ਸਿੱਖਾਂ ਨੂੰ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਵੱਡੇ ਪੰਥਕ ਹਿੱਤਾਂ ਲਈ ਇਕੱਠੇ ਹੋਣ ਦੀ ਲੋੜ: ਜਥੇਦਾਰ ਗੜਗੱਜ

Saturday, Mar 21, 2026 - 11:27 AM (IST)

ਸਿੱਖਾਂ ਨੂੰ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਵੱਡੇ ਪੰਥਕ ਹਿੱਤਾਂ ਲਈ ਇਕੱਠੇ ਹੋਣ ਦੀ ਲੋੜ: ਜਥੇਦਾਰ ਗੜਗੱਜ

ਜਲੰਧਰ (ਰਮਨਦੀਪ ਸਿੰਘ ਸੋਢੀ)- ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਮੰਨਦੇ ਹਨ ਕਿ ਸਿੱਖ ਕੌਮ ਦਾ ਇਕੱਤਰ ਹੋਣਾ ਅੱਜ ਪੰਥ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਮੁਤਾਬਕ ਕੁਝ ਤਾਕਤਾਂ ਨੇ ਪੰਜਾਬ ਤੋਂ ਬਾਹਰਲੇ ਤਖ਼ਤਾਂ ਨੂੰ ਪ੍ਰਬੰਧਕੀ ਤੌਰ ’ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਖ ਉਥੇ ਵੀ ਸੰਘਰਸ਼ ਕਰਦੇ ਹਨ। ਕੁਝ ਤਾਕਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰ ਕੇ ਆਪਣੇ ਅਧੀਨ ਲਿਆਉਣਾ ਚਾਹੁੰਦੀਆਂ ਹਨ ਪਰ ਅਜਿਹਾ ਕਦੇ ਵੀ ਨਹੀਂ ਹੋ ਸਕਦਾ। ਉਨ੍ਹਾਂ ਇਤਿਹਾਸਕ ਹਵਾਲਿਆਂ ਦੇ ਨਾਲ ਜ਼ਿਕਰ ਕੀਤਾ ਕਿ ਸਿੱਖਾਂ ਦੀ ਖੇਤਰੀ ਪਾਰਟੀ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ, ਜਿਸ ਨੇ ਕਈ ਪੰਥਕ ਲੜਾਈਆਂ ਲੜ ਕੇ ਆਪਣੇ ਹੱਕ ਲਏ ਹਨ। ਅੱਜ ਦੇ ਦੌਰ ’ਚ ਕੌਮ ਨੂੰ ਆਪਹੁਦਰਾਪਨ ਛੱਡ ਕੇ ਆਪਣੀਆਂ ਸੰਸਥਾਵਾਂ ਅਤੇ ਆਗੂਆਂ ਉੱਪਰ ਵਿਸ਼ਵਾਸ ਬਣਾਉਣ ਦੀ ਲੋੜ ਹੈ। ਪੇਸ਼ ਹਨ ਮੁਲਾਕਾਤ ਦੇ ਮੁੱਖ ਅੰਸ਼-

ਮੌਜੂਦਾ ਦੌਰ ਵਿਚ ਪੰਥਕ ਸਿਆਸਤ ਨੂੰ ਕਿੱਥੇ ਖੜ੍ਹਿਆ ਮਹਿਸੂਸ ਕਰਦੇ ਹੋ?

