ਪੰਜਾਬ ਦੇ ਸਭ ਤੋਂ ਮੁੱਖ 'ਟੋਲ ਪਲਾਜ਼ੇ' 'ਤੇ ਕਿਸਾਨਾਂ ਦਾ ਜ਼ਬਰਦਸਤ ਪ੍ਰਦਰਸ਼ਨ, ਮੁਫ਼ਤ ਲੰਘਾਏ ਜਾ ਰਹੇ ਵਾਹਨ
Wednesday, Oct 07, 2020 - 04:32 PM (IST)
ਲੁਧਿਆਣਾ (ਅਨਿਲ, ਨਰਿੰਦਰ) : ਰੇਲਾਂ ਰੋਕਣ ਦੇ ਬਾਵਜੂਦ ਜਦੋਂ ਕੇਂਦਰ ਸਰਕਾਰ 'ਤੇ ਕੋਈ ਅਸਰ ਨਹੀਂ ਹੋਇਆ ਤਾਂ ਹੁਣ ਕਿਸਾਨ ਜੱਥੇਬੰਦੀਆਂ ਨੇ ਟੋਲ ਪਲਾਜ਼ੇ ਘੇਰਨ ਦਾ ਫ਼ੈਸਲਾ ਲੈ ਲਿਆ ਹੈ ਅਤੇ ਅੱਜ ਕਿਸਾਨ ਸੰਘਰਸ਼ ਕਮੇਟੀ ਵੱਲੋਂ ਲੁਧਿਆਣਾ ਦਾ ਟੋਲ ਪਲਾਜ਼ਾ ਜੋ ਕਿ ਪੰਜਾਬ ਦਾ ਹੀ ਨਹੀ, ਪੂਰੇ ਭਾਰਤ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ, ਨੂੰ ਬੰਦ ਕਰ ਦਿੱਤਾ ਗਿਆ ਅਤੇ ਸਾਰੀਆਂ ਗੱਡੀਆਂ ਮੁਫ਼ਤ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ।
ਉਧਰ ਕਿਸਾਨਾਂ ਦੇ ਇਸ ਕਦਮ ਤੋਂ ਬਾਅਦ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਵੱਡੀ ਗਿਣਤੀ 'ਚ ਪੁਲਸ ਨੂੰ ਤਾਇਨਾਤ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ ਨੇ ਕਿਹਾ ਕਿ ਕਿਸਾਨਾਂ ਦੀ ਲੁੱਟ-ਖਸੁੱਟ ਕੀਤੀ ਜਾ ਰਹੀ ਹੈ, ਕੇਂਦਰ ਸਰਕਾਰ ਗੱਲ ਮੰਨਣ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ।
ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਦੇ ਬੇਟੇ ਨੂੰ ਇੱਥੋਂ ਆਮਦਨ ਹੁੰਦੀ ਹੈ, ਇਸ ਕਰਕੇ ਉਨ੍ਹਾਂ ਨੇ ਇਸ ਨੂੰ ਬਿਨਾਂ ਟੋਲ ਖੋਲ੍ਹਣ ਦਾ ਫ਼ੈਸਲਾ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਫ਼ੈਸਲੇ ਕੇਂਦਰ ਸਰਕਾਰ ਨੇ ਹੀ ਕਰਨੇ ਹਨ ਤਾਂ ਪੰਜਾਬ ਦੀ ਕੈਬਨਿਟ ਨੂੰ ਭੰਗ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੰਤਰੀ ਅਤੇ ਵਿਧਾਇਕ ਜਦੋਂ ਲੱਖਾਂ ਦੀ ਤਨਖਾਹ ਲੈ ਕੇ ਚਿੱਟਾ ਹਾਥੀ ਸਾਬਤ ਹੋ ਰਹੇ ਹਨ ਤਾਂ ਉਨ੍ਹਾਂ ਦਾ ਕੀ ਫ਼ਾਇਦਾ। ਉਨ੍ਹਾਂ ਕਿਹਾ ਕਿ ਸਰਕਾਰ ਨਾ ਸਿਰਫ਼ ਕਿਸਾਨਾਂ ਸਗੋਂ ਆਮ ਲੋਕਾਂ ਦਾ ਵੀ ਲੱਕ ਤੋੜ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਸੰਘਰਸ਼ 'ਚ ਡਟੇ ਰਹਿਣਗੇ। ਸੰਤੋਖ ਸਿੰਘ ਨੇ ਕਿਹਾ ਪੰਜਾਬ ਦੇ 'ਚ ਜੇਕਰ ਮੋਟਰਾਂ ਦੇ ਬਿੱਲ ਮੁਆਫ਼ ਨਹੀਂ ਹੁੰਦੇ ਤਾਂ ਕਿਸਾਨੀ 'ਚੋਂ ਕੁੱਝ ਵੀ ਨਹੀਂ ਬਚਦਾ। ਉਨ੍ਹਾਂ ਕਿਹਾ ਕਿ ਪਰ ਹੁਣ ਕੇਂਦਰ ਸਰਕਾਰ ਕਿਰਸਾਨੀ 'ਤੇ ਪੂਰੀ ਤਰਾਂ ਕਾਬਜ਼ ਹੋਣਾ ਚਾਹੁੰਦੀ ਹੈ।