ਕੁੰਵਰ ਵਿਜੇ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਸੁਖਬੀਰ ਦੀ ਘਬਰਾਹਟ ਦੀ ਨਿਸ਼ਾਨੀ: ਦਲ ਖਾਲਸਾ
Sunday, Apr 07, 2019 - 10:44 AM (IST)

ਚੰਡੀਗੜ੍ਹ (ਭੁੱਲਰ)—ਦਲ ਖਾਲਸਾ ਬਰਗਾੜੀ ਤੇ ਬਹਿਬਲ ਕਲਾਂ ਬੇਅਦਬੀ ਤੇ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨਾਲ ਸਬੰਧਿਤ ਸੀਨੀਅਰ ਅਧਿਕਾਰੀ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹਮਾਇਤ 'ਤੇ ਆ ਗਿਆ ਹੈ।
ਦਲ ਖਾਲਸਾ ਦੇ ਆਗੂਆਂ ਨੇ ਕਿਹਾ ਕਿ ਦਲ ਖਾਲਸਾ ਨੇ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਨੂੰ ਸਿਟ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਖਿਲਾਫ ਦਿੱਤੀ ਸ਼ਿਕਾਇਤ ਨੂੰ ਸੁਖਬੀਰ ਬਾਦਲ ਦੀ ਘਬਰਾਹਟ ਦੀ ਨਿਸ਼ਾਨੀ ਦੱਸਿਆ ਹੈ।
ਦਲ ਖਾਲਸਾ ਦੇ ਬੁਲਾਰੇ ਕੰਵਰ ਪਾਲ ਸਿੰਘ ਨੇ ਕਿਹਾ ਕਿ ਸਿਟ ਸਹੀ ਦਿਸ਼ਾ ਵੱਲ ਆਪਣੀ ਜਾਂਚ ਲੈ ਕੇ ਜਾ ਰਹੀ ਹੈ ਅਤੇ ਸੁਖਬੀਰ ਅਤੇ ਉਸ ਦੇ ਸਾਥੀ ਜਾਣਦੇ ਹਨ ਕਿ ਕਿਸੇ ਮੌਕੇ ਵੀ ਉਨ੍ਹਾਂ ਨੂੰ ਮੁਅੱਤਲ ਆਈ.ਜੀ.ਪਰਮਰਾਜ ਸਿੰਘ ਵਾਂਗ ਹੱਥਕੜੀਆਂ ਲੱਗ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜਾਂਚ ਨੂੰ ਲੀਹੋਂ ਲਾਉਣ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੀਨ ਤੋਂ ਲਾਂਭੇ ਹਟਾਉਣ ਲਈ ਅਕਾਲੀ ਹੱਥ-ਪੈਰ ਮਾਰ ਰਹੇ ਹਨ।
ਉਨ੍ਹਾਂ ਆਪਣੀ ਗੱਲ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਸਿਟ ਦੀ ਟੀਮ 'ਚੋਂ ਕੇਵਲ ਇਕ ਅਫਸਰ ਨੂੰ ਹੀ ਨਿਸ਼ਾਨਾ ਬਣਾਇਆ ਹੈ ਅਤੇ ਇੰਝ ਕਰਕੇ ਉਨ੍ਹਾਂ ਬਾਕੀ ਅਫਸਰਾਂ ਦੀ ਕਾਰਗੁਜਾਰੀ ਅਤੇ ਈਮਾਨਦਾਰੀ ਨੂੰ ਲੋਕਾਂ ਦੀਆਂ ਨਿਗਾਹਾਂ 'ਚ ਸ਼ੱਕੀ ਕਰ ਦਿੱਤਾ ਹੈ।