ਆਉਣ ਵਾਲਾ ਸਮਾਂ ਪੰਥਕ ਸਿਆਸਤ ਦਾ ਹੈ। ਅਤੀਤ ਦੀ ਗੱਲ ਕਰੀਏ ਤਾਂ ਸਿੱਖਾਂ ਨੇ ਕਾਫ਼ੀ ਸੰਘਰਸ਼ ਕੀਤੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਣ ਤੋਂ ਬਾਅਦ ਸਾਡੀ ਗਿਣਤੀ ਕਾਫ਼ੀ ਘਟੀ ਤੇ ਕਈ ਪਾਸਿਆਂ ਤੋਂ ਹਮਲੇ ਹੋਏ। ਉਸ ਵੇਲੇ ਗਿਆਨੀ ਦਿੱਤ ਸਿੰਘ ਨੇ ਸਿੰਘ ਸਭਾ ਲਹਿਰ ਸ਼ੁਰੂ ਕੀਤੀ, ਉਸ ਵਿਚੋਂ ਸਾਨੂੰ ਬੜੀਆਂ ਵੱਡੀਆਂ ਪ੍ਰਾਪਤੀਆਂ ਹੋਈਆਂ। ਉਨ੍ਹਾਂ ਪ੍ਰਾਪਤੀਆਂ ਵਿਚ ਹੀ ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਹੈ। ਸਾਡੇ ਬਜ਼ੁਰਗ ਇੰਨੇ ਸਿਆਣੇ ਤੇ ਸੁਚੇਤ ਸਨ, ਜਿਨ੍ਹਾਂ ਨੇ ਸਿੱਖਾਂ ਦੀਆਂ ਪੱਕੀਆਂ ਜਥੇਬੰਦੀਆਂ ਖੜ੍ਹੀਆਂ ਕੀਤੀਆਂ, ਕਿਉਂਕਿ ਜਦੋਂ ਕੋਈ ਇਕੱਲਾ ਕੌਮ ਦੀ ਗੱਲ ਕਰਦਾ ਹੈ ਤਾਂ ਉਹ ਇੰਨੀ ਵੱਡੀ ਨਹੀਂ ਹੁੰਦੀ, ਪਰ ਜਦੋਂ ਜਥੇਬੰਦਕ ਹੋ ਕੇ ਗੱਲ ਕੀਤੀ ਜਾਵੇ ਤਾਂ ਹਰ ਕਿਸੇ ਨੂੰ ਸੁਣਨੀ ਵੀ ਪੈਂਦੀ ਹੈ ਤੇ ਉਸ ਦੇ ਨਤੀਜੇ ਵੀ ਚੰਗੇ ਆਉਂਦੇ ਹਨ।

ਸਭ ਤੋਂ ਵੱਡਾ ਪੰਥਕ ਸੰਕਟ ਕੀ ਮਹਿਸੂਸ ਕਰਦੇ ਹੋ?

ਸੰਕਟ ਤਾਂ ਹਮੇਸ਼ਾ ਤੋਂ ਹੀ ਰਹੇ ਹਨ। ਜੇ ਅਸੀਂ ਗੁਰੂ ਸਾਹਿਬ ਨੂੰ ਸਮਰਪਿਤ ਰਹੀਏ ਤੇ ਗੁਰੂ ਆਸ਼ੇ ’ਤੇ ਚੱਲੀਏ ਤਾਂ ਵੱਡੀਆਂ ਚੁਣੌਤੀਆਂ ਵੀ ਪਾਰ ਕੀਤੀਆਂ ਜਾ ਸਕਦੀਆਂ ਹਨ। ਇਸ ਵੇਲੇ ਸਿੱਖਾਂ ਨੂੰ ਏਕਤਾ ਦੀ ਲੋੜ ਹੈ। ਸਿੱਖਾਂ ਦੀ ਤਾਕਤ ਹਮੇਸ਼ਾ ਏਕਤਾ ਵਿਚ ਹੈ, ਇਕੱਲੇ-ਦੁਕੱਲੇ ਚੱਲਣ ਨਾਲ ਕਿਸੇ ਨੂੰ ਕਾਮਯਾਬੀ ਨਹੀਂ ਮਿਲੇਗੀ, ਜੇ ਅਸੀਂ ਜਥੇਬੰਦਕ ਹੋ ਕੇ ਚੱਲਾਂਗੇ ਤਾਂ ਕਾਮਯਾਬੀ ਹੀ ਕਾਮਯਾਬੀ ਹੈ। ਸਿੱਖਾਂ ਨੂੰ ਮੌਜੂਦਾ ਹਾਲਾਤ ਵਿਚ ਆਪਣੇ ਮਨ-ਮੁਟਾਅ ਦੂਰ ਕਰ ਕੇ ਗੁਰੂ ਸਾਹਿਬ ਦੇ ਆਸ਼ੇ ਮੁਤਾਬਕ ਇਕੱਠੇ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਸਿੱਖ ਪਛਾਣ ਤੇ ਹੋਰ ਕਈ ਮਸਲਿਆਂ ਨੂੰ ਲੈ ਕੇ ਸਿੱਖਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ।

2 ਦਸੰਬਰ ਦੇ ਹੁਕਮਨਾਮੇ ਦਾ ਕੀ ਪ੍ਰਭਾਵ ਮੰਨਦੇ ਹੋ?

