ਕੱਟੜਤਾ ਦੇ ਬਲ਼ਦੇ ਭਾਬੜਾਂ ’ਤੇ ਛਹਿਬਰ ਬਣ ਵਰ੍ਹਿਆ ਨਿਹੰਗ ਖਾਨ ਤੇ ਮੁਮਤਾਜ ਦਾ ਵਫਾਦਾਰ ਸਿਦਕ

Thursday, Dec 19, 2019 - 10:16 AM (IST)

ਕੋਟਲਾ ਨਿਹੰਗ (ਸ੍ਰੀ ਅਨੰਦਪੁਰ ਸਾਹਿਬ) (ਸ਼ਮਸ਼ੇਰ ਸਿੰਘ ਡੂਮੇਵਾਲ) - ਸਰਸਾ ਨਦੀ ਲੰਘ ਕੇ ਗੁਰੂ ਜੀ ਦਾ ਕਾਫਲਾ ਰੂਪਨਗਰ ਵੱਲ ਤੁਰਿਆ। ਦੁਸ਼ਮਣ ਦਲ ਆਪਣੀਆਂ ਚਾਲਾਂ ਤੋਂ ਅਜੇ ਬਾਜ ਨਹੀਂ ਸੀ ਆ ਰਿਹਾ। ਪਿੰਡ ਮਲਕਪੁਰ ਲਾਗੇ ਇਕ ਹਮਲਾ ਫਿਰ ਕੀਤਾ ਗਿਆ, ਜਿਸ ’ਚ ਖੂਨੀ ਹਾਥੀ ਦਾ ਮੁਕਾਬਲਾ ਕਰ ਅਤੇ ਜਾਬਰ ਖਾਨ ਨੂੰ ਸੋਧ ਕੇ ਨਾਮਣਾ ਖੱਟ ਚੁੱਕਾ ਬਹਾਦਰ ਜਰਨੈਲ ਭਾਈ ਬਚਿੱਤਰ ਸਿੰਘ ਸਾਥੀ ਸਿੰਘਾਂ ਸਣੇ ਜ਼ਖਮੀ ਹੋ ਗਿਆ। ਐਨ ਉਸ ਵਕਤ ਜਦੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਗੁਰੂ ਜੀ ਨਾਲੋਂ ਵਿਛੜ ਚੁੱਕੇ ਸਨ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਨਾਲ਼ ਦਿੱਲੀ ਵਲ ਰਵਾਨਾ ਹੋ ਚੁੱਕੇ ਸਨ। ਗੁਰੂ ਜੀ ਦੇ ਵਸਤਰ ਭਿੱਜੇ ਹੋਏ ਸਨ। ਸਫਰ-ਏ-ਸ਼ਹਾਦਤ ਦੌਰਾਨ ਸੰਗੀਨ ਹਾਲਾਤ ’ਤੇ ਭਾਰੂ ਪਈ ਸਰਦੀ ਆਪਣਾ ਰੰਗ ਦਿਖਾ ਰਹੀ ਸੀ। ਉਸ ਵੇਲੇ ਗੁਰੂ ਜੀ ਰੋਪੜ ਹੁੰਦੇ ਹੋਏ ਇਕ ਤਪਦੇ ਇੱਟਾਂ ਦੇ ਭੱਠੇ ਵੱਲ ਹੋ ਤੁਰੇ। ਗੁਰੂ ਜੀ ਨੇ ਕੁਝ ਸਮਾਂ ਰੁਕਣ ਦਾ ਤਸੱਵਰ ਦਿਲ ’ਚ ਲੈ ਕੇ ਮਜ਼ਦੂਰਾਂ ਤੋਂ ਮਹਿਫੂਜ਼ ਥਾਂ ਦੀ ਮੰਗ ਕੀਤੀ ਪਰ ਉਨ੍ਹਾਂ ਤਪਦੇ ਭੱਠੇ ਵੱਲ ਇਸ਼ਾਰਾ ਕਰ ਦਿੱਤਾ। ਗੁਰੂ ਜੀ ਨੇ ਨੀਲੇ ਦੀ ਮੁਹਾਰ ਤਪਦੇ ਭੱਠੇ ਵੱਲ ਮੋੜ ਲਈ ਪਰ ਜਿਉਂ ਨੀਲੇ ਨੇ ਆਪਣੇ ਪੌੜ ਅੱਗ ਬਬੂਲਾ ਹੋਏ ਭੱਠੇ ’ਤੇ ਧਰੇ ਤਾਂ ਉਹ ਪਲਾਂ ’ਚ ਠੰਡਾ ਹੋ ਗਿਆ। ਇਸ ਕੌਤਕ ਨੂੰ ਤੱਕ ਕੇ ਮਜ਼ਦੂਰ ਡਰ ਗਏ ਅਤੇ ਇਸ ਅਜਬ ਚਮਤਕਾਰ ਦੀ ਖਬਰ ਤੁਰੰਤ ਭੱਠੇ ਦੇ ਮਾਲਕ ਨਿਹੰਗ ਖਾਨ ਨੂੰ ਦਿੱਤੀ। ਨਿਹੰਗ ਖਾਨ ਨੇ ਜਿਉਂ ਹੀ ਗੁਰੂ ਜੀ ਦਾ ਨੂਰਾਨੀ ਚਿਹਰਾ ਤੱਕਿਆ ਤਾਂ ਉਹ ਗੁਰੂ ਜੀ ਦੇ ਚਰਨਾਂ ’ਤੇ ਢੇਰੀ ਹੋ ਗਿਆ ਅਤੇ ਮਜ਼ਦੂਰਾਂ ਦੀ ਭੁੱਲ ਦੀ ਗੁਰੂ ਜੀ ਤੋਂ ਮੁਆਫੀ ਮੰਗਣ ਲੱਗਾ।

