ਨਿਰਮਾਣ ਅਧੀਨ ਗੋਦਾਮ ਦੀ ਪੈੜ ਤੋਂ ਡਿੱਗਣ ਕਾਰਨ ਮਜ਼ਦੂਰ ਦੀ ਮੌਤ
Friday, Jan 17, 2025 - 12:49 PM (IST)
ਡੇਰਾਬੱਸੀ (ਗੁਰਜੀਤ) : ਸਥਾਨਕ ਗੁਲਾਬਗੜ੍ਹ ਬੇਹੜਾ ਰੋਡ 'ਤੇ ਸਥਿਤ ਇੱਕ ਨਿਰਮਾਣ ਅਧੀਨ ਗੋਦਾਮ ਦੀ ਪੈੜ ਤੋਂ ਡਿੱਗਣ ਕਾਰਨ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 20 ਸਾਲਾ ਸੁਹੇਲ ਪੁੱਤਰ ਇਸਰਾਜ ਵਾਸੀ ਬੜਾ ਕੁੰਡਾ ਕਲਾਂ ਸਹਾਰਨਪੁਰ ਉੱਤਰ ਪ੍ਰਦੇਸ਼ ਦੇ ਤੌਰ 'ਤੇ ਹੋਈ ਹੈ, ਜੋ ਨਿਰਮਾਣ ਅਧੀਨ ਗੋਦਾਮ ਨੇੜੇ ਹੀ ਕਮਰੇ ਵਿੱਚ ਰਹਿੰਦਾ ਸੀ। ਪੁਲਸ ਨੇ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਸੁਹੇਲ ਦੇ ਰਿਸ਼ਤੇਦਾਰ ਇਮਰਾਨ ਨੇ ਦੱਸਿਆ ਕਿ ਗੁਲਾਬਗੜ੍ਹ ਬੇਹੜਾ ਰੋਡ 'ਤੇ ਸਥਿਤ ਇੱਕ ਫੈਕਟਰੀ ਦੇ ਗੋਦਾਮ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ, ਜਿੱਥੇ ਸੁਹੇਲ ਪਿਛਲੇ ਕਈ ਦਿਨਾਂ ਤੋਂ ਲੇਬਰ ਦਾ ਕੰਮ ਕਰ ਰਿਹਾ ਸੀ। ਅੱਜ ਸਵੇਰੇ ਕਰੀਬ 10 ਵਜੇ ਜਦੋਂ ਗੋਦਾਮ 'ਤੇ ਟੀਨਾ ਚੜ੍ਹਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਪੈੜ ਤੋਂ ਉਸ ਦਾ ਪੈਰ ਫ਼ਿਸਲ ਗਿਆ ਅਤੇ ਉਹ ਥੱਲੇ ਜਮੀਨ 'ਤੇ ਆ ਡਿੱਗਿਆ। ਇਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ 7 ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਦੇ ਦੋਸਤ ਅਤੇ ਰਿਸ਼ਤੇਦਾਰਾਂ ਨੇ ਠੇਕੇਦਾਰ 'ਤੇ ਸੁਰੱਖਿਆ ਇੰਤਜ਼ਾਮਾਂ ਦੀ ਅਣਦੇਖੀ ਕਰਨ ਦੇ ਇਲਜ਼ਾਮ ਲਗਾਏ ਹਨ। ਤਫ਼ਤੀਸੀ ਅਫ਼ਸਰ ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।