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਕ ਸਿਸਟਮ ਹੈ ਕਿ ਉਥੇ ਕਿਸੇ ਨੂੰ ਤਲਬ ਕੀਤਾ ਜਾਂਦਾ ਹੈ ਤੇ ਗੁਰੂ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਤੇ ਫ਼ਿਰ ਤਨਖ਼ਾਹ ਲਾਈ ਜਾਂਦੀ ਹੈ। ਜਦੋਂ ਉਹ ਲੱਗੀ ਹੋਈ ਤਨਖ਼ਾਹ ਭੁਗਤ ਲੈਂਦਾ ਹੈ ਤਾਂ ਉਹ ਪੰਥ ਦਾ ਹਿੱਸਾ ਬਣ ਜਾਂਦਾ ਹੈ। ਉਸ ਨੂੰ ਅਸੀਂ ਮਾੜੀ ਨਿਗ੍ਹਾ ਨਾਲ ਨਹੀਂ ਵੇਖ ਸਕਦੇ। ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹ ਸਿੱਖਾਂ ਨੂੰ ਹੀ ਲੱਗਦੀ ਹੈ ਤੇ ਇਹ ਗੁਰੂ ਪ੍ਰਤੀ ਸਮਰਪਣ ਹੈ। ਜਦੋਂ ਕੋਈ ਸਮਰਪਿਤ ਭਾਵਨਾ ਨਾਲ ਲੱਗੀ ਹੋਈ ਤਨਖ਼ਾਹ ਨੂੰ ਪੂਰਾ ਕਰ ਲੈਂਦਾ ਹੈ ਤਾਂ ਉਸ ਤੋਂ ਬਾਅਦ ਸਵਾਲ ਚੁੱਕਣਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਧਾਂਤ ਨਹੀਂ ਹੈ।

ਅਕਾਲੀ ਦਲ ਵਿਚ ਪਈਆਂ ਵੰਡੀਆਂ ਬਾਰੇ ਕੀ ਕਹੋਗੇ?

ਸਾਰੀਆਂ ਧਿਰਾਂ ਨੂੰ ਸਮਰਪਣ ਭਾਵ ਦਿਖਾਉਣਾ ਚਾਹੀਦਾ ਹੈ। 2 ਦਸੰਬਰ ਦੇ ਹੁਕਮਨਾਮੇ ਵਿਚ ਮੁੱਖ ਗੱਲ ਇਕੱਠੇ ਹੋਣ ਤੇ ਇਕਜੁੱਟ ਹੋ ਕੇ ਪੰਥ ਤੇ ਪੰਜਾਬ ਦੇ ਵੱਡੇ ਹਿੱਤਾਂ ’ਤੇ ਚੱਲਣ ਦੀ ਹੈ। ਅਲੱਗ ਹੋਣਾ ਵੀ ਇਸ ਦੀ ਮੂਲ ਭਾਵਨਾ ਦੇ ਉਲਟ ਹੈ। ਹਰ ਕੋਈ ਆਪਣੇ ਸੁਭਾਅ ਅਤੇ ਸੋਚ ਮੁਤਾਬਕ ਚੱਲਦਾ ਹੈ ਪਰ ਜਦੋਂ ਵੀ ਵੱਡੇ ਪੰਥਕ ਹਿੱਤਾਂ ਦੀ ਗੱਲ ਆਉਂਦੀ ਹੈ ਤਾਂ ਸਿੱਖ ਪਹਿਲਾਂ ਵੀ ਇਕੱਠੇ ਹੋ ਜਾਂਦੇ ਰਹੇ ਹਨ ਤੇ ਆਉਣ ਵਾਲੇ ਸਮੇਂ ਵਿਚ ਵੀ ਮਨ-ਮੁਟਾਅ ਖ਼ਤਮ ਕਰ ਕੇ ਇਕੱਠੇ ਹੋ ਜਾਣਗੇ। ਬਹੁਤ ਸਾਰੇ ਆਗੂ ਇਕੱਠੇ ਹੋ ਗਏ ਹਨ ਤੇ ਬਾਕੀ ਵੀ ਹੋ ਜਾਣਗੇ।

ਅਕਾਲੀ ਦਲ ਨੇ ਕੇਂਦਰ ਨਾਲ ਗੱਠਜੋੜ ਵੇਲੇ ਪੰਥ ਦੇ ਮਸਲੇ ਹੱਲ ਕਿਉਂ ਨਹੀਂ ਕਰਵਾਏ?

ਇਸ ਗੱਲ ਦਾ ਜਵਾਬ ਕੋਈ ਅਕਾਲੀ ਲੀਡਰ ਹੀ ਦੇ ਸਕਦਾ ਹੈ ਪਰ ਕੇਂਦਰ ਸਰਕਾਰ ਵਾਰ-ਵਾਰ ਵਾਅਦੇ ਕਰਦੀ ਹੈ ਤੇ ਮੁੱਕਰ ਜਾਂਦੀ ਹੈ, ਇਸ ਲਈ ਸਿਰਫ਼ ਆਪਣਿਆਂ ਨੂੰ ਦੋਸ਼ੀ ਨਹੀਂ ਠਹਿਰਾਅ ਸਕਦੇ। ਪੰਥ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਿਹਾ ਹੈ ਪਰ ਸੁਣਦੇ ਨਹੀਂ ਤੇ ਦੂਜੇ ਪਾਸੇ ਸੌਦਾ ਸਾਧ ਨੂੰ 30 ਦਿਨਾਂ ਬਾਅਦ ਹੀ 40 ਦਿਨ ਦੀ ਪੈਰੋਲ ਮਿਲ ਰਹੀ ਹੈ। ਪੰਜਾਬ ਦੀ ਸੱਤਾ ਕਿਸੇ ਕੋਲ ਵੀ ਹੋਵੇ, ਉਸ ਨੂੰ ਪੰਥ ਤੇ ਪੰਜਾਬ ਦੀਆਂ ਮੰਗਾਂ ਹਮੇਸ਼ਾ ਚੁੱਕਣੀਆਂ ਚਾਹੀਦੀਆਂ ਹਨ।

ਕਿਹਾ ਜਾਂਦਾ ਕਿ ਜਥੇਦਾਰ ਦੀ ਚੋਣ ਬਾਦਲ ਕਰਦੇ ਹਨ, ਸਾਬਕਾ ਜਥੇਦਾਰ ਵੀ ਸਵਾਲ ਕਰਦੇ ਐ?

ਇਲਜ਼ਾਮ ਤਾਂ ਕਿਸੇ ’ਤੇ ਵੀ ਲਗਾਏ ਜਾ ਸਕਦੇ ਹਨ। ਸਾਡੀ ਪਹਿਲੀ ਤੇ ਆਖ਼ਰੀ ਵਫ਼ਾਦਾਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਪ੍ਰਤੀ ਹੈ। ਅੱਜ ਸਾਡੇ ’ਤੇ ਸਵਾਲ ਕਰਨ ਵਾਲਿਆਂ ਨੂੰ ਵੀ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਲਗਾਇਆ ਸੀ। ਐੱਸ. ਜੀ. ਪੀ. ਸੀ. ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਹੈ ਤੇ 1920 ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਰੇ ਜਥੇਦਾਰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਲਗਾਏ ਗਏ। ਇਸ ਦੌਰਾਨ ਕਦੇ-ਕਦੇ ਸਰਬੱਤ ਖ਼ਾਲਸੇ ਦੀ ਗੱਲ ਵੀ ਆਈ ਪਰ ਫ਼ਿਰ ਵੀ ਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਆਪਣੀ ਸਿਰਮੌਰ ਸੰਸਥਾ ਪ੍ਰਵਾਨ ਕੀਤਾ। ਸਿੱਖਾਂ ਨੂੰ ਇਹ ਸੰਸਥਾ ਹਮੇਸ਼ਾ ਮਜ਼ਬੂਤ ਰੱਖਣੀ ਚਾਹੀਦੀ ਹੈ।

ਸਿੱਖਾਂ ਦੀ ਨਜ਼ਰ ਵਿਚ ਸਿੱਖ ਸੰਸਥਾਵਾਂ ਤੇ ਆਗੂਆਂ ਪ੍ਰਤੀ ਪੈਦਾ ਹੋਏ ਸ਼ੰਕਿਆਂ ਪਿੱਛੇ ਕੀ ਕਾਰਨ ਮੰਨਦੇ ਹੋ?

