ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡਾਂ ’ਚ ਜਾ ਕੇ ਫਸਲਾਂ ਦੀ ਗਿਰਦਾਵਰੀ ਦਾ ਲਿਆ ਜਾਇਜ਼ਾ

Friday, Apr 07, 2023 - 04:42 PM (IST)

ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡਾਂ ’ਚ ਜਾ ਕੇ ਫਸਲਾਂ ਦੀ ਗਿਰਦਾਵਰੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ (ਸਰਬਜੀਤ) : ਪੰਜਾਬ ਵਿਚ ਮੀਂਹ ਅਤੇ ਗੜ੍ਹੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਸਬੰਧੀ ਸਹੀ ਜਾਣਕਾਰੀ ਪਤਾ ਕਰਨ ਲਈ ਖੇਤੀਬਾੜੀ ਵਿਭਾਗ ਅਤੇ ਪਟਵਾਰੀਆਂ ਵੱਲੋਂ ਪਿੰਡ-ਪਿੰਡ ਪਹੁੰਚ ਕੇ ਕੀਤੀ ਜਾ ਰਹੀ ਫਸਲਾਂ ਦੀ ਗਿਰਦਾਵਰੀ ਦਾ ਜਾਇਜ਼ਾ ਲੈਣ ਲਈ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਮਦਾਸ, ਬਾਉਲੀ, ਸਿੰਘੋਕੇ, ਪੰਜਗਰਾਈਂ, ਧਰਮ ਪ੍ਰਕਾਸ਼ ਅਤੇ ਦਰਿਆ ਮੂਸਾ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਫਸਲ ਦੀ ਕਟਾਈ ਦੇ ਨਾਲ ਹੀ ਦੇਣਾ ਚਾਹੁੰਦੀ ਹੈ ਅਤੇ ਉਹ ਤਾਂ ਹੀ ਸੰਭਵ ਹੈ ਜੇਕਰ ਦੋਵੇਂ ਵਿਭਾਗ ਫਸਲਾਂ ਦੇ ਨੁਕਸਾਨ ਸਬੰਧੀ ਆਪਣੀ ਰਿਪੋਰਟ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਤਿਆਰ ਕਰਕੇ ਸਮੇਂ ਦੇਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕਣਕ ਤੋਂ ਇਲਾਵਾ ਸਬਜੀ, ਪਸ਼ੂਆਂ ਦਾ ਚਾਰਾ ਅਤੇ ਹੋਰ ਫਸਲਾਂ ਦਾ ਵੀ ਨੁਕਸਾਨ ਮੀਂਹ ਅਤੇ ਗੜ੍ਹੇਮਾਰੀ ਕਾਰਨ ਹੋਇਆ ਹੈ, ਸੋ ਦੋਵਾਂ ਵਿਭਾਗਾਂ ਦੇ ਅਧਿਕਾਰੀ ਹਰੇਕ ਪਿੰਡ ਪਹੁੰਚ ਕੇ ਫਸਲਾਂ ਦੀ ਸਹੀ ਜਾਣਕਾਰੀ ਇਕੱਠੀ ਕਰਨੀ ਯਕੀਨੀ ਬਨਾਉਣ ਅਤੇ ਇਸਦੀ ਰਿਪੋਰਟ 10 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਦੇਣ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣਾਈ ਗਈ ਨੀਤੀ ਅਨੁਸਾਰ ਕਿਸਾਨ ਨੂੰ ਮੁਆਵਜ਼ਾ ਫਸਲ ਦੇ ਨੁਕਸਾਨ ਦੇ ਹਿਸਾਬ ਨਾਲ ਹੀ ਮਿਲਣਾ ਹੈ, ਸੋ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਰੇਕ ਖੇਤ ਤੱਕ ਜਾਣ ਤੇ ਫਸਲਾਂ ਦੇ ਹੋਏ ਨੁਕਸਾਨ ਦੀ ਸਹੀ ਰਿਪੋਰਟ ਤਿਆਰ ਕਰਨ ਤਾਂ ਜੋ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨਾਲ ਰਿਪੋਰਟ ਦੇ ਮਸਲੇ ’ਤੇ ਬੇਇਨਸਾਫੀ ਨਾ ਹੋਵੇ ਅਤੇ ਨਾ ਹੀ ਕੋਈ ਅਧਿਕਾਰੀ ਪੈਸੇ ਦੇ ਲਾਲਚ ਵਿਚ ਗਲਤ ਰਿਪੋਰਟ ਹੀ ਦੇਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਅਜਿਹਾ ਹੋਇਆ ਤਾਂ ਸਬੰਧਤ ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਵਿਸਾਖੀ ਦੇ ਨਾਲ ਹੀ ਮੁਆਵਜ਼ਾ ਦੇਣ ਦੀ ਸਾਡੀ ਕੋਸ਼ਿਸ਼ ਹੈ ਅਤੇ ਇਸ ਟੀਚੇ ਅਨੁਸਾਰ ਹੀ ਕੰਮ ਪੂਰਾ ਕੀਤਾ ਜਾਵੇ। 

ਇਸ ਮੌਕੇ ਚੇਅਰਮੈਨ ਬਲਦੇਵ ਸਿੰਘ, ਸਹਾਇਕ ਕਮਿਸ਼ਨਰ ਸਿਮਰਨਜੀਤ ਸਿੰਘ ਆਈ. ਏ. ਐੱਸ, ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਜਤਿੰਦਰ ਸਿੰਘ ਗਿੱਲ, ਏ. ਓ. ਯੋਗਰਾਜਬੀਰ ਸਿੰਘ, ਵਿਸਥਾਰ ਅਫਸਰ ਪ੍ਰਭਦੀਪ ਗਿੱਲ ਚੇਤਨਪੁਰਾ, ਏ. ਈ. ਓ. ਹਰਭਜਨ ਸਿੰਘ, ਏ. ਡੀ. ਓ. ਅਜਮੇਰ ਸਿੰਘ, ਤਹਿਸੀਲਦਾਰ ਬੀ. ਡੀ. ਪੀ. ਓ ਅਜਨਾਲਾ, ਗਰਦੋਰ, ਪਟਵਾਰੀ ਅਤੇ ਹੋਰ ਮੋਹਤਬਰ ਹਾਜ਼ਰ ਸਨ।


author

Gurminder Singh

Content Editor

Related News