ਜਲੰਧਰ ਚੋਣ 'ਚ 'ਆਪ' ਦੀ ਜਿੱਤ ਪੱਕੀ, ਐਲਾਨ ਤੋਂ ਪਹਿਲਾਂ ਮੰਤਰੀ ਧਾਲੀਵਾਲ ਦਾ ਵੱਡਾ ਬਿਆਨ

Saturday, May 13, 2023 - 01:39 PM (IST)

ਜਲੰਧਰ ਚੋਣ 'ਚ 'ਆਪ' ਦੀ ਜਿੱਤ ਪੱਕੀ, ਐਲਾਨ ਤੋਂ ਪਹਿਲਾਂ ਮੰਤਰੀ ਧਾਲੀਵਾਲ ਦਾ ਵੱਡਾ ਬਿਆਨ

ਜਲੰਧਰ- 10 ਮਈ ਨੂੰ ਹੋਈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੀ ਵੋਟਾਂ ਦੀ ਗਿਣਤੀ ਆਖ਼ਰੀ ਪੜਾਅ ਵਿੱਚ ਹੈ। ਕਾਂਗਰਸ ਦਾ ਗੜ੍ਹ ਮੰਨੀ ਜਾਂਦੀ ਜਲੰਧਰ ਲੋਕ ਸਭਾ ਸੀਟ 'ਤੇ 'ਆਪ' ਦਾ ਕਬਜ਼ਾ ਹੋ ਚੁੱਕਿਆ ਹੈ ਬਸ ਐਲਾਨ ਹੋਣਾ ਬਾਕੀ ਹੈ। ਜਿੱਤ ਦੇ ਜਸ਼ਨਾਂ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। 'ਜਗ ਬਾਣੀ' ਨਾਲ ਗੱਲ ਬਾਤ ਕਰਦਿਆਂ ਮੰਤਰੀ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਕੀਤੇ ਗਏ ਕੰਮਾਂ 'ਤੇ ਜਲੰਧਰ ਦੇ ਵੋਟਰਾਂ ਨੇ ਮੋਹਰ ਲਗਾਈ ਹੈ। ਜਲੰਧਰ ਲੋਕ ਸਭਾ ਸੀਟ 'ਤੇ ਜਿੱਤ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਾਰੇ ਪੰਜਾਬੀ ਮਾਨ ਸਾਬ੍ਹ ਨਾਲ ਹਨ ਤੇ ਉਨ੍ਹਾਂ ਦੇ ਫ਼ੈਸਲਿਆਂ ਤੋਂ ਖ਼ੁਸ਼ ਹਨ।

ਇਹ ਵੀ ਪੜ੍ਹੋ- ਅਫ਼ਗਾਨਿਸਤਾਨ ਤੋਂ ਆਈ ਝਾੜੂ ਦੀ ਖੇਪ ’ਚ 38 ਕਰੋੜ ਦੀ ਹੈਰੋਇਨ ਜ਼ਬਤ, ਖੇਪ ਮੰਗਵਾਉਣ ਵਾਲਾ ਜੋੜਾ ਗ੍ਰਿਫ਼ਤਾਰ