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਣ ਦੇ ਦੋ ਕਾਰਨ ਸਨ-ਇਕ ਗੱਦਾਰੀ ਤੇ ਦੂਜਾ ਸਾਡਾ ਅਾਪਹੁਦਰਾਪਨ। ਕੁਝ ਲੋਕਾਂ ਨੇ ਗੱਦਾਰੀ ਕਰ ਕੇ ਗੋਰਿਆਂ ਤੇ ਹੋਰ ਤਾਕਤਾਂ ਨਾਲ ਰਲ਼ ਕੇ ਸਿੱਖ ਰਾਜ ਨੂੰ ਖੋਰਾ ਲਾਉਣ ਦੇ ਯਤਨ ਕੀਤੇ। ਦੂਜੇ ਪਾਸੇ ਹਰ ਕੋਈ ਸੱਤਾ ਹਾਸਲ ਕਰਨ ਪਿੱਛੇ ਲੱਗ ਗਿਆ ਪਰ ਸੱਤਾ ਆਈ ਕਿਸੇ ਕੋਲ ਵੀ ਨਹੀਂ ਤੇ ਸਾਡਾ ਰਾਜ ਹੀ ਚਲਾ ਗਿਆ। ਗੁਰੂ ਸਾਹਿਬ ਨੇ ਸਾਨੂੰ ਬਹੁਤ ਥਾਵਾਂ ’ਤੇ ਆਖਿਆ ਹੈ ਕਿ ਇਕ ਸਿੱਖ ਦੂਜੇ ਸਿੱਖ ਦਾ ਸਨਮਾਨ ਕਰੇ। ਸਿੱਖ ਨੂੰ ਸਿੱਖ ’ਤੇ ਭਰੋਸਾ ਕਰਨਾ ਚਾਹੀਦਾ ਹੈ। ਪਿਛਲੇ ਸਮੇਂ ਵਿਚ ਵੀ ਕੁਝ ਸਾਜ਼ਿਸ਼ਾਂ ਰਹੀਆਂ ਤੇ ਕੁਝ ਸਾਡਾ ਆਪਹੁਦਰਾਪਨ ਵੀ ਰਿਹਾ। ਬਹੁਤ ਸਾਰੀਆਂ ਤਾਕਤਾਂ ਰਾਜਸੀ ਤੌਰ ’ਤੇ ਚਾਹੁੰਦੀਆਂ ਹਨ ਕਿ ਸਿੱਖਾਂ ਦੀ ਕੋਈ ਧਿਰ ਨਾ ਰਹੇ ਤੇ ਧਾਰਮਿਕ ਤੌਰ ’ਤੇ ਚਾਹੁੰਦੀਆਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਜਾਵੇ। ਇਸ ਲਈ ਵੱਡੇ ਯਤਨ ਕੀਤੇ ਜਾਂਦੇ ਹਨ ਤੇ ਉਸ ਵਿਚੋਂ ਹੀ ਵੱਡੇ ਖ਼ਲਾਅ ਵੀ ਪੈਦਾ ਹੁੰਦੇ ਹਨ, ਪਰ ਜੇ ਅਸੀਂ ਗੁਰੂ ਦਾ ਆਸਰਾ ਲੈ ਕੇ ਚੱਲੀਏ ਤਾਂ ਵੱਡੀਆਂ-ਵੱਡੀਆਂ ਮੁਸ਼ਕਲਾਂ ਨੂੰ ਪਾਰ ਕੀਤਾ ਜਾ ਸਕਦਾ ਹੈ।

ਕੁਝ ਸਿੱਖ ਆਗੂਆਂ ਦੇ ਸਨਾਤਨ ਧਰਮ ਦੀਆਂ ਰਵਾਇਤਾਂ ਵਿਚ ਸ਼ਾਮਲ ਹੋਣ ਨੂੰ ਕਿੰਝ ਵੇਖਦੇ ਹੋ?

ਪਹਿਲੀ ਗੱਲ ਤਾਂ ਸਿੱਖ ਦੇ ਮਨ ਵਿਚ ਕਦੇ ਕੋਈ ਸ਼ੰਕਾ ਨਹੀਂ ਰਹਿਣਾ ਚਾਹੀਦਾ ਕਿ ਅਸੀਂ ਬਹੁ-ਗਿਣਤੀ ਦਾ ਹਿੱਸਾ ਹਾਂ। ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਦੇ। ਇਹ ਗੱਲ ਵੀ ਠੀਕ ਹੈ ਕਿ ਦੇਸ਼ ਦਾ ਅੱਜ ਵਾਲਾ ਨਕਸ਼ਾ ਗੁਰੂ ਸਾਹਿਬ ਤੇ ਸਿੱਖਾਂ ਦੀਆਂ ਸ਼ਹਾਦਤਾਂ ਕਰ ਕੇ ਹੈ। ਜੇ ਗੁਰੂ ਸਾਹਿਬ ਦੇ ਉਪਕਾਰ ਤੇ ਸਿੱਖਾਂ ਦੀਆਂ ਸ਼ਹਾਦਤਾਂ ਨਾ ਹੁੰਦੀਆਂ ਤਾਂ ਦੇਸ਼ ਦਾ ਅੱਜ ਵਾਲਾ ਨਕਸ਼ਾ ਨਾ ਹੁੰਦਾ। ਤੀਜੀ ਗੱਲ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦੱਸਿਆ ਹੈ ਕਿ ਅਸੀਂ ਇਨ੍ਹਾਂ ਦਾ ਹਿੱਸਾ ਨਹੀਂ ਹਾਂ, ਸਾਡੇ ਹਰ ਕਰਮ ਵਿਚ ਵਿਲੱਖਣਤਾ ਹੈ ਤੇ ਅਸੀਂ ਕਿਸੇ ਦਾ ਭਾਗ ਨਹੀਂ ਹਾਂ। ਸਿੱਖ ਕਿਸੇ ਵੀ ਹੱਦ ਤਕ ਜਾ ਸਕਦਾ ਹੈ ਪਰ ਕਦੇ ਵੀ ਪਛਾਣ ਨਾਲ ਸਮਝੌਤਾ ਨਹੀਂ ਕਰੇਗਾ।

