ਮੰਤਰੀ ਧਾਲੀਵਾਲ ਬੋਲੇ, ਖਾਲਿਸਤਾਨ ਦਾ ਪੰਜਾਬ ’ਚ ਕੋਈ ਰੌਲਾ ਨਹੀਂ, ਅੰਮ੍ਰਿਤਪਾਲ ਨੂੰ ਲੈ ਕੇ ਸਰਕਾਰ ਨੇ ਦੇ ਦਿੱਤਾ ਜਵਾਬ

03/19/2023 11:50:55 AM

ਜਲੰਧਰ (ਧਵਨ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਕ ਸਾਲ ਪਹਿਲਾਂ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਕੁਲਦੀਪ ਸਿੰਘ ਧਾਲੀਵਾਲ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਲ ਕਰਕੇ ਉਨ੍ਹਾਂ ਨੂੰ ਅਹਿਮ ਖੇਤੀਬਾੜੀ, ਪੰਚਾਇਤੀ ਰਾਜ ਅਤੇ ਪੇਂਡੂ ਵਿਕਾਸ ਵਰਗੇ ਵਿਭਾਗ ਸੌਂਪੇ ਗਏ। ਇਸ ਤੋਂ ਬਾਅਦ ਧਾਲੀਵਾਲ ਨੇ ਸਰਕਾਰੀ ਜ਼ਮੀਨਾਂ ’ਤੇ ਹੋਏ ਕਬਜ਼ਿਆਂ ਨੂੰ ਛੁਡਵਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਅਤੇ ਪ੍ਰਭਾਵਸ਼ਾਲੀ ਅਤੇ ਰਸੂਖਦਾਰ ਲੋਕਾਂ ਤੋਂ ਹਜ਼ਾਰਾਂ ਏਕੜ ਸਰਕਾਰੀ ਜ਼ਮੀਨ ਗ਼ੈਰ-ਕਾਨੂੰਨੀ ਕਬਜ਼ਿਆਂ ਤੋਂ ਮੁਕਤ ਕਰਵਾਈ। ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਸਬੰਧੀ ਕੈਬਨਿਟ ਮੰਤਰੀ ਧਾਲੀਵਾਲ ਨੂੰ 5 ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਉਨ੍ਹਾਂ ਖੁੱਲ੍ਹ ਕੇ ਜਵਾਬ ਦਿੱਤੇ :

ਸਵਾਲ— ਪੰਜਾਬ ’ਚ ‘ਆਪ’ ਸਰਕਾਰ ਬਣਨ ਦੇ ਬਾਅਦ ਤੋਂ ਲਗਾਤਾਰ ਖਾਲਿਸਤਾਨੀ ਅਤੇ ਵੱਖਵਾਦੀ ਅਨਸਰਾਂ ਵੱਲੋਂ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ—
 ਪੰਜਾਬ ’ਚ ਖਾਲਿਸਤਾਨ ਦਾ ਕੋਈ ਅਸਰ ਜਾਂ ਰੌਲਾ ਨਹੀਂ ਹੈ, ਸਿਰਫ਼ ਸ਼ਰਾਰਤੀ ਅਨਸਰਾਂ ਵੱਲੋਂ ਹੀ ਅਜਿਹੀਆਂ ਅਫ਼ਵਾਹਾਂ ਫ਼ੈਲਾਈਆਂ ਜਾਂਦੀਆਂ ਹਨ। ਅਸਲੀਅਤ ਇਹ ਹੈ ਕਿ ਪੰਜਾਬ ਵਾਸੀਆਂ ਨੇ ਅੱਤਵਾਦ ਦਾ ਸੰਤਾਪ ਲੰਬੇ ਸਮੇਂ ਤਕ ਝੱਲਿਆ, ਜਿਸ ਵਿਚ ਭਾਰੀ ਜਾਨੀ ਨੁਕਸਾਨ ਪੰਜਾਬੀਆਂ ਦਾ ਹੋਇਆ ਸੀ। ਲੋਕ ਅੱਜ ਵੀ ਅੱਤਵਾਦ ਦੇ ਦੌਰ ਨੂੰ ਭੁੱਲੇ ਨਹੀਂ। ਇਸ ਲਈ ਉਹ ਨਾ ਤਾਂ ਖਾਲਿਸਤਾਨੀ ਅਨਸਰਾਂ ਨੂੰ ਸਮਰਥਨ ਦੇ ਰਹੇ ਹਨ ਅਤੇ ਨਾ ਹੀ ਭਵਿੱਖ ਵਿਚ ਦੇਣਗੇ। ਪੰਜਾਬ ਦੇ ਲੋਕ ਸੂਬੇ ਨੂੰ ਖੁਸ਼ਹਾਲੀ ਅਤੇ ਤਰੱਕੀ ਦੇ ਰਸਤੇ ’ਤੇ ਲਿਜਾਣਾ ਚਾਹੁੰਦੇ ਹਨ ਅਤੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਕੰਮ ਕਰ ਰਹੇ ਹਨ। ਪੰਜਾਬ ਦੇ ਲੋਕਾਂ ਦੀ ਆਪਣੀ ਸਰਕਾਰ ਨੂੰ ਜਨ-ਸਮਰਥਨ ਦੀ ਲੋੜ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਹੋਣ ਲੱਗੀਆਂ ਤਿਆਰੀਆਂ, ਡੀ. ਸੀ. ਨੇ ਅਧਿਕਾਰੀਆਂ ਤੋਂ ਮੰਗੀ ਇਹ ਰਿਪੋਰਟ

ਸਵਾਲ— ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਦੇ ਹਾਲਾਤ ਨੂੰ ਖ਼ਰਾਬ ਕਰਨ ਲਈ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਯਤਨ ਕੀਤੇ ਗਏ। ਅਜਿਹੇ ਅਨਸਰਾਂ ਖ਼ਿਲਾਫ਼ ਨਰਮ ਰੁਖ਼ ਕਿਉਂ ਅਪਣਾਇਆ ਜਾਂਦਾ ਹੈ?
ਜਵਾਬ—
ਪੰਜਾਬ ਸਰਕਾਰ ਅਤੇ ਪੁਲਸ ਨੇ ਸਹੀ ਸਮੇਂ ’ਤੇ ਸਹੀ ਫ਼ੈਸਲੇ ਲੈਣੇ ਹੁੰਦੇ ਹਨ। ਜਲਦਬਾਜ਼ੀ ਵਿਚ ਲਏ ਜਾਣ ਵਾਲੇ ਫ਼ੈਸਲੇ ਕਈ ਵਾਰ ਉਲਟ ਦਿਸ਼ਾ ਵਿਚ ਕੰਮ ਕਰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਹਾਲਾਤ ’ਤੇ ਪੂਰੀ ਨਜ਼ਰ ਰੱਖੀ ਹੋਈ ਹੈ। ਅੱਜ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੇ ਮਾਮਲੇ ’ਚ ਆਪਣਾ ਜਵਾਬ ਦੇ ਦਿੱਤਾ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਸਰਕਾਰ ਸੂਬੇ ਦੀ ਅਮਨ-ਸ਼ਾਂਤੀ ਨੂੰ ਕਿਸੇ ਵੀ ਕੀਮਤ ’ਤੇ ਭੰਗ ਨਹੀਂ ਹੋਣ ਦੇਵੇਗੀ। ਕਾਨੂੰਨ-ਵਿਵਸਥਾ ਹਰ ਕੀਮਤ ’ਤੇ ਬਣਾ ਕੇ ਰੱਖੀ ਜਾਵੇਗੀ।

ਸਵਾਲ— ਟੀ. ਵੀ. ਚੈਨਲਾਂ ’ਤੇ ਗੈਂਗਸਟਰਾਂ ਦੀਆਂ ਇੰਟਰਵਿਊ ਪ੍ਰਸਾਰਿਤ ਹੋਣ ਨਾਲ ਵੀ ਜਨਤਾ ਵਿਚ ਗਲਤ ਸੁਨੇਹਾ ਜਾਂਦਾ ਹੈ। ਇਸ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ?
ਜਵਾਬ—
ਪੰਜਾਬ ’ਚ ਪੁਲਸ ਅਤੇ ਸਰਕਾਰ ਨੇ ਪਿਛਲੇ ਇਕ ਸਾਲ ਦੌਰਾਨ ਗੈਂਗਸਟਰਾਂ ਅਤੇ ਅੱਤਵਾਦੀਆਂ ’ਤੇ ਦਬਦਬਾ ਵਧਾਇਆ ਹੈ ਅਤੇ ਇਸੇ ਬੌਖ਼ਲਾਹਟ ਵਿਚ ਗੈਂਗਸਟਰਾਂ ਵੱਲੋਂ ਪੰਜਾਬ ਪੁਲਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਪੁਲਸ ਨੇ ਡੀ. ਜੀ. ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਨੂੰ ਅਪਰਾਧ-ਮੁਕਤ ਬਣਾਉਣ ਦੀ ਦਿਸ਼ਾ ’ਚ ਚੰਗਾ ਕੰਮ ਕੀਤਾ ਹੈ। ਸਮੁੱਚੇ ਪੁਲਸ ਅਧਿਕਾਰੀ ਫੀਲਡ ਵਿਚ ਆ ਕੇ ਕੰਮ ਕਰ ਰਹੇ ਹਨ। ਏ. ਡੀ. ਜੀ. ਪੀ., ਆਈ. ਜੀ. ਰੈਂਕ ਦੇ ਅਧਿਕਾਰੀ ਪਹਿਲੀ ਵਾਰ ਫੀਲਡ ਵਿਚ ਕੰਮ ਕਰਦੇ ਵੇਖੇ ਗਏ ਹਨ। ਇਸ ਤੋਂ ਬਿਹਤਰ ਕੰਮ ਪੰਜਾਬ ਪੁਲਸ ਨੇ ਬੀਤੇ ਸਮੇਂ ਵਿਚ ਨਾ ਤਾਂ ਅਕਾਲੀਆਂ ਦੀ ਸਰਕਾਰ ਵਿਚ ਕੀਤਾ ਅਤੇ ਨਾ ਹੀ ਕਾਂਗਰਸ ਦੀ ਸਰਕਾਰ ਵਿਚ। ਅਸਲ ’ਚ ਵਿਰੋਧੀ ਪਾਰਟੀਆਂ ਬੌਖ਼ਹਾਲਟ ਵਿਚ ਭਗਵੰਤ ਮਾਨ ਸਰਕਾਰ ’ਤੇ ਲਾਅ ਐਂਡ ਆਰਡਰ ਦੇ ਮੁੱਦੇ ’ਤੇ ਹਮਲੇ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਕੋਲ ਹੁਣ ਕੋਈ ਵੀ ਮਸਲਾ ਬਚਿਆ ਹੋਇਆ ਨਹੀਂ।