ਅਕਾਲੀ ਦਲ ਬਾਰੇ ਬੋਲਦਿਆਂ ਮੰਤਰੀ ਧਾਲੀਵਾਲ ਨੇ ਕਿਹਾ ਕਿ ਸਾਨੂੰ ਕਿਹਾ ਜਾਂਦਾ ਸੀ ਕਿ ਬਿਕਰਮ ਮਜੀਠੀਆ ਦੇ ਸਵਾਲਾਂ ਦੇ ਜਵਾਬ ਦਿਓ ਤੇ ਅਸੀਂ ਕਿਹਾ ਸੀ ਕਿ ਜਲੰਧਰ ਦੇ ਲੋਕ ਜਵਾਬ ਦੇਣਗੇ। ਹੁਣ ਜਲੰਧਰ ਦੇ ਲੋਕਾਂ ਨੇ 'ਆਪ' ਨੂੰ ਜਿੱਤ ਦਵਾ ਕੇ ਅਕਾਲੀ ਦਲ ਦੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੈ। ਚੋਣ ਪ੍ਰਚਾਰ ਦੌਰਾਨ ਮੰਤਰੀ ਧਾਲੀਵਾਲ ਵੱਲੋਂ ਆਦਮਪੁਰ ਹਲਕੇ ਤੇ ਵੋਟਰਾਂ ਨਾਲ ਕੀਤੇ ਵਾਅਦੇ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕੇ ਮੈਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਚਾਹੇ ਜਿੱਤੀਏ ਜਾਂ ਹਾਰੀਏ ਮੈਂ ਤੁਹਾਡੇ ਕੋਲ ਮੁੜ ਜ਼ਰੂਰ ਆਵਾਂਗਾ ਤੇ ਹੁਣ ਮੈਂ  22 ਤਾਰੀਖ਼ ਸਵੇਰੇ 10 ਵਜੇ ਆਦਮਪੁਰ ਹਲਕੇ 'ਚ ਜਾ ਰਿਹਾ ਹਾਂ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲੇ ਮੁਲਜ਼ਮਾਂ ਨੂੰ ਲੈ ਕੇ ਸਾਹਮਣੇ ਆਈ ਹੈਰਾਨੀਜਨਕ ਗੱਲ

10 ਮਈ ਨੂੰ ਜਲੰਧਰ ਜ਼ਿਮਨੀ ਚੋਣ ਵਿਚ ਜਲੰਧਰ ਵਿਚ ਕੁੱਲ 54.4 ਫ਼ੀਸਦੀ ਵੋਟਿੰਗ ਹੋਈ ਸੀ। ਜੇਕਰ 9 ਹਲਕਿਆਂ ਮੁਤਾਬਕ ਗੱਲ ਕੀਤੀ ਜਾਵੇ ਤਾਂ ਕਰਤਾਰਪੁਰ ਹਲਕੇ ਵਿਚ 57.40, ਜਲੰਧਰ ਕੈਂਟ ਵਿਚ 49.70 ਫ਼ੀਸਦੀ, ਆਦਮਪੁਰ ਵਿਚ 54 ਫ਼ੀਸਦੀ, ਜਲੰਧਰ ਕੇਂਦਰੀ 48.90 ਫ਼ੀਸਦੀ, ਜਲੰਧਰ ਉੱਤਰੀ 54.40 ਫ਼ੀਸਦੀ, ਜਲੰਧਰ ਪੱਛਮੀ 56.50 ਫ਼ੀਸਦੀ, ਨਕੋਦਰ 55.90 ਫ਼ੀਸਦੀ, ਫਿਲੌਰ 55.80 ਫ਼ੀਸਦੀ, ਸ਼ਾਹਕੋਟ 57.40 ਫ਼ੀਸਦੀ ਪੋਲਿੰਗ ਹੋਈ ਸੀ। 

