਨ ਵਾਲੇ ਉਸ ਦੇ ਦੋਸਤਾਂ ਦੀ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੇ ਹੱਥ ਇਕ ਅਹਿਮ ਜਾਣਕਾਰੀ ਲੱਗੀ ਕਿ ਸੰਨੀ ਅਤੇ ਵਿਪਨ ਦੋਵੇਂ ਗੰਨਾ ਪਿੰਡ ਦੀ ਨਸ਼ਾ ਸਮੱਗਲਰ ਇਕ ਔਰਤ ਤੋਂ ਮਾਲ ਖਰੀਦਦੇ ਹਨ। ਮਹਿਲਾ ਨਸ਼ਾ ਸਮੱਗਲਰ ਦਾ ਫੋਨ ਨੰਬਰ ਹਾਸਲ ਕਰਕੇ ਉਸ ਦੀ ਕਾਲ ਡਿਟੇਲ ਕਢਵਾਈ ਤਾਂ ਉਸ ਵਿਚ ਸੰਨੀ ਅਤੇ ਵਿਪਨ ਦੋਵਾਂ ਦੇ ਫੋਨ ਨੰਬਰ ਨਹੀਂ ਮਿਲੇ ਤਾਂ ਪੁਲਸ ਨੂੰ ਪਤਾ ਲੱਗ ਗਿਆ ਕਿ ਉਹ ਇਸ ਨਾਜਾਇਜ਼ ਕੰਮ ਵਿਚ ਕਿਸੇ ਦੂਜੇ ਦੇ ਨਾਂ ਤੋਂ ਲਏ ਸਿਮ ਦੀ ਵਰਤੋਂ ਕਰ ਰਹੇ ਹਨ ਤਾਂ ਪੁਲਸ ਪਾਰਟੀ ਨੇ ਉਸ ਮਹਿਲਾ ਨਸ਼ਾ ਸਮੱਗਲਰ ਦੇ ਫੋਨ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਬੀਤੇ ਦਿਨ ਸ਼ਾਮ ਨੂੰ ਉਸੇ ਔਰਤ ਦੀ ਲੋਕੇਸ਼ਨ ਪਿੰਡ ਅੱਟੀ ਦੀ ਆਉਣ ਲੱਗ ਪਈ ਤਾਂ ਪੁਲਸ ਨੇ ਉੱਥੇ ਪੱਜ ਕੇ ਉਸ ਨੂੰ 15 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਜਦੋਂ ਦੋਵੇਂ ਲੁਟੇਰਿਆਂ ਦੀਆਂ ਤਸਵੀਰਾਂ ਵਿਖਾਈਆਂ ਤਾਂ ਉਸ ਨੇ ਉਨ੍ਹਾਂ ਦੀ ਪਛਾਣ ਕਰਦੇ ਹੋਏ ਦੱਸਿਆ ਕਿ ਇਹ ਸੰਨੀ ਅਤੇ ਵਿਪਨ ਹਨ।

PunjabKesari

ਉਸ ਨੇ ਦੱਸਿਆ ਕਿ ਸੰਨੀ ਲੁੱਟ ਦੀ ਘਟਨਾ ਤੋਂ ਅਗਲੇ ਹੀ ਦਿਨ 25 ਤਾਰੀਖ਼ ਨੂੰ ਉਸ ਦੇ ਕੋਲ ਮੋਟਰਸਾਈਕਲ ’ਤੇ ਆਇਆ ਸੀ ਅਤੇ 40 ਹਜ਼ਾਰ ਰੁਪਏ ਦਾ ਚਿੱਟਾ ਖ਼ਰੀਦ ਕੇ ਲੈ ਕੇ ਗਿਆ ਸੀ। ਸੰਨੀ ਕੋਲ ਹੁਣ ਇਹ ਵਾਲਾ ਨਵਾਂ ਨੰਬਰ ਚੱਲ ਰਿਹਾ ਹੈ। ਜਦੋਂ ਪੁਲਸ ਨੇ ਉਸ ਨੰਬਰ ਦੀ ਜਾਂਚ ਕੀਤੀ ਤਾਂ ਉਹ ਵੀ ਬੰਦ ਆ ਰਿਹਾ ਸੀ। ਜਦੋਂ ਉਸ ਦੀ ਆਖਰੀ ਲੋਕੇਸ਼ਨ ਕਢਵਾਈ ਤਾਂ ਉਹ ਨਵਾਂਸ਼ਹਿਰ ’ਚ ਪੈਂਦੇ ਪਿੰਡ ਅਮਰਗੜ੍ਹ ਦੀ ਆਈ। ਪੁਲਸ ਜਦੋਂ ਉੱਥੇ ਪੁੱਜੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਅਮਰਗੜ੍ਹ ’ਚ ਸੰਨੀ ਦੇ ਨਾਨਕੇ ਹਨ, ਉਹ ਘਟਨਾ ਨੂੰ ਅੰਜਾਮ ਦੇ ਕੇ ਵਿਪਨ ਨਾਲ ਉੱਥੇ ਹੀ ਰਹਿ ਰਿਹਾ ਹੈ।

