....ਤੇ ਚੋਣ ਪ੍ਰਚਾਰ ''ਚ ਮੰਚਾਂ ਤੋਂ ਗੂੰਜੇਗਾ ''ਕੁੰਵਰ'' ਦਾ ਤਬਾਦਲਾ

Tuesday, Apr 09, 2019 - 10:02 AM (IST)

....ਤੇ ਚੋਣ ਪ੍ਰਚਾਰ ''ਚ ਮੰਚਾਂ ਤੋਂ ਗੂੰਜੇਗਾ ''ਕੁੰਵਰ'' ਦਾ ਤਬਾਦਲਾ

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਰਾਜਨੀਤਕ ਅਤੇ ਸਮਾਜਿਕ ਮਾਹੌਲ 'ਚ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਉਥਲ-ਪੁਥਲ ਮਚਾਉਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਨਾਲ ਜੁੜੀਆਂ ਪੁਲਸ ਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਇਕ ਵਾਰ ਫਿਰ ਤੋਂ ਹਵਾ ਮਿਲ ਗਈ ਹੈ। ਹਾਲਾਂਕਿ ਇਸ ਗੱਲ ਦੀ ਪੂਰੀ ਸੰਭਾਵਨਾ ਸੀ ਕਿ ਲੋਕਾਂ ਦੀ ਸ਼ਰਧਾ ਨਾਲ ਜੁੜਿਆ ਇਹ ਮੁੱਦਾ ਲੋਕ ਸਭਾ ਚੋਣ ਪ੍ਰਚਾਰ ਦਾ ਅਹਿਮ ਬਿੰਦੂ ਰਹੇਗਾ ਪਰ ਉਮੀਦਵਾਰਾਂ ਦੇ ਐਲਾਨਾਂ 'ਚ ਇਨ੍ਹਾਂ ਘਟਨਾਵਾਂ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਚੋਣ ਕਮਿਸ਼ਨ ਵੱਲੋਂ ਤਬਾਦਲਾ ਕੀਤੇ ਜਾਣ ਨਾਲ ਇਸ ਮੁੱਦੇ ਦੇ ਇਕ ਵਾਰ ਫਿਰ ਸੈਂਟਰ ਸਟੇਜ 'ਤੇ ਆ ਜਾਣ ਦੀ ਪੂਰੀ ਸੰਭਾਵਨਾ ਬਣ ਗਈ ਹੈ।

ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦੀ ਤਪਸ ਮਹਿਸੂਸ ਹੋ ਚੁੱਕੀ ਹੈ ਅਤੇ ਸੰਭਾਵਨਾ ਸੀ ਕਿ ਇਹ ਮਾਮਲਾ ਲੋਕਾਂ ਵੱਲੋਂ ਇਕ ਵਾਰ ਵੋਟਾਂ ਦੇ ਜ਼ਰੀਏ ਗੁੱਸਾ ਕੱਢਣ ਤੋਂ ਬਾਅਦ ਠੰਡਾ ਪੈ ਜਾਵੇਗਾ ਪਰ ਰਾਜ 'ਚ ਹੋਈ ਸੱਤਾ ਤਬਦੀਲੀ ਤੋਂ ਬਾਅਦ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਫਿਰ ਪੰਜਾਬ ਪੁਲਸ ਦੀ 'ਸਿਟ' ਵੱਲੋਂ ਕੀਤੀ ਜਾ ਰਹੀ ਜਾਂਚ ਦੀਆਂ ਖਬਰਾਂ ਨੇ ਅਕਾਲੀ ਦਲ ਨੂੰ ਫਿਰ ਤੋਂ ਨਿਸ਼ਾਨੇ 'ਤੇ ਲਿਆ ਖੜ੍ਹਾ ਕੀਤਾ ਸੀ। 'ਸਿਟ' ਮੈਂਬਰ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਮੀਡੀਆ 'ਚ ਦਿੱਤੀਆਂ ਗਈਆਂ ਜਾਣਕਾਰੀਆਂ ਤੋਂ ਖਫਾ ਹੋ ਕੇ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਤਾਂ ਕਰ ਦਿੱਤੀ ਸੀ ਪਰ ਸ਼ਾਇਦ ਅਕਾਲੀ ਦਲ ਲੀਡਰਸ਼ਿਪ ਇਸ ਗੱਲ ਦਾ ਅੰਦਾਜ਼ਾ ਲਾਉਣ 'ਚ ਖੁੰਝ ਗਈ ਕਿ ਚੋਣ ਕਮਿਸ਼ਨ ਵੱਲੋਂ ਐਕਸ਼ਨ ਲਏ ਜਾਣ 'ਤੇ ਉਸ ਦੇ ਰਾਜਨੀਤਕ ਮਾਇਨੇ ਕੀ ਰਹਿਣਗੇ। ਹਾਲਾਂਕਿ ਅਕਾਲੀ ਦਲ ਦੀ ਸ਼ਿਕਾਇਤ 'ਤੇ ਕਮਿਸ਼ਨ ਵੱਲੋਂ ਸਖਤ ਕਾਰਵਾਈ ਕਰਨ ਤੋਂ ਇਹ ਤਾਂ ਸਪੱਸ਼ਟ ਹੋ ਗਿਆ ਹੈ ਕਿ ਕੁੰਵਰ ਵਿਜੇ ਪ੍ਰਤਾਪ ਵੱਲੋਂ ਦਿੱਤਾ ਗਿਆ ਬਿਆਨ 'ਰਾਜਨੀਤਕ' ਸੀ ਪਰ ਕਮਿਸ਼ਨ ਦੀ ਕਾਰਵਾਈ ਨੂੰ ਸੱਤਾਧਿਰ ਕਾਂਗਰਸ ਕਿਸ ਰੰਗਤ ਨਾਲ ਚੋਣ ਪ੍ਰਚਾਰ 'ਚ ਪੇਸ਼ ਕਰੇਗੀ, ਇਸ ਦਾ ਅੰਦਾਜ਼ਾ ਲਾਉਣ 'ਚ ਵੀ ਭੁੱਲ ਹੋ ਗਈ।


author

Babita

Content Editor

Related News