ਇਹ ਵੀ ਪੜ੍ਹੋ : ਪੰਜਾਬੀ ਦੌੜਾਕ ਦੀ ਚਾਰੇ ਪਾਸੇ ਚਰਚਾ, ਮਾਈਨਸ 7 ਡਿਗਰੀ 'ਚ ਬਰਫ਼ੀਲੀ ਸੜਕ ’ਤੇ ਲਾਈ 21.1 ਕਿਲੋਮੀਟਰ ਦੌੜ

ਸਵਾਲ— ਪੰਜਾਬ ’ਚ ਭਗਵੰਤ ਮਾਨ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਜਵਾਬ—
ਭਗਵੰਤ ਮਾਨ ਸਰਕਾਰ ਨੇ ਪਿਛਲੇ ਇਕ ਸਾਲ ਵਿਚ ਉਹ ਕੰਮ ਕਰ ਦਿੱਤੇ ਹਨ, ਜੋ ਹੋਰ ਪਾਰਟੀਆਂ ਦੀਆਂ ਸਰਕਾਰਾਂ ਆਪਣੇ ਅੰਤਿਮ ਸਾਲ ਵਿਚ ਕਰਿਆ ਕਰਦੀਆਂ ਸਨ। ਮਾਨ ਸਰਕਾਰ ਨੇ 26 ਤੋਂ 27 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਜਦਕਿ ਅਕਾਲੀ ਅਤੇ ਕਾਂਗਰਸੀ ਆਪਣੇ ਅੰਤਿਮ ਸਾਲ ਵਿਚ ਨੌਕਰੀਆਂ ਦੇ ਮੌਕੇ ਖੋਲ੍ਹਦੇ ਸਨ। ਇਸੇ ਤਰ੍ਹਾਂ ਸਰਕਾਰ ਨੇ ਰਸੂਖਦਾਰ ਲੋਕਾਂ ਤੋਂ ਜ਼ਮੀਨਾਂ ਨੂੰ ਖ਼ਾਲੀ ਕਰਵਾਇਆ ਹੈ। ਸਰਕਾਰ ਨੇ ਮੈਰਿਟ ਦੇ ਆਧਾਰ ’ਤੇ ਸਾਰੇ ਫ਼ੈਸਲੇ ਲਏ ਹਨ।

ਸਵਾਲ— ਆਉਣ ਵਾਲੇ 4 ਸਾਲਾਂ ’ਚ ਸਰਕਾਰ ਦਾ ਏਜੰਡਾ ਕੀ ਰਹੇਗਾ?
ਜਵਾਬ—
ਆਉਣ ਵਾਲੇ 4 ਸਾਲਾਂ ਵਿਚ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਨੂੰ ਖ਼ੁਸ਼ਹਾਲ ਪੰਜਾਬ ਬਣਾਉਣ ਲਈ ਵਿਕਾਸ ਦਾ ਨਵਾਂ ਦੌਰ ਤੇਜ਼ੀ ਨਾਲ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਵਿਚ ਸਰਕਾਰ ਨੂੰ ਪੰਜਾਬੀਆਂ ਦੇ ਸਹਿਯੋਗ ਦੀ ਲੋੜ ਰਹੇਗੀ ।

ਇਹ ਵੀ ਪੜ੍ਹੋ : ਵਿਜੀਲੈਂਸ ਚੀਫ਼ ਵਰਿੰਦਰ ਕੁਮਾਰ ਨੇ ਪੰਜਾਬ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਕਹੀਆਂ ਵੱਡੀਆਂ ਗੱਲਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News