ਆਮ ਆਦਮੀ ਪਾਰਟੀ ਦੇ ਵਰਕਰ ਪਾਰਟੀ ਦੀ ਇਸ ਸ਼ਾਨਦਾਰ ਜਿੱਤ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਰਹੇ ਹਨ। ਜਲੰਧਰ ਉਪ ਚੋਣ ਦੇ ਇਸ ਸਿਆਸੀ ਦ੍ਰਿਸ਼ ਵਿੱਚ ਪੂਰੀ ਤਾਕਤ ਝੋਕਣ ਦੇ ਬਾਵਜੂਦ ਹਾਰ ਰਹੀਆਂ ਵਿਰੋਧੀ ਪਾਰਟੀਆਂ ਲਈ ਵੱਡੀਆਂ ਚੁਣੌਤੀਆਂ ਸਾਹਮਣੇ ਆਈਆਂ ਸਨ। ਗੱਲ ਕਰੀਏ ਭਾਜਪਾ ਦੀ ਤਾਂ ਪਾਰਟੀ ਨੇ ਚੋਣ ਪ੍ਰਚਾਰ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਪਰ ਇਸ ਦੇ ਬਾਵਜੂਦ ਉਮੀਦ ਮੁਤਾਬਕ ਵੋਟਾਂ ਨਹੀਂ ਮਿਲੀਆਂ। ਬੇਸ਼ੱਕ ਇੱਕ ਲੱਖ ਤੋਂ ਵਧੇਰੇ ਵੋਟਾਂ ਪ੍ਰਾਪਤ ਕਰਕੇ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਆਪਣੀ ਪਿੱਠ ਥਾਪੜਦੇ ਨਜ਼ਰ ਆ ਰਹੇ ਹਨ ਪਰ ਕੇਂਦਰੀ ਲੀਡਰਸ਼ਿਪ ਦੇ ਪ੍ਰਚਾਰ ਦੇ ਬਾਵਜੂਦ ਚੌਥੇ ਨੰਬਰ 'ਤੇ ਰਹਿਣਾ ਕਿਤੇ ਨਾ ਕਿਤੇ ਭਾਜਪਾ ਲਈ ਵੱਡੀ ਚਿੰਤਾ ਵਾਲੀ ਖ਼ਬਰ ਹੈ।

ਇਹ ਵੀ ਪੜ੍ਹੋ- ਪਾਕਿਸਤਾਨ 'ਚ ਘੱਟ ਗਿਣਤੀ ਹਿੰਦੂ ਫ਼ਿਰਕੇ ਦੀਆਂ ਔਰਤਾਂ ਆਪਣੇ ਅਧਿਕਾਰਾਂ ਪ੍ਰਤੀ ਅਣਜਾਨ

ਇਸ ਦੇ ਨਾਲ ਦੱਸ ਦੇਈਏ ਕਿ ਅਕਾਲੀ ਦਲ ਤੀਜੇ ਨੰਬਰ 'ਤੇ ਹੈ। ਰੁਝਾਨਾਂ ਤੋਂ ਇਹ ਗੱਲ ਵੀ ਕਿਤੇ ਨਾ ਕਿਤੇ ਸਾਫ਼ ਹੋ ਰਹੀ ਹੈ ਕਿ ਅਕਾਲੀ ਦਲ ਨੂੰ ਇਸ ਵਾਰ ਵੀ ਭਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਅਕਾਲੀ ਦਲ ਨੂੰ ਆਉਣ ਵਾਲੇ ਸਮੇਂ 'ਚ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਪਾਰਟੀ ਨੂੰ ਮੁੜ ਤੋਂ ਲੀਹ 'ਤੇ ਲੈ ਕੇ ਆਉਣ ਲਈ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਮਿਹਨਤ, ਚੰਗੇ ਚਿਹਰਿਆਂ ਤੇ ਯੂਥ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ ਹੈ। 

ਇਸ ਦੇ ਨਾਲ ਹੀ ਜੇਕਰ ਦੂਜੇ ਨੰਬਰ 'ਤੇ ਆ ਰਹੀ ਪਾਰਟੀ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਦਾ ਜਨਵਰੀ ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੇ ਯਾਤਰਾ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਦਿਹਾਂਤ ਮਗਰੋਂ ਹੀ ਜਲੰਧਰ ਲੋਕ ਸਭਾ ਦੀ ਸੀਟ ਖਾਲੀ ਹੋਈ ਸੀ। ਇਸੇ ਕਰਕੇ ਇਥੇ 10 ਮਈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਕਰਵਾਉਣੀ ਪਈ ਸੀ। ਇਸ ਸਮੇਂ ਜਲੰਧਰ ਜ਼ਿਮਨੀ ਚੋਣਾਂ 'ਚ ਕਾਂਗਰਸ ਨੂੰ 23 ਲੱਖ ਦੇ ਕਰੀਬ ਵੋਟਾਂ ਪਈਆਂ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News