ਮੋਹਾਲੀ ''ਚ ਬੇਲਗਾਮ ਘੁੰਮ ਰਹੀਆਂ ਸਬਜ਼ੀ ਦੀਆਂ ਰੇਹੜੀਆਂ ਦੇ ਰਹੀਆਂ ''ਕੋਰੋਨਾ'' ਨੂੰ ਸੱਦਾ

4/21/2020 2:48:13 PM

ਮੋਹਾਲੀ (ਨਿਆਮੀਆਂ) : ਨਗਰ ਨਿਗਮ ਮੋਹਾਲੀ ਤੋਂ ਕੌਂਸਲਰ ਅਤੇ ਮਸ਼ਹੂਰ ਸਮਾਜ ਸੇਵੀ ਕੁਲਜੀਤ ਸਿੰਘ ਬੇਦੀ ਨੇ ਲਾਕ ਡਾਊਨ ਦੇ ਦੌਰਾਨ ਸ਼ਹਿਰ 'ਚ ਬੇਲਗਾਮ ਘੁੰਮ ਰਹੀਆਂ ਸਬਜ਼ੀ ਦੀਆਂ ਰੇਹੜੀਆਂ 'ਤੇ ਸ਼ਿਕੰਜਾ ਕਸ ਕੇ ਇਨ੍ਹਾਂ ਰੇਹੜੀਆਂ ਨੂੰ ਸਮਾਂਬੱਧ ਕਰਨ ਅਤੇ ਸਹੀ ਢੰਗ ਨਾਲ ਚਲਾਉਣ ਦੀ ਮੰਗ ਕੀਤੀ ਹੈ। ਮੀਡੀਆ ਦੇ ਨਾਂ ਜਾਰੀ ਪ੍ਰੈੱਸ ਨੋਟ ਰਾਹੀਂ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹ ਮੋਹਾਲੀ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਨ ਕਿ ਕੋਵਿਡ-19 ਫੈਲਣ ਕਾਰਨ ਕੀਤੇ ਗਏ ਲਾਕ ਡਾਊਨ ਦੌਰਾਨ ਮੋਹਾਲੀ ਦੇ ਵੱਖ-ਵੱਖ ਫੇਜ਼ਾਂ ਅਤੇ ਸੈਕਟਰਾਂ 'ਚ ਸਬਜ਼ੀ ਵੇਚਣ ਵਾਲੀਆਂ ਰੇਹੜੀਆਂ ਦੀ ਕਾਫੀ ਭਰਮਾਰ ਰਹਿਣ ਲੱਗ ਪਈ ਹੈ।

ਲਾਈਸੈਂਸ/ਕਰਫਿਊ ਪਾਸ ਦੀ ਆੜ 'ਚ ਕਈ-ਕਈ ਰੇਹੜੀਆਂ ਘੁੰਮ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਪ੍ਰਸ਼ਾਸਨ ਵਲੋਂ ਗਲੀ-ਗਲੀ ਸਬਜ਼ੀਆਂ ਭੇਜਣ ਦਾ ਇਹ ਵਧੀਆ ਉਪਰਾਲਾ ਹੈ ਪਰ ਇਹ ਬਿਨਾਂ ਮਾਸਕ, ਬਿਨਾਂ ਦਸਤਾਨੇ ਜਾਂ ਬਿਨਾਂ ਲਾਈਸੈਂਸ/ਕਰਫਿਊ ਪਾਸ ਤੋਂ ਇਨ੍ਹਾਂ 5-5 ਰੇਹੜੀਆਂ ਵਾਲਿਆਂ ਦੇ ਝੂੰਡ ਸਵੇਰ ਤੋਂ ਲੈ ਕੇ ਸ਼ਾਮ ਤਕ ਇਕੱਠੇ ਘੁੰਮਦੇ ਰਹਿੰਦੇ ਹਨ ਅਤੇ ਰੋਜ਼ਾਨਾ ਦਿਨ 'ਚ 70-80 ਦੇ ਕਰੀਬ ਰੇਹੜੀਆਂ ਘੁੰਮਦੀਆਂ ਰਹਿੰਦੀਆਂ ਹਨ।
ਇਹ ਵੀ ਦੱਸਣਯੋਗ ਹੈ ਕਿ ਇਹ ਰੇਹੜੀਆਂ ਵਾਲੇ ਵਧੇਰੇ ਕਰਕੇ ਜਗਤਪੁਰਾ ਕਾਲੋਨੀ, ਧਨਾਸ, ਤੋਗਾਂ ਆਦਿ ਖੇਤਰਾਂ 'ਚੋਂ ਵੀ ਆਉਂਦੇ ਹਨ। ਇਨ੍ਹਾਂ ਖੇਤਰਾਂ 'ਚੋਂ ਪਹਿਲਾਂ ਹੀ ਕਾਫੀ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ ਹਨ। ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਇਨ੍ਹਾਂ ਰੇਹੜੀਆਂ ਵਾਲਿਆਂ ਨੂੰ ਪੁਲਸ ਦੀ ਮਦਦ ਨਾਲ ਸਮਾਂਬੱਧ ਕਰਕੇ ਅਤੇ ਇਕੱਲੀ-ਇਕੱਲੀ ਰੇਹੜੀ ਨੂੰ ਹੀ ਘੁੰਮਣ ਦੀ ਇਜ਼ਾਜਤ ਦਿੱਤੀ ਜਾਵੇ। ਇਨ੍ਹਾਂ ਰੇਹੜੀ ਵਾਲਿਆਂ ਦੇ ਨਾਲ ਘੁੰਮ ਰਹੇ ਹੈਲਪਰਾਂ ਨੂੰ ਵੀ ਤੁਰੰਤ ਰੋਕਿਆ ਜਾਵੇ ਤਾਂ ਜੋ ਸਬਜ਼ੀ ਖਰੀਦਣ ਸਮੇਂ ਸਮਾਜਿਕ ਦੂਰੀ ਦੀ ਪਾਲਣਾ ਵੀ ਹੋ ਸਕੇ ਅਤੇ ਕੋਰੋਨਾ ਕੇਸਾਂ ਤੋਂ ਹੁਣ ਤਕ ਬਚੇ ਹੋਏ ਮੋਹਾਲੀ ਸ਼ਹਿਰ ਨੂੰ ਇਸੇ ਤਰ੍ਹਾਂ ਬਚਾਅ ਕੇ ਰੱਖਿਆ ਜਾ ਸਕੇ।
 


Babita

Content Editor Babita