ਧਰਮ-ਪਰਿਵਰਤਨ ਪਿੱਛੇ ਐੱਸ. ਜੀ. ਪੀ. ਸੀ. ਦਾ ਕਸੂਰ ਮੰਨਦੇ ਹੋ?

ਐੱਸ. ਜੀ. ਪੀ. ਸੀ. ਵੱਲੋਂ ਧਰਮ ਪ੍ਰਚਾਰ ਲਈ ਬੜਾ ਵੱਡਾ ਬਜਟ ਰੱਖਿਆ ਜਾਂਦਾ ਹੈ। ਪ੍ਰਚਾਰ ਵਿਚ ਕੋਈ ਕਮੀ ਨਹੀਂ ਹੈ। ਜਿਹੜੇ ਬੰਦੇ ਲਾਲਚ ਦੇ ਕੇ ਜਾਂ ਝੂਠੇ ਚਮਤਕਾਰ ਦਿਖਾ ਕੇ ਲੋਕਾਂ ਨੂੰ ਆਪਣੇ ਮਗਰ ਲਾਉਂਦੇ ਹਨ, ਸਰਕਾਰ ਨੂੰ ਉਨ੍ਹਾਂ ’ਤੇ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮਕਸਦ ਨਾਲ ਆਉਣ ਵਾਲੀ ਫੰਡਿੰਗ ਨੂੰ ਰੋਕਿਆ ਕਿਉਂ ਨਹੀਂ ਜਾਂਦਾ? ਹਰ ਸਿੱਖ ਨੂੰ ਤੁਰਦਿਆਂ-ਫਿਰਦਿਆਂ ਧਰਮ ਦਾ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ। ਐੱਸ. ਜੀ. ਪੀ. ਸੀ. ਨੂੰ ਸਾਰੇ ਸਕੂਲਾਂ ਵਿਚ ਪ੍ਰਚਾਰਕਾਂ ਨੂੰ ਭੇਜਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਸਿੱਖੀ ਦੀ ਗੱਲ ਦੱਸਣੀ ਚਾਹੀਦੀ ਹੈ। ਪ੍ਰਚਾਰਕਾਂ ਕੋਲ ਸਮੇਂ ਦੇ ਹਾਣ ਦੇ ਸਾਧਨ ਵੀ ਚਾਹੀਦੇ ਹਨ। ਐੱਸ. ਜੀ. ਪੀ. ਸੀ. ਯਤਨ ਤਾਂ ਕਰਦੀ ਹੈ ਪਰ ਯਤਨ ਵਧਾਉਣ ਦੀ ਲੋੜ ਹੈ।

