ਪੰਚਾਇਤ ਮੰਤਰੀ ਧਾਲੀਵਾਲ ਦਾ ਦਾਅਵਾ, 1 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਦੇ ਛੁਡਵਾਏ ਨਾਜਾਇਜ਼ ਕਬਜ਼ੇ
Thursday, May 12, 2022 - 05:01 PM (IST)
ਮੁਹਾਲੀ (ਜ.ਬ) : ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਮੋਹਾਲੀ ਦੇ ਵਿਕਾਸ ਭਵਨ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਪੰਚਾਇਤ ਮੰਤਰੀ ਨੇ ਪੰਜਾਬ ’ਚ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ‘ਮਾਨ’ ਸਾਹਿਬ ਵਲੋਂ ਕੀਤੀ ਗਈ ਅਪੀਲ ਜਿਸ ’ਚ ਉਨ੍ਹਾਂ ਪੰਜਾਬੀਆਂ ਨੂੰ ਪੰਚਾਇਤੀ ਜ਼ਮੀਨਾਂ ਸਰਕਾਰ ਹਵਾਲੇ ਕਰਨ ਦੀ ਗੱਲ ਕਹੀ ਸੀ, ਅੱਜ ਉਸ ਦਾ ਅਸਰ ਸਾਹਮਣੇ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਤੋਂ 12 ਦਿਨਾਂ ’ਚ 1008 ਏਕੜ ਨਾਜਾਇਜ਼ ਜ਼ਮੀਨ ’ਚੋਂ ਕਬਜ਼ਾ ਹਟਾ ਕੇ ਸਰਕਾਰ ਹਵਾਲੇ ਕੀਤੀ ਹੈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਸਰਹਿੰਦ ਦੇ ਇਕ ਪਿੰਡ ਨੇ 417 ਏਕੜ ਨਾਜਾਇਜ਼ ਜ਼ਮੀਨ ਖ਼ੁਸ਼ੀ ਖ਼ੁਸ਼ੀ ਸਰਕਾਰ ਹਵਾਲੇ ਕੀਤੀ ਹੈ।
ਇਹ ਵੀ ਪੜ੍ਹੋ : ਬਠਿੰਡਾ ਵਿਖੇ ਮੁਫ਼ਤ ਸਫ਼ਰ ਨੂੰ ਲੈ ਕੇ ਹੰਗਾਮਾ, ਬੱਸ ਸਾਹਮਣੇ ਲੇਟੀ ਬਜ਼ੁਰਗ ਬੀਬੀ, ਜਾਣੋ ਪੂਰਾ ਮਾਮਲਾ
ਧਾਲੀਵਾਲ ਨੇ ਅੱਗੇ ਦੱਸਿਆ ਕਿ 35 ਏਕੜ ਪੰਚਾਇਤੀ ਜ਼ਮੀਨ ਜਿਸ ’ਤੇ ਕਈ ਲੋਕ ਖੇਤੀ ਕਰ ਰਹੇ ਸਨ ਜਾਂ ਜਿਨ੍ਹਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹਨ, ਸਾਡੇ ਦਫ਼ਤਰ ਆ ਕੇ ਖ਼ੁਦ ਨਾਜਾਇਜ਼ ਕਬਜ਼ਾ ਛੱਡਣ ਦੀ ਗੱਲ ਕਰ ਰਹੇ ਹਨ।। ਉਨ੍ਹਾਂ ਕਿਹਾ ਕਿ ਮੀਡੀਆ ਜ਼ਰੀਏ ਮੈਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਇਹ ਪੰਜਾਬ ਤੁਹਾਡਾ ਹੈ। ਇਹ 10 ਗੁਰੂਆਂ ਦੀ ਧਰਤੀ, ਸ਼ਹੀਦ ਭਗਤ ਸਿੰਘ ਅਤੇ ਗਦਰੀ ਬਾਬਿਆਂ ਦੀ ਧਰਤੀ ’ਤੇ ਪੰਜਾਬੀਆਂ ਦਾ ਹੱਕ ਹੈ ਅਤੇ ਇਸ ਨੂੰ ਬਚਾਉਣਾ ਤੁਹਾਡੀ ਡਿਊਟੀ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਕਦਮੀ ’ਚ ਪੰਜਾਬ ਦੇ ਲੋਕਾਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਕਜੁੱਟ ਹੋ ਕੇ ਹੀ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : CM ਮਾਨ ਦੇ ਸ਼ਹਿਰ ’ਚ ਵੱਡੀ ਵਾਰਦਾਤ, ਸਿਰ 'ਚ ਗੋਲ਼ੀ ਮਾਰ ਨੌਜਵਾਨ ਦਾ ਕੀਤਾ ਕਤਲ
ਮੀਡੀਆ ਨਾਲ ਗੱਲਬਾਤ ਕਰਦੇ ਧਾਲੀਵਾਲ ਨੇ ਕਿਹਾ ਕਿ 20 ਫਰਵਰੀ ਨੂੰ ਜਿਹੜਾ ਫਤਵਾ ਦੇ ਕੇ 92 ਵਿਧਾਇਕਾਂ ਨੂੰ ਜਿਤਾ ਕੇ ਤੁਸੀਂ ‘ਆਪ’ ਸਰਕਾਰ ਨੂੰ ਪੰਜਾਬ ’ਚ ਲਿਆਂਦ ਹੈ, ਉਸੇ ਤਰ੍ਹਾਂ ਦੇ ਸਾਥ ਦੀ ਹੁਣ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਇਕੱਲੇ ਅਧਿਕਾਰੀਆਂ ਅਤੇ ਮੰਤਰੀਆਂ ਦੇ ਵੱਸ ਦੀ ਗੱਲ ਨਹੀਂ ਹੈ, ਸਗੋਂ ਇਸ ’ਚ ਹਰ ਪੰਜਾਬੀ ਦੇ ਸਾਥ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪਟਵਾਰੀ ਵੀਰ ਅਤੇ ਤਹਿਸੀਲਦਾਰ ਹੜਤਾਲ ’ਤੇ ਚਲੇ ਗਏ ਸਨ ਜਿਸ ਕਾਰਨ ਸਾਨੂੰ ਥੋੜ੍ਹੀ ਮੁਸ਼ਕਲ ਜ਼ਰੂਰ ਆਈ ਸੀ ਪਰ ਅਸੀਂ ਨਾਜਾਇਜ਼ ਜ਼ਮੀਨ ਛੁਡਵਾਉਣ ਲਈ ਸੰਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਚੱਲਦੇ ਹਾਂ ਤਾਂ ਜੋ ਕਿਸੇ ਨਾਲ ਵੀ ਧੱਕਾ ਨਾ ਹੋਵੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 31 ਮਈ ਤੱਕ ਸਾਰੀਆਂ ਸ਼ਾਮਲਾਟ ਜ਼ਮੀਨਾਂ ਦੇ ਕਬਜ਼ੇ ਆਪ ਹੀ ਛੱਡ ਦੇਣ ਅਤੇ ਜੇਕਰ ਲੋਕ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਧਾਲੀਵਾਲ ਨੇ ਕਿਹਾ ਕਿ ਤ੍ਰਾਸਦੀ ਇਹ ਹੈ ਕਿ ਬਹੁਤੀਆਂ ਜ਼ਮੀਨਾਂ ’ਤੇ ਪਿਛਲੀਆਂ ਸਰਕਾਰਾਂ ਦੀ ਅਗਵਾਈ ਹੇਠ ਆਪਣੇ ਹਮਾਇਤੀਆਂ ਨੂੰ ਕਬਜ਼ੇ ਕਰਵਾਏ ਹਨ ਜਿਸ ਕਾਰਨ ਮਾਨ ਸਾਹਿਬ ਵਲੋਂ ਅੱਜ ਇਹ ਲਹਿਰ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ 100 ਏਕੜ ਪੰਚਾਇਤੀ ਜ਼ਮੀਨ ਰੋਜ਼ਾਨਾ ਛੁਡਵਾ ਰਹੇ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ’ਚ 200 ਏਕੜ ਦੇ ਪਾਰ ਨਾਜਾਇਜ਼ ਜ਼ਮੀਨ ਛੁਡਵਾਈ ਜਾਵੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