PunjabKesari

ਸਿਦਕ ਹੱਥੋਂ ਕਿਵੇਂ ਹੋਈ ਫਿਰਕੂ ਕੱਟੜਤਾ ਦੀ ਹਾਰ?
ਮੁਗਲ ਸਲਤਨਤ ਨੇ ਗੁਰੂ ਜੀ ਨਾਲ਼ ਛੇੜੀ ਫਿਰਕੂ ਜੰਗ ’ਚ ਆਵਾਮ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹ ਜੰਗ ਇਸਲਾਮ ਅਤੇ ਕਾਫਰਾਂ ਵਿਚਕਾਰ ਹੈ। ਕੱਟੜਤਾ ਦੇ ਉਸ ਸੜਦੇ ਬਲ਼ਦੇ ਦੌਰ ’ਚ ਸਫਰ-ਏ-ਸ਼ਹਾਦਤ ਦੌਰਾਨ ਜਿਨ੍ਹਾਂ ਇਸਲਾਮਪ੍ਰਸਤ ਲੋਕਾਂ ਨੇ ਸੱਚੇ ਸੁੱਚੇ ਮੋਮਨ ਹੋਣ ਦਾ ਪ੍ਰਮਾਣ ਦਿੱਤਾ ਉਨ੍ਹਾਂ ’ਚ ਨਿਹੰਗ ਖਾਨ ਇਕ ਸੀ। ਭਾਵੇਂ ਕਿ ਭੱਠਾ ਠੰਡਾ ਹੋਣ ਦੇ ਇਸ ਇਲਾਹੀ ਕੌਤਕ ਤੋਂ ਪਹਿਲਾਂ ਮਜ਼੍ਹਬੀ ਕੱਟੜਤਾ ਤੋਂ ਉਠ ਕੇ ਉਹ ਗੁਰੂ ਜੀ ਦਾ ਦਿਲੋਂ ਮੁਰੀਦ ਸੀ ਅਤੇ ਰਿਆਸਤੀ ਜ਼ਿਮੀਂਦਾਰ ਹੋਣ ਦੇ ਨਾਤੇ ਗੁਰੂ ਜੀ ਨਾਲ਼ ਗਹਿਰਾ ਤੁਅੱਲਕ ਰੱਖਦਾ ਸੀ। ਇਸ ਤੋਂ ਪਹਿਲਾਂ ਵੀ ਗੁਰੂ ਜੀ ਦਾ ਉਕਤ ਪਠਾਣ ਦੇ ਭੱਠੇ ’ਤੇ ਪੁੱਜਣਾ ਅਤੇ ਗੁਰੂ ਜੀ ਲਈ ਆਪਣੀ ਜਾਨ ਜੋਖਮ ’ਚ ਪਾ ਕੇ ਨਿਹੰਗ ਖਾਨ ਵਲੋਂ ਨਿਸ਼ਕਾਮ ਖਿਦਮਤ ਕਰਨਾ ਇਤਿਹਾਸ ਦਾ ਇਕ ਸੁਨਹਿਰੀ ਅੰਸ਼ ਮੰਨਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਜਦੋਂ ਇਸ ਕੌਤਕ ਮਗਰੋਂ ਨਿਹੰਗ ਖਾਨ ਗੁਰੂ ਜੀ ਨੂੰ ਆਪਣੇ ਕਿਲੇ ’ਚ ਲੈ ਗਿਆ ਤਾਂ ਤਤਕਾਲੀ ਹਾਲਾਤ ਦੀ ਨਸੀਅਤ ਦਿੰਦਿਆਂ ਗੁਰੂ ਜੀ ਨੇ ਉਥੋਂ ਛੇਤੀ ਰੁਖਸਤ ਕਰ ਜਾਣ ਦੀ ਰਣਨੀਤੀ ਬਾਰੇ ਉਸ ਨੂੰ ਸਮਝਾਇਆ।

