ਕੁਵੈਤ ''ਚ ਫਸੇ ਪੰਜਾਬੀਆਂ ਦਾ ਬੁਰਾ ਹਾਲ, ਦਿਨ ''ਚ ਇਕ ਵਾਰ ਮਿਲ ਰਹੀ ''ਰੋਟੀ''

06/09/2020 6:37:52 PM

ਮਾਛੀਵਾੜਾ ਸਾਹਿਬ,(ਟੱਕਰ, ਸਚਦੇਵਾ) : ਕੋਰੋਨਾ ਮਹਾਮਾਰੀ ਕਾਰਨ ਕੁਵੈਤ 'ਚ ਪਿਛਲੇ 3 ਮਹੀਨਿਆਂ ਤੋਂ ਬੇਰੋਜ਼ਗਾਰ ਫਸੇ ਬੈਠੇ ਸੈਂਕੜੇ ਪੰਜਾਬੀ ਵਤਨ ਵਾਪਸੀ ਲਈ ਭਾਰਤ ਦੀ ਕੇਂਦਰ ਤੇ ਪੰਜਾਬ ਸਰਕਾਰ ਵੱਲ ਆਸ ਲਗਾਈ ਬੈਠੇ ਹਨ ਪਰ ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਅੱਜ ਉਥੇ ਇਹ ਹਾਲਾਤ ਹੋ ਗਏ ਹਨ ਕਿ ਇਨ੍ਹਾਂ ਪੰਜਾਬੀ ਨੌਜਵਾਨਾਂ ਨੂੰ ਕੁਵੈਤ ਦੀਆਂ ਕੰਪਨੀਆਂ ਧਮਕਾਉਣ ਲੱਗ ਪਈਆਂ ਹਨ।
ਕੁਵੈਤ 'ਚ ਫਸੇ ਪੰਜਾਬੀ ਨੌਜਵਾਨਾਂ ਨੇ ਅੱਜ 'ਜਗ ਬਾਣੀ' ਨੂੰ ਦੱਸਿਆ ਕਿ ਜਦੋਂ ਉਹ ਕੰਪਨੀ ਅਧਿਕਾਰੀਆਂ ਤੋਂ ਆਪਣਾ ਪਾਸਪੋਰਟ ਵਾਪਿਸ ਮੰਗਦੇ ਹਨ ਤਾਂ ਅੱਗੋਂ ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ ਅਤੇ ਜਬਰੀ ਬਿਨ੍ਹਾਂ ਪੜ੍ਹੇ ਫਾਰਮਾਂ 'ਤੇ ਦਸਤਖ਼ਤ ਕਰਵਾਏ ਜਾ ਰਹੇ ਹਨ ਤਾਂ ਜੋ ਇਥੇ ਫਸੇ ਨੌਜਵਾਨ ਆਪਣੀ ਤਨਖਾਹ ਲਈ ਕੋਈ ਕਲੇਮ ਨਾ ਕਰ ਸਕਣ। ਇਨ੍ਹਾਂ ਪੰਜਾਬੀ ਨੌਜਵਾਨਾਂ ਨੇ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਉਹ ਭਾਰਤ ਵਾਪਸੀ ਲਈ ਅਤੇ ਇੱਥੇ ਕੰਪਨੀ ਤੋਂ ਆਪਣੀ ਤਨਖਾਹ ਲਈ ਅਵਾਜ਼ ਉਠਾ ਰਹੇ ਹਨ। ਉਸ ਦਿਨ ਤੋਂ ਨਾ ਹੀ ਸਾਡੀ ਸਰਕਾਰ ਨੇ ਸਾਰ ਲਈ ਬਲਕਿ ਇੱਥੋਂ ਦੀ ਕੰਪਨੀ ਦੇ ਨੁਮਾਇੰਦੇ ਉਨ੍ਹਾਂ 'ਤੇ ਅਣਮਨੁੱਖੀ ਤਸ਼ੱਦਦ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਪਹਿਲਾਂ ਤਾਂ ਕੰਪਨੀ ਵਧੀਆ ਖਾਣਾ ਦਿੰਦੀ ਰਹੀ ਪਰ ਹੁਣ ਪਿਛਲੇ ਕੁੱਝ ਦਿਨਾਂ ਤੋਂ ਸਿਰਫ਼ ਇਕ ਵਾਰ ਖਾਣਾ ਦਿੱਤਾ ਜਾਂਦਾ ਹੈ ਜਿਸ ਦਾ ਕੋਈ ਵੀ ਸਮਾਂ ਨਹੀਂ, ਇਸ ਲਈ ਸਾਰੇ ਨੌਜਵਾਨ ਰਾਤ ਸਮੇਂ ਭੁੱਖੇ ਸੌਂਦੇ ਹਨ। ਨੌਜਵਾਨਾਂ ਨੇ ਦੱਸਿਆ ਕਿ ਕੰਪਨੀ ਵਲੋਂ ਕਿਸੇ ਵੀ ਬੀਮਾਰ ਨੌਜਵਾਨ ਨੂੰ ਮੈਡੀਕਲ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ ਅਤੇ ਜੋ ਉਨ੍ਹਾਂ ਦੇ ਜੇਬਾਂ 'ਚ ਪੈਸਾ ਸੀ ਉਹ ਖ਼ਤਮ ਹੋ ਚੁੱਕਾ ਹੈ, ਜਿਸ ਕਾਰਨ ਇੱਥੇ ਫਸੇ ਪੰਜਾਬੀ ਨੌਜਵਾਨਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਭਾਰਤ ਦੀ ਅੰਬੈਂਸੀ ਤੇ ਪੰਜਾਬ ਦੇ ਸਿਆਸੀ ਆਗੂਆਂ ਨੇ ਕੁਵੈਤ 'ਚ ਫਸੇ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੂੰ ਇੱਥੋਂ ਕੱਢਣ ਲਈ ਕਿਸੇ ਨੇ ਵੀ ਕੋਈ 
ਉਪਰਾਲਾ ਨਹੀਂ ਕੀਤਾ। ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਸੀਂ ਪੰਜਾਬ ਦੇ ਪੁੱਤਰ ਹਾਂ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਐਮ.ਪੀ. ਭਗਵੰਤ ਮਾਨ ਅਤੇ ਭਾਰਤੀ ਦੂਤਾਵਾਸ ਨੂੰ ਸਾਡੀ ਕੁਵੈਤ 'ਚ ਬਦ ਤੋਂ ਬਦਤਰ ਹਾਲਤ ਦਿਖਾਈ ਕਿਉਂ ਨਹੀਂ ਦੇ ਰਹੀ। ਨੌਜਵਾਨਾਂ ਨੇ ਦੱਸਿਆ ਕਿ ਫਿਲਹਾਲ ਪੰਜਾਬ ਤੋਂ ਸਿਰਫ਼ ਸਾਬਕਾ ਵਿਧਾਇਕ ਤੇ ਅਕਾਲੀ ਆਗੂ ਇੰਦਰ ਇਕਬਾਲ ਸਿੰਘ ਅਟਵਾਲ ਨੇ ਉਨ੍ਹਾਂ ਦਾ ਫੋਨ 'ਤੇ ਹਾਲਚਾਲ ਪੁੱਛਿਆ ਅਤੇ ਕੁੱਝ ਭਰੋਸਾ ਦਿੱਤਾ ਪਰ ਜਦੋਂ ਤੱਕ ਉਹ ਭਾਰਤ ਆਪਣੇ ਪਰਿਵਾਰਾਂ ਕੋਲ ਨਹੀਂ ਪਹੁੰਚ ਜਾਂਦੇ ਉਦੋਂ ਤੱਕ ਬੁਰੇ ਹਾਲਾਤਾਂ 'ਚ ਹੀ ਦਿਨ ਕੱਟਣ ਲਈ ਮਜ਼ਬੂਰ ਹਨ।


Deepak Kumar

Content Editor

Related News