ਕੰਮ ਦੌਰਾਨ ਡਿੱਗਿਆ ਪਰਵਾਸੀ ਮਜ਼ਦੂਰ, ਸਰੀਆ ਢਿੱਡ ’ਚ ਖੁੱਭਣ ਕਾਰਨ ਮੌਤ
Saturday, Jul 20, 2024 - 12:05 PM (IST)
![ਕੰਮ ਦੌਰਾਨ ਡਿੱਗਿਆ ਪਰਵਾਸੀ ਮਜ਼ਦੂਰ, ਸਰੀਆ ਢਿੱਡ ’ਚ ਖੁੱਭਣ ਕਾਰਨ ਮੌਤ](https://static.jagbani.com/multimedia/2024_7image_12_04_207692691deadbody.jpg)
ਖਰੜ (ਰਣਬੀਰ) : ਨਿਊ ਸੰਨੀ ਇਨਕਲੇਵ ਸੈਕਟਰ-123 ਵਿਖੇ ਉਸਾਰੀ ਅਧੀਨ ਇਕ ਇਮਾਰਤ ਵਾਲੀ ਥਾਂ 'ਤੇ ਕੰਮ ਕਰਨ ਦੌਰਾਨ ਜ਼ਖ਼ਮੀ ਹੋਏ ਪਰਵਾਸੀ ਮਜ਼ਦੂਰ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਰਾਕੇਸ਼ (31) ਨਾਂ ਦਾ ਪਰਵਾਸੀ ਮਜ਼ਦੂਰ ਲੇਬਰ ਦਾ ਕੰਮ ਕਰਦਾ ਸੀ। ਛੱਤ ’ਤੇ ਸਰੀਆ ਬੰਨ੍ਹਦੇ ਹੋਏ ਉਸ ਦਾ ਪੈਰ ਅਚਾਨਕ ਸਰੀਏ ’ਚ ਫਸਣ ਕਾਰਨ ਉਹ ਆਪਣਾ ਸੰਤੁਲਨ ਖੋਹ ਕੇ ਸਰੀਏ ’ਤੇ ਡਿੱਗ ਪਿਆ।
ਇਸ ਕਾਰਨ ਉਸ ਦੇ ਢਿੱਡ 'ਚ ਸਰੀਆ ਖੁੱਭ ਜਾਣ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸੈਕਟਰ-32 ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਵਾਰਸਾਂ ਨੂੰ ਇਸ ਦੀ ਇਤਲਾਹ ਦੇ ਦਿੱਤੀ ਗਈ ਹੈ। ਜਿਨ੍ਹਾਂ ਦੇ ਇੱਥੇ ਪੁੱਜਣ ’ਤੇ ਪੁਲਸ ਵਲੋਂ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।