PunjabKesari

ਇਸੇ ਦੌਰਾਨ ਹੀ ਕੁਝ ਸਿੰਘ ਮਲਕਪੁਰ ਦੇ ਹਮਲੇ ’ਚ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ’ਚ ਲੈ ਕੇ ਉੱਥੇ ਪੁੱਜ ਗਏ। ਗੁਰੂ ਜੀ ਨਿਹੰਗ ਖਾਨ ਨੂੰ ਜ਼ਖਮੀ ਸਿੰਘ ਦੀ ਦੇਖਭਾਲ ਕਰਨ ਲਈ ਡਿਊਟੀ ਪਾਬੰਦ ਕਰ ਕੇ ਉੱਥੋਂ ਨਿਕਲ ਗਏ। ਜਿਸ ਤਹਿਤ ਉਹ ਬੂਰਮਾਜਰਾ ਅਤੇ ਬ੍ਰਾਹਮਣਮਾਜਰਾ ਹੁੰਦੇ ਹੋਏ 22 ਦਸੰਬਰ ਦੀ ਸਵੇਰ ਨੂੰ ਚਮਕੌਰ ਦੀ ਕੱਚੀ ਗੜ੍ਹੀ ’ਚ ਜਾ ਪੁੱਜੇ। ਜਿਸ ਵੇਲੇ ਭਾਈ ਬਚਿੱਤਰ ਸਿੰਘ ਜ਼ਖਮਾਂ ਨਾਲ਼ ਜੂਝਦਾ ਨਿਹੰਗ ਖਾਨ ਦੇ ਕਿਲੇ ਅੰਦਰ ਮੌਜੂਦ ਸੀ ਅਤੇ ਨਿਹੰਗ ਖਾਨ ਦੀ ਬੇਟੀ ਮੁਮਤਾਜ ਉਸ ਦੀ ਖਿਦਮਤ ’ਚ ਮਸ਼ਰੂਫ ਸੀ ਉਸੇ ਵੇਲੇ ਮੁਗਲ ਸੈਨਿਕਾਂ ਦੀ ਇਕ ਟੁਕੜੀ ਕਿਲੇ ਅੰਦਰ ਦਾਖਲ ਹੋਈ ਅਤੇ ਨਿਹੰਗ ਖਾਨ ਨੂੰ ਕਿਲੇ ਦੀ ਤਲਾਸ਼ੀ ਲੈਣ ਲਈ ਮਜਬੂਰ ਕਰਨ ਲੱਗੀ। ਨਿਹੰਗ ਖਾਨ ਨੇ ਸਪੱਸ਼ਟ ਕਿਹਾ ਕਿ ਇੱਥੇ ਕੋਈ ਨਹੀਂ ਹੈ ਪਰ ਸਮੁੱਚਾ ਕਿਲਾ ਘੁੰਮ ਕੇ ਵੇਖਣ ਉਪਰੰਤ ਫੌਜਦਾਰ ਉਸ ਕਮਰੇ ਦੀ ਤਲਾਸ਼ੀ ਲੈਣ ਲਈ ਅੜ ਗਿਆ ਜਿਸ ਨੂੰ ਬਾਹਰੋਂ ਕੁੰਡਾ ਵੱਜਾ ਸੀ ਅਤੇ ਭਾਈ ਬਚਿੱਤਰ ਸਿੰਘ ਅਤੇ ਮੁਮਤਾਜ ਉਸੇ ਕਮਰੇ ’ਚ ਮੌਜੂਦ ਸਨ। ਸਿਪਾਹੀਆਂ ਦੀ ਅੜੀ ’ਤੇ ਨਿਹੰਗ ਖਾਨ ਕਹਿਣ ਲੱਗਾ ਕਿ ਮੈਂ ਮਰ ਜਾਵਾਂਗਾ ਪਰ ਇਸ ਕਮਰੇ ’ਚ ਤਲਾਸ਼ੀ ਨਹੀਂ ਲੈਣ ਦਿਆਂਗਾ ਕਿਉਂਕਿ ਇਸ ਅੰਦਰ ਮੇਰੀ ਬੇਟੀ ਅਤੇ ਦਾਮਾਦ ਮੌਜੂਦ ਹਨ। ਫੌਜਦਾਰ ਬੋਲਿਆ-“ਠੀਕ ਐ ਖਾਨ ਸਾਹਿਬ! ਜੇ ਤੁਸੀਂ ਕਹਿੰਦੇ ਓ ਤਾਂ ਆਪਣੀ ਬੇਟੀ ਨੂੰ ਬਾਹਰੋਂ ਆਵਾਜ਼ ਮਾਰੋ।”

ਇਹ ਸੁਣਦਿਆਂ ਨਿਹੰਗ ਖਾਨ ਨੇ ਆਵਾਜ਼ ਮਾਰੀ-

“ਬੇਟੀ ਮੁਮਤਾਜ?”
“ਹਾਂ ਅੱਬੂ ਜਾਨ।” ਅੰਦਰੋਂ ਮੁਮਤਾਜ ਨੇ ਜੁਆਬ ਦਿੱਤਾ।
“ਬੇਟੀ ਖੈਰੀਅਤ ਐ?”
“ਜੀ ਅੱਬੂ ਜਾਨ ਸਭ ਖੈਰੀਅਤ ਐ।”

PunjabKesari

ਅੰਦਰੋਂ ਆਉਣ ਵਾਲ਼ੀ ਆਵਾਜ਼ ਨੇ ਫੌਜਦਾਰ ਦੇ ਜ਼ਿਹਨ ਅੰਦਰਲਾ ਸਮੁੱਚਾ ਖਦਸ਼ਾ ਜ਼ਖਮੀ ਕਰ ਸੁੱਟਿਆ। ਕ੍ਰੋਧ ’ਚ ਆਈ ਫੌਜੀ ਟੁਕੜੀ ਸਿਰ ਸ਼ਰਮਿੰਦਗੀ ’ਚ ਸੁੱਟ ਕੇ ਮੁੜ ਗਈ। ਕਾਦਰ ਦੀ ਕੁਦਰਤ ਉਕਤ ਸਿਪਾਹੀਆਂ ਦੇ ਮੁੜਨ ਉਪਰੰਤ ਕੁਝ ਐਸੀ ਵਾਪਰੀ ਕਿ ਜ਼ੇਰੇ ਇਲਾਜ ਪਏ ਭਾਈ ਬਚਿੱਤਰ ਸਿੰਘ ਸ਼ਹਾਦਤ ਦੀ ਨੀਂਦ ਸੌਂ ਗਏ। ਕਿਲੇ ਅੰਦਰ ਛੁਪਿਆ ਸੱਚ ਲੋਕਾਈ ਸਾਹਮਣੇ ਉਜਾਗਰ ਹੋ ਗਿਆ। ਮੁਗਲ ਹਕੂਮਤ ਨੇ ਨਿਹੰਗ ਖਾਨ ਨੂੰ ਸਰਕਾਰ ਵਿਰੋਧੀ ਹੋਣ ਦਾ ਦੋਸ਼ੀ ਬਣਾਕੇ ਉਸ ਦੀ 85 ਏਕੜ ਜ਼ਮੀਨ ਜ਼ਬਤ ਕਰ ਲਈ। ਵੱਡੀ ਸੰਪਤੀ ਗੁਰੂ ਜੀ ਦੀ ਸੰਖੇਪ ਖਿਦਮਤ ਦੀ ਭੇਟਾ ਚਾੜ੍ਹ ਕੇ ਨਿਹੰਗ ਖਾਨ ਸਿਰ ਝੁਕਾ ਕੇ ਅੱਲ੍ਹਾ ਤਾਲਾ ਦੀ ਰਹਿਮਤ ਦਾ ਜ਼ਿੰਦਗੀ ਭਰ ਸ਼ੁਕਰਾਨਾ ਕਰਦਾ ਰਿਹਾ। ਇਕ ਇਤਫਾਕਨ ਘੜੀ ’ਚ ਆਪਣੀ ਧੀ ਨੂੰ ਫਰਜ਼ੀ ਰੂਪ ’ਚ ਬਚਿੱਤਰ ਸਿੰਘ ਦੀ ਪਤਨੀ ਕਹਿਣ ਦੀ ਹੈਸੀਅਤ ’ਚ ਤਮਾਮ ਉਮਰ ਉਸ ਨੂੰ ਸ਼ਹੀਦ ਦੀ ਪਤਨੀ ਆਖ ਪੁਕਾਰਦਾ ਰਿਹਾ। ਅਜਿਹੀ ਸਥਿਤੀ ’ਚ ਨਿਹੰਗ ਖਾਨ ਦੀ ਇਹ ਅਦੁੱਤੀ ਕੁਰਬਾਨੀ ਮੁਗਲ ਕੱਟੜਤਾ ਅਤੇ ਗੁਰੂ ਪ੍ਰਤੀ ਵਫਾਦਾਰੀ ਮਾਨਵਤਾ ਦੇ ਸੱਚੇ ਸੁੱਚੇ ਰੂਪ ’ਚ ਭਾਰੂ ਪਈ।

PunjabKesari

ਮੁਮਤਾਜ ਨੇ ਕਿਵੇਂ ਕਾਇਮ ਕੀਤੀ ਜ਼ਿੰਦਾਦਿਲੀ ਅਤੇ ਸਿਦਕਦਿਲੀ ਦੀ ਮਿਸਾਲ?
ਮੁਗਲ ਹਕੂਮਤ ਵਲੋਂ ਨਿਹੰਗ ਖਾਨ ਵੱਲੋਂ ਇਸਲਾਮ ਵਿਰੋਧੀ ਦੋਸ਼ ਲਾਉਣ ਤੋਂ ਬਾਅਦ ਆਮ ਮੁਸਲਮਾਨਾਂ ਨੇ ਉਸ ਨਾਲ ਵਿਤਕਰੇ ਭਰਪੂਰ ਰਵੱਈਆ ਅਪਣਾਉਣਾ ਸ਼ੁਰੂ ਕਰ ਦਿੱਤਾ ਤਾਂ ਨਿਹੰਗ ਖਾਨ ਨੇ ਬੇਟੀ ਮੁਮਤਾਜ ਦਾ ਨਿਕਾਹ ਕਰਨ ਦਾ ਫੈਸਲਾ ਕੀਤਾ ਜੋ ਕਿ ਬੱਸੀ ਪਠਾਣਾਂ ਦੇ ਅਬਗ਼ਾਨ ਖਾਨ ਨਾਲ ਮੰਗੀ ਹੋਈ ਸੀ ਪਰ ਮੁਮਤਾਜ ਨੇ ਆਪਣੇ ਅੱਬੂ ਜਾਨ ਨੂੰ ਇਹ ਨਿਕਾਹ ਕਰਵਾਉਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਅਤੇ ਤਮਾਮ ਉਮਰ ਗੁਰੂ ਘਰ ਦੀ ਸੇਵਾ ਅਤੇ ਸਿਮਰਨ ’ਚ ਲਾਉਣ ਦਾ ਫੈਸਲਾ ਕਰ ਲਿਆ ਅਤੇ ਉਸ ਨੇ ਅੱਬੂ ਨਿਹੰਗ ਖਾਨ ਨੂੰ ਇਹ ਵੀ ਕਿਹਾ ਕਿ ਜਦੋਂ ਤੁਸੀਂ ਭਾਈ ਬਚਿੱਤਰ ਸਿੰਘ ਨੂੰ ਆਪਣਾ ਦਾਮਾਦ ਕਹਿ ਦਿੱਤਾ ਮੈਂ ਰਹਿੰਦੀ ਜ਼ਿੰਦਗੀ ਤੱਕ ਉਸ ਨੂੰ ਪਤੀ ਸਮਝ ਕੇ ਗੁਜ਼ਰਾਂਗੀ। ਮੁਮਤਾਜ ਨੇ ਆਪਣੇ ਬੋਲ ਪੁਗਾਉਂਦਿਆਂ 100 ਵਰ੍ਹੇ ਨੋਰੰਗਪੁਰ ਝਾਡੀਆਂ ਤੋਂ ਪੰਜ ਕਿਲੋਮੀਟਰ ਦੂਰ ਜੰਗਲਾਂ ’ਚ ਤਪੱਸਿਆ ਕਰ ਕੇ ਗੁਜ਼ਾਰੇ, ਉਸ ਸਥਾਨ ’ਤੇ ਅੱਜ ਵੀ ਸਮਾਧ ਮੌਜੂਦ ਹੈ ਅਤੇ ਗੁਰਦੁਆਰਾ ਮੁਮਤਾਜਗੜ੍ਹ ਸਾਹਿਬ ਸੁਸ਼ੋਭਿਤ ਹੈ ਜਦਕਿ ਕੋਟਲਾ ਨਿਹੰਗ ਸਿੰਘ ਪਿੰਡ ਪਠਾਣ ਨਿਹੰਗ ਖਾਨ ਦੇ ਨਾਮ ’ਤੇ ਰੂਪਨਗਰ ਸ਼ਹਿਰ ਦੀਆਂ ਜੂਹਾਂ ’ਚ ਅੱਜ ਵੀ ਵੱਸਦਾ ਹੈ ਜਿਸ ਸਥਾਨ ’ਤੇ ਗੁਰੂ ਜੀ ਦੇ ਘੋੜੇ ਨੇ ਤੱਪਦਾ ਭੱਠਾ ਠੰਡਾ ਕੀਤਾ ਸੀ ਉਥੇ ਗੁਰਦੁਆਰਾ ਭੱਠਾ ਸਾਹਿਬ ਸਥਿਤ ਹੈ ਜਿਸ ਦੀ ਸੇਵਾ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਨੇ ਕਰਵਾ ਕੇ 1985 ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਪੁਰਦ ਕਰ ਦਿੱਤਾ ਸੀ। ਇਸ ਅਸਥਾਨ ’ਤੇ ਘੋੜੇ ਦੇ ਪੌੜਾਂ ਦੇ ