ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਦਿੱਤਾ ਧਰਨਾ

Thursday, Nov 30, 2017 - 10:02 AM (IST)

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਦਿੱਤਾ ਧਰਨਾ


ਜ਼ੀਰਾ (ਅਕਾਲੀਆਂ ਵਾਲਾ, ਗੁਰਮੇਲ) - ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਝੰਡੇ ਹੇਠ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਐੱਸ. ਡੀ. ਐੱਮ. ਦਫ਼ਤਰ ਜ਼ੀਰਾ ਅੱਗੇ ਰੋਸ ਭਰਪੂਰ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਕਿਸਾਨ ਆਗੂ ਬਲਰਾਜ ਸਿੰਘ ਮੱਲੋਕੇ, ਗੁਰਦੇਵ ਸਿੰਘ ਤਲਵੰਡੀ ਮੰਗੇ ਖਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰਜ਼ੇ ਤੋਂ ਪੀੜਤ ਮਜਬੂਰਨ ਖੁਦਕੁਸ਼ੀ ਕਰ ਗਏ ਕਿਸਾਨ ਦੇ ਪਰਿਵਾਰ ਨੂੰ ਸਰਕਾਰੀ ਮਾਲੀ ਸਹਾਇਤਾ ਦੇਣ ਵਿਚ ਪ੍ਰਸ਼ਾਸਨ ਅਧਿਕਾਰੀ ਲੇਟ-ਲਤੀਫੀ ਤੇ ਟਾਲ-ਮਟੋਲ ਕਰ ਰਹੇ ਹਨ। ਜ਼ੀਰਾ ਪ੍ਰਸ਼ਾਸਨ ਵੱਲੋਂ ਕੀਤੇ ਵਾਅਦੇ ਮੁਤਾਬਕ ਚੈੱਕ ਨਹੀਂ ਦਿੱਤਾ ਗਿਆ ਜਦੋਂਕਿ ਮ੍ਰਿਤਕ ਕਿਸਾਨ ਦੀ ਲੜਕੀ ਕਰਮਜੀਤ ਕੌਰ ਦਾ ਵਿਆਹ 4 ਦਸੰਬਰ 2017 ਨੂੰ ਰੱਖਿਆ ਹੋਇਆ ਹੈ ਅਤੇ ਪ੍ਰਸ਼ਾਸਨ ਪੂਰਨ ਰੂਪ ਵਿਚ ਜ਼ਿੰਮੇਵਾਰੀ ਸਮਝਦਿਆਂ ਪਰਿਵਾਰ ਨੂੰ ਮਾਲੀ ਸਹਾਇਤਾ ਦੇਵੇ। 
ਮੀਟਿੰਗ 'ਚ ਕਿਸਾਨ ਗੁਰਚਰਨ ਸਿੰਘ ਮਲਸੀਆਂ, ਪਲਵਿੰਦਰ ਸਿੰਘ ਸ਼ਾਹਵਾਲਾ, ਹਰਬੇਲ ਸਿੰਘ ਮਲਸੀਆਂ, ਪ੍ਰੀਤਮ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ। ਗੌਰਤਲਬ ਹੈ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਨੂੰ ਸਹਿਯੋਗ ਨਾ ਦੇਣ ਦੇ ਰੋਸ ਵਜੋਂ ਕਿਸਾਨਾਂ ਨੇ ਹਾਈਵੇ 'ਤੇ ਧਰਨਾ ਲਾ ਕੇ ਆਪਣਾ ਰੋਸ ਪ੍ਰਗਟ ਕੀਤਾ ਅਤੇ ਖਬਰ ਭੇਜਣ ਤੱਕ ਧਰਨਾ ਜਾਰੀ ਸੀ।  


Related News