ਇਹ ਵੀ ਪੜ੍ਹੋ- ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਵੱਡੀ ਖ਼ਬਰ, ਗੈਂਗਸਟਰ ਲਾਰੈਂਸ ਸਣੇ ਸਾਰੇ ਮੁਲਜ਼ਮਾਂ ਦੀ ਮਾਨਸਾ ਕੋਰਟ 'ਚ ਪੇਸ਼ੀ

ਫਿਲਮੀ ਅੰਦਾਜ਼ ’ਚ ਪੁਲਸ ਨੇ ਦਬੋਚੇ ਦੋਵੇਂ ਮੁੱਖ ਮੁਲਜ਼ਮ
ਜਿਉਂ ਹੀ ਇੰਸਪੈਕਟਰ ਸੁਰਿੰਦਰ ਕੁਮਾਰ ਅਤੇ ਫਿਲੌਰ ਥਾਣੇ ਦੇ ਮੁਖੀ ਹਰਜਿੰਦਰ ਸਿੰਘ ਦੀਆਂ ਪੁਲਸ ਪਾਰਟੀਆਂ ਮੁਲਜ਼ਮਾਂ ਨੂੰ ਫੜਨ ਲਈ ਅਮਰਗੜ੍ਹ ਪੁੱਜੀਆਂ ਤਾਂ ਉੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਸੰਨੀ ਦੇ ਗੋਡੇ ’ਤੇ ਸੱਟ ਲੱਗ ਗਈ ਹੈ, ਉਹ ਵਿਪਨ ਦੇ ਨਾਲ ਨਵਾਂਸ਼ਹਿਰ ਹਸਪਤਾਲ ਇਲਾਜ ਕਰਵਾਉਣ ਗਿਆ ਹੈ ਤਾਂ ਇੰਸਪੈਕਟਰ ਸੁਰਿੰਦਰ ਕੁਮਾਰ ਸਿਵਲ ਵਰਦੀ ’ਚ ਆਪਣੇ ਹੀ ਸਾਥੀ ਮੁਲਾਜ਼ਮ ਨੂੰ ਮਰੀਜ਼ ਬਣਾ ਕੇ ਹਸਪਤਾਲ ਦੇ ਅੰਦਰ ਦਾਖ਼ਲ ਹੋ ਗਏ, ਜਦਕਿ ਇੰਸਪੈਕਟਰ ਹਰਜਿੰਦਰ ਸਿੰਘ ਦੀ ਟੀਮ ਨੇ ਮੁਲਜ਼ਮਾਂ ਨੂੰ ਫੜਨ ਲਈ ਪੂਰੇ ਹਸਪਤਾਲ ਨੂੰ ਬਾਹਰੋਂ ਘੇਰ ਲਿਆ ਤਾਂ ਉਸੇ ਸਮੇਂ ਹਸਪਤਾਲ ਦੇ ਅੰਦਰ ਉਨ੍ਹਾਂ ਨੂੰ ਮੁੱਖ ਸਾਜ਼ਿਸ਼ਕਰਤਾ ਵਿਪਨ ਦਿਖਾਈ ਦਿੱਤਾ।

ਪੁਲਸ ਨੇ ਜਿਉਂ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਤਾਂ ਸੰਨੀ ਨੋਟਾਂ ਨਾਲ ਭਰਿਆ ਬੈਗ ਲੈ ਕੇ ਹਸਪਤਾਲ ’ਚੋਂ ਪੁਲਸ ਨੂੰ ਧੋਖਾ ਦੇ ਕੇ ਫਰਾਰ ਹੋ ਕੇ ਜੰਗਲ ’ਚ ਦਾਖ਼ਲ ਹੋ ਗਿਆ। 2 ਘੰਟਿਆਂ ਦੀ ਸਰਚ ਤੋਂ ਬਾਅਦ ਅਤੇ ਸਵੇਰ ਹੋਣ ਤੋਂ ਪਹਿਲਾਂ ਪੁਲਸ ਨੇ ਸੰਨੀ ਨੂੰ ਵੀ ਫੜ ਲਿਆ, ਜਿਸ ਕੋਲੋਂ ਨੋਟਾਂ ਨਾਲ ਭਰਿਆ ਬੈਗ ਮਿਲ ਗਿਆ। ਪੁਲਸ ਹੁਣ ਤੱਕ ਲੁੱਟ ਦੀ ਰਕਮ ’ਚੋਂ 15 ਲੱਖ 50 ਹਜ਼ਾਰ ਰੁਪਏ ਬਰਾਮਦ ਕਰ ਚੁੱਕੀ ਹੈ। ਐੱਸ. ਐੱਸ. ਪੀ. ਜਲੰਧਰ ਵੱਲੋਂ ਬਣਾਈ ਗਈ ਦੋਵੇਂ ਥਾਣਾ ਮੁਖੀਆਂ ਦੀ ਟੀਮ ਦੀ ਮਿਹਨਤ ਰੰਗ ਲੈ ਆਈ ਅਤੇ ਲੁੱਟ ਦੀ ਪੂਰੀ ਘਟਨਾ ਤੋਂ ਪਰਦਾ ਉੱਠ ਗਿਆ।

ਇਹ ਵੀ ਪੜ੍ਹੋ-  16 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ 'ਚ ਮਾਂ ਨੂੰ ਕਹੇ ਭਾਵੁਕ ਕਰ ਦੇਣ ਵਾਲੇ ਬੋਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News