ਪੰਜਾਬੀ ਮਾਂ ਬੋਲੀ 'ਤੇ ਵਿਸ਼ੇਸ਼ : 1984 'ਚ ਕੁਲਬੀਰ ਥਿੰਦ ਨੇ ਤਿਆਰ ਕੀਤਾ ਸੀ ਗੁਰਮੁੱਖੀ ਫੌਂਟ

Thursday, Feb 21, 2019 - 05:37 PM (IST)

ਜਲੰਧਰ : ਅਮਰੀਕਾ ਵਸਦੇ ਡਾ. ਕੁਲਬੀਰ ਸਿੰਘ ਥਿੰਦ ਨੇ  1984 'ਚ ਸਭ ਤੋਂ ਪਹਿਲਾਂ ਗੁਰਮੁਖੀ ਨਾਮ ਦਾ ਪੰਜਾਬੀ ਫੌਂਟ ਤਿਆਰ ਕੀਤਾ। ਇਸ ਫੌਂਟ ਨੂੰ ਤਿਆਰ ਕਰਨ ਪਿੱਛੇ ਦੀ ਕਹਾਣੀ ਬਹੁਤ ਦਿਲਚਸਪ ਹੈ। ਕੁਲਬੀਰ ਥਿੰਦ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਘਰਵਾਲੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਰਿਸਰਚਰ ਸੀ ਅਤੇ ਖੋਜ ਕਰਕੇ ਕੰਪਿਊਟਰ ਦੀ ਲੋੜ ਪਈ। ਇੰਝ ਉਨ੍ਹਾਂ ਦਾ ਰਾਬਤਾ ਕੰਪਿਊਟਰ ਨਾਲ ਹੋਇਆ ਅਤੇ ਵੇਖਿਆ ਕਿ ਅੰਗਰੇਜ਼ੀ ਨੂੰ ਲਿਖਣ ਦੇ ਕਈ ਫੌਂਟ ਹਨ ਪਰ ਪੰਜਾਬੀ ਦਾ ਇਕ ਵੀ ਨਹੀਂ। ਉਨ੍ਹਾਂ ਮੁਤਾਬਕ ਪੰਜਾਬੀ ਦੇ ਪਸਾਰ ਲਈ ਇਸ ਨੂੰ ਤਕਨੀਕੀ ਮੰਚ 'ਤੇ ਪੇਸ਼ ਕਰਨਾ ਜ਼ਰੂਰੀ ਸੀ ਕਿਉਂਕਿ ਆਉਣ ਵਾਲਾ ਜ਼ਮਾਨਾ ਤਕਨੀਕ ਦਾ ਸੀ ਅਤੇ ਇਹ ਸਾਰਾ ਕੰਮ ਸ਼ੌਕ-ਸ਼ੌਕ 'ਚ ਹੋਇਆ।ਡਾ. ਥਿੰਦ ਮੁਤਾਬਕ ਪਹਿਲਾਂ ਇਹ ਫੌਂਟ ਬਿਟ ਮੈਪ ਤਕਨੀਕ ਅਧੀਨ ਸੀ, ਜਿਸ ਕਰਕੇ ਅੱਖਰਾਂ ਦਾ ਅਕਾਰ ਵੱਡਾ ਹੋਣ 'ਤੇ ਇਹ ਧੁੰਦਲਾ ਪੈ ਜਾਂਦਾ ਸੀ। ਹੁਣ ਫੌਂਟ ਆਊਟਲਾਈਨ ਤਕਨੀਕ 'ਚ ਹਨ।
ਡਾ. ਥਿੰਦ ਦੱਸਦੇ ਹਨ ਕਿ ਇਹ ਕੋਈ ਇਕ ਦਿਨ ਦੀ ਤਰੱਕੀ ਨਹੀਂ ਹੈ। ਇਸ ਦੌਰਾਨ ਕਈ ਸੱਜਣਾਂ ਨੇ ਸਲਾਹ ਦਿੱਤੀ ਕਿ ਕੀ-ਬੋਰਡ 'ਤੇ ਅੱਖਰਾਂ ਦੀ ਪਲੇਸਮੈਂਟ ਸਹੀ ਕਰਨ ਦੀ ਲੋੜ ਹੈ ਅਤੇ ਪੁਰਾਣੀ ਪਲੇਸਮੈਂਟ 'ਚ ਟਾਈਪਿੰਗ ਹੌਲੀ ਹੁੰਦੀ ਹੈ। ਇੰਝ ਫਿਰ ਚਾਤ੍ਰਿਕ ਫੌਂਟ ਹੋਂਦ 'ਚ ਆਇਆ। ਪਹਿਲੇ ਫੌਂਟ ਦਾ ਨਾਂ ਗੁਰਮੁਖੀ ਰੱਖਿਆ ਸੀ।ਫਿਰ ਅਨਮੋਲ ਲਿੱਪੀ,ਅੰਮ੍ਰਿਤ ਲਿਪੀ, ਗੁਰਬਾਣੀ ਲਿੱਪੀ 'ਚ ਆਏ।ਫਿਰ ਬਦਲਾਅ ਤੋਂ ਬਾਅਦ ਅਖੀਰ ਚਾਤ੍ਰਿਕ ਫੌਂਟ ਆਇਆ, ਜਿਸ ਦਾ ਨਾਂ ਧਨੀ ਰਾਮ ਚਾਤ੍ਰਿਕ ਦੇ ਨਾਂ 'ਤੇ ਰੱਖਿਆ ਗਿਆ।
ਡਾ. ਥਿੰਦ ਮੁਤਾਬਕ ਯੂਨੀਫੋਰਮਟੀ ਲਈ ਤਕਨੀਕੀ ਮਾਹਿਰਾਂ ਨੇ ਯੂਨੀਕੋਡ ਸਟੈਂਡਰਡ ਵਿਕਸਤ ਕਰ ਦਿੱਤਾ ਅਤੇ 2001 ਤੋਂ ਬਾਅਦ ਫੌਂਟ ਦੀ ਦੁਨੀਆ 'ਚ ਹੋਰ ਚੰਗੇ ਸੁਧਾਰ ਆਉਂਦੇ ਗਏ। ਡਾ. ਥਿੰਦ ਮੁਤਾਬਕ ਇਸ ਵੇਲੇ ਪੰਜਾਬੀ ਦੇ ਅੰਦਾਜ਼ਨ ਨਾਨ ਸਟੈਂਡਰਡ ਫੌਂਟ 50 ਦੇ ਲੱਗਭਗ ਹਨ ਅਤੇ ਯੂਨੀਕੋਡ ਆਧਾਰਿਤ 15 ਦੇ ਲੱਗਭਗ ਫੌਂਟ ਹਨ।

ਇਹ ਡਾ. ਕੁਲਬੀਰ ਸਿੰਘ ਥਿੰਦ ਹੀ ਹਨ, ਜਿਨ੍ਹਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤਕਨੀਕੀ ਦੁਨੀਆ 'ਚ ਆਪਣੇ 'ਗੁਰਬਾਣੀ ਸੀਡੀ' ਪ੍ਰੋਜੈਕਟ ਰਾਹੀਂ ਪੇਸ਼ ਕੀਤੀ। ਇੰਝ ਗੁਰੁ ਗ੍ਰੰਥ ਸਾਹਿਬ ਵੈੱਬ ਦੁਨੀਆ 'ਚ ਅੱਖਰ ਰੂਪ 'ਚ ਅੰਗਰੇਜ਼ੀ ਤਰਜਮੇ ਨਾਲ ਸਾਨੂੰ ਮੁਹੱਈਆ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਕੰਪਿਊਟਰਾਈਜੇਸ਼ਨ ਡਾ. ਥਿੰਦ ਦਾ ਹੰਭਲਾ ਸੀ। ਉਨ੍ਹਾਂ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਵਨਾਗਰੀ 'ਚ ਵੀ ਪੜ੍ਹਨਯੋਗ ਬਣਾਇਆ ਅਤੇ ਗੁਰਬਾਣੀ ਦੀ ਫੋਨੈਟਿਕ ਟ੍ਰਾਂਸਲਿਟ੍ਰੇਸ਼ਨ ਪੇਸ਼ ਕੀਤੀ। ਅੱਖਰ ਅੱਖਰ ਗੁਰਬਾਣੀ ਦਾ ਤਰਜਮਾ ਅਤੇ ਫੋਨੈਟਿਕ ਟ੍ਰਾਂਸਲਿਟ੍ਰੇਸ਼ਨ ਨਾਲ ਹੀ ਗੁਰਬਾਣੀ ਨੂੰ ਬਿਹਤਰ ਢੰਗ ਨਾਲ ਕੰਪਿਊਟਰ 'ਤੇ ਪੜ੍ਹਨਾ ਸੌਖਾਲਾ ਹੋਇਆ। ਉਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਰਤਦੀ ਵੀ ਹੈ ਅਤੇ ਇਸ ਲਈ ਉਨ੍ਹਾਂ ਡਾ. ਥਿੰਦ ਦਾ ਸਨਮਾਨ ਵੀ ਕੀਤਾ ਹੈ।

ਸ਼ਾਹਮੁਖੀ ਤੇ ਗੁਰਮੁੱਖੀ ਨੂੰ  ਮਿਲਾਉਂਦੇ ਗੁਰਪ੍ਰੀਤ ਲਹਿਲ

ਗੁਰਪ੍ਰੀਤ ਲਹਿਲ ਪੰਜਾਬੀ ਯੂਨੀਵਰਸਿਟੀ ਤੋਂ ਦੱਸਦੇ ਹਨ ਕਿ 'ਅੱਖਰ' ਨੂੰ ਬਣਾਉਣ 'ਚ ਉਨ੍ਹਾਂ ਦੇ ਨਾਲ-ਨਾਲ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਖੋਜੀਆਂ ਦਾ ਯੋਗਦਾਨ ਵੀ ਰਿਹਾ ਹੈ।ਅੰਗਰੇਜ਼ੀ ਦੇ ਮਾਈਕ੍ਰੋਸਾਫਟ ਵਰਲਡ ਦੀ ਤਰਜ਼ 'ਤੇ ਅੱਖਰ ਨੇ ਪੰਜਾਬੀ ਨੂੰ ਬੁਨਿਆਦੀ ਟੂਲ ਦਿੱਤਾ ਹੈ, ਜਿਸ ਮਾਰਫਤ ਅਸੀਂ ਤਕਨੀਕੀ ਤੌਰ 'ਤੇ ਪੰਜਾਬੀ ਨੂੰ ਲਿਖ-ਪੜ੍ਹ ਸਕਦੇ ਹਾਂ।ਅੱਖਰ 2004 ਤੋਂ ਹੁੰਦਾ 2010 ਤੱਕ ਆਪਣੇ ਪੂਰੇ ਰੂਪ 'ਚ ਪੰਜਾਬੀਆਂ ਲਈ ਮੁਹੱਈਆ ਹੋਇਆ। 2016 'ਚ ਯੂਨੀਕੋਡ ਆਧਾਰਿਤ ਆਧੁਨਿਕ ਅੱਖਰ ਸਾਡੇ ਕੋਲ ਹੈ। ਅੱਖਰ ਨੇ ਇਕ ਹੀ ਮੰਚ 'ਤੇ ਬਹੁਤ ਸਾਰੀਆਂ ਚੀਜ਼ਾਂ ਸੌਖਾਲੀਆਂ ਕੀਤੀਆਂ ਹਨ।
ਇਸ ਮਾਰਫਤ ਟਾਈਪਿੰਗ, ਫੌਂਟ ਤਬਦੀਲੀ, ਇਕ ਲਿੱਪੀ (ਗੁਰਮੁੱਖੀ ) ਤੋਂ ਦੂਜੀ ਲਿਪੀ (ਸ਼ਾਹਮੁਖੀ) 'ਚ ਬਦਲਣਾ, ਸ਼ਬਦ ਜੋੜ, ਤਰਜਮਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਅੱਖਰ ਨੂੰ ਪਛਾਣਦਾ ਹੈ ਅਤੇ ਇਸ ਤਕਨੀਕ 'ਚ ਅਸੀਂ ਕਿਸੇ ਵੀ ਕਿਤਾਬ ਨੂੰ ਸਕੈਨ ਕਰ ਕੇ ਉਸ ਨੂੰ ਮੁੜ ਟਾਈਪਿੰਗ 'ਚ ਲਿਆ ਕੇ ਸੋਧ ਕਰ ਸਕਦੇ ਹਾਂ। ਡਾ. ਲਹਿਲ ਮੁਤਾਬਕ ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਤੁਹਾਨੂੰ ਢੁੱਕਵੀਂ ਜਾਣਕਾਰੀ ਮਿਲ ਜਾਵੇਗੀ। ਯੂਨੀਵਰਸਿਟੀ ਦੀਆਂ ਕੁਝ ਵੈੱਬਸਾਈਟਾਂ ਪੰਜਾਬੀ ਪੜ੍ਹਨੀ, ਲਿਖਣੀ, ਬੋਲਣੀ ਵੀ ਸਿਖਾਉਂਦੀਆਂ ਹਨ। ਪੰਜਾਬੀ ਭਾਸ਼ਾ ਨਾਲ ਸਬੰਧਿਤ ਹਰ ਜਵਾਬ ਤੁਹਾਨੂੰ ਇਨ੍ਹਾਂ ਵੈੱਬਸਾਈਟਾਂ ਤੋਂ ਮਿਲ ਜਾਵੇਗਾ।


Anuradha

Content Editor

Related News