ਕੇਂਦਰ ਨੂੰ ਹੁਣ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ ਚਾਹੀਦਾ ਹੈ 

ਪੂਰੀ ਦੁਨੀਆ ਵਿਚ ਸਿੱਖ ਪੰਥ ਲੰਮੇ ਸਮੇਂ ਤੋਂ ਇਨ੍ਹਾਂ ਗੁਰਧਾਮਾਂ ਦੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਲਈ ਅਰਦਾਸਾਂ ਕਰਦਾ ਆ ਰਿਹਾ ਹੈ। ਜੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ ਤਾਂ ਇਹ ਸਿਰਫ਼ ਸਿੱਖਾਂ ਦੀਆਂ ਅਰਦਾਸਾਂ ਸਦਕਾ ਸੀ। ਅਸੀਂ ਉਸ ਵੇਲੇ ਦੀਆਂ ਦੋਹਾਂ ਪਾਸਿਆਂ ਦੀਆਂ ਸਰਕਾਰਾਂ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਚੰਗਾ ਕਦਮ ਚੁੱਕਿਆ ਪਰ ਪਿਛਲੇ ਇਕ ਸਾਲ ਤੋਂ ਇਹ ਲਾਂਘਾ ਬੰਦ ਪਿਆ ਹੈ, ਇਹ ਤਾਂ ਕੇਂਦਰ ਸਰਕਾਰ ਦੇ ਹੱਥ ਹੈ। ਜੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਹੈ ਤਾਂ ਇਹ ਲਾਂਘਾ ਛੇਤੀ ਤੋਂ ਛੇਤੀ ਖੁੱਲ੍ਹਣਾ ਚਾਹੀਦਾ ਹੈ ਤੇ ਨਾਲ ਹੀ ਪਾਸਪੋਰਟ ਦੀ ਸ਼ਰਤ ਵੀ ਖ਼ਤਮ ਕਰਨੀ ਚਾਹੀਦੀ ਹੈ। ਉਧਰ ਵਾਲੀ ਸਰਕਾਰ ਨੂੰ ਵੀ ਇਸ ਲਈ ਫ਼ੀਸ ਲੈਣੀ ਬੰਦ ਕਰਨੀ ਚਾਹੀਦੀ ਹੈ।

ਸਿੱਖ ਤੇ ਪੰਜਾਬੀ ਤਕੜੇ ਰਹਿਣਗੇ ਤਾਂ ਹੀ ਦੇਸ਼ ਤਕੜਾ ਰਹੇਗਾ

ਸਿੱਖੀ ਖੰਡੇ ਦੀ ਧਾਰ ਤੋਂ ਪੈਦਾ ਹੋਈ ਹੈ ਪਰ ਜਦੋਂ ਕੋਈ ਵੱਖਰੀ ਪਛਾਣ ਨੂੰ ਨਾ ਮੰਨੇ ਤੇ ਸਾਨੂੰ ਇਕ ਸੰਪਰਦਾ ਜਾਂ ਫ਼ਿਰਕਾ ਕਹੇ ਤਾਂ ਸਿੱਖਾਂ ਦਾ ਉਨ੍ਹਾਂ ਤਾਕਤਾਂ ਵਿਰੁੱਧ ਜਾਣਾ ਵਾਜਿਬ ਠਹਿਰਾਇਆ ਜਾਵੇਗਾ। ਇਨ੍ਹਾਂ ਸਾਰਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਸਿੱਖ ਹਨ ਤਾਂ ਹੀ ਇਹ ਮੁਲਕ ਹੈ ਜੇ ਸਿੱਖ ਕਮਜ਼ੋਰ ਪੈਣਗੇ ਤਾਂ ਮੁਲਕ ਵੀ ਕਮਜ਼ੋਰ ਪਵੇਗਾ। ਸਿੱਖ ਮਾਰਸ਼ਲ ਹੈ। ਅੱਜ ਵੀ ਸਭ ਤੋਂ ਵੱਧ ਜੰਗੀ ਵਿਧਵਾਵਾਂ ਪੰਜਾਬ ਤੇ ਹਰਿਆਣੇ ਤੋਂ ਹਨ। ਸਿੱਖ ਤੇ ਪੰਜਾਬੀ ਤਕੜੇ ਰਹਿਣਗੇ ਤਾਂ ਹੀ ਦੇਸ਼ ਤਕੜਾ ਰਹੇਗਾ। ਵਿੱਦਿਅਕ ਅਦਾਰਿਆਂ ਵਿਚ ਕਿਸੇ ਖਾਸ ਸੋਚ ਨੂੰ ਭਰਨ ਦੀ ਕੋਸ਼ਿਸ਼ ਕਰਨਾ ਗਲਤ ਹੈ, ਵਿੱਦਿਅਕ ਅਦਾਰਿਆਂ ਨੂੰ ਵਿੱਦਿਅਕ ਅਦਾਰੇ ਹੀ ਰਹਿਣ ਦੇਣਾ ਚਾਹੀਦਾ ਹੈ, ਇਨ੍ਹਾਂ ਨੂੰ ਇਸ ਪਾਸੇ ਤੋਂ ਬਚਣਾ ਚਾਹੀਦਾ ਹੈ। ਫਾਸ਼ੀਵਾਦੀ ਸੋਚ ਬਹੁਤ ਘਾਤਕ ਹੈ।

ਮੁੱਖ ਮੰਤਰੀ ਨੇ ਮੰਨਿਆ ਕਿ ਉਸ ਨੂੰ ਸਿੱਖ ਰਹਿਤ ਮਰਿਆਦਾ ਬਾਰੇ ਨਹੀਂ ਪਤਾ

ਜਥੇਦਾਰ ਸਾਹਿਬ ਕੋਲੋਂ ਜਦੋਂ ਮੁੱਖ ਮੰਤਰੀ ਦੇ ਵਿਵਾਦਿਤ ਬਿਆਨਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਜ਼ਿੰਮੇਵਾਰ ਰੁਤਬੇ ’ਤੇ ਬੈਠੇ ਬੰਦੇ ਨੂੰ ਕਿਸੇ ਵੀ ਧਰਮ ਦੀਆਂ ਪਰੰਪਰਾਵਾਂ ਤੇ ਮਾਨਤਾਵਾਂ ਖ਼ਿਲਾਫ਼ ਨਹੀਂ ਬੋਲਣਾ ਚਾਹੀਦਾ। ਗੋਲਕ ਗੁਰੂ ਸਾਹਿਬ ਦਾ ਬਹੁਤ ਵੱਡਾ ਸਿਧਾਂਤ ਹੈ ਤੇ ਇਹ ਪਰਦੇ ਕੱਜਦੀ ਹੈ। 15 ਜਨਵਰੀ ਨੂੰ ਭਗਵੰਤ ਸਿੰਘ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਆਏ ਤੇ ਉਸ ਤੋਂ ਬਾਅਦ ਗੋਲਕ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਅਜਿਹਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਇਹ ਗੱਲ ਮੰਨੀ ਕਿ ਉਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਦਾ ਨਹੀਂ ਪਤਾ। ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਧਰਮ ਕੀ ਹੈ? ਉਹ ਇਸ ਨੂੰ ਸਮਝੇ ਬਗੈਰ ਹੀ ਬੋਲਣਾ ਸ਼ੁਰੂ ਕਰ ਦਿੰਦੇ ਹਨ। ਸਾਨੂੰ ਆਸ ਹੈ ਕਿ ਉਹ ਜਾਂ ਹੋਰ ਕੋਈ ਵੀ ਆਉਣ ਵਾਲੇ ਸਮੇਂ ਵਿਚ ਸਿੱਖ ਰਵਾਇਤਾਂ ’ਤੇ ਸਵਾਲ ਨਹੀਂ ਚੁੱਕੇਗਾ ਕਿਉਂਕਿ ਉਹ ਸਵਾਲ ਧਰਮ ’ਤੇ ਹੋ ਜਾਂਦਾ ਹੈ ਤੇ ਧਰਮ ਬੜਾ ਨਾਜ਼ੁਕ ਮੁੱਦਾ ਹੈ। ਜੇ ਕੋਈ ਅੱਗੇ ਤੋਂ ਕੋਈ ਗਲਤੀ ਕਰੇਗਾ ਤਾਂ ਫ਼ਿਰ ਉਸ ਨੂੰ ਪੁੱਛ ਲਵਾਂਗੇ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਚ ਦਾ ਨਿਬੇੜਾ ਹੁੰਦਾ ਹੈ, ਉਥੇ ਕੋਈ ਬੰਦਾ ਝੂਠ ਨਹੀਂ ਬੋਲ ਸਕਦਾ। ਮੁੱਖ ਮੰਤਰੀ ਵੱਲੋਂ ਦਿੱਤੇ ਕਾਲੇ ਬੈਗਾਂ ਬਾਰੇ ਪੁੱਛੇ ਜਾਣ ’ਤੇ ਜਥੇਦਾਰ ਸਾਹਿਬ ਨੇ ਆਖ਼ਿਆ ਕਿ ਉਸ ਵਿਚੋਂ ਕੁਝ ਖ਼ਾਸ ਨਹੀਂ ਲੱਭਿਆ, ਬਾਕੀ ਜਾਂਚ ਚੱਲ ਰਹੀ ਹੈ। ਸਿੰਘ ਸਾਹਿਬਾਨ ਦੀ ਇਕੱਤਰਤਾ ਮਗਰੋਂ ਮੁੱਖ ਮੰਤਰੀ ਬਾਰੇ ਫ਼ੈਸਲਾ ਵੀ ਸੁਣਾ ਦਿੱਤਾ ਜਾਵੇਗਾ।


author

Anmol Tagra

Content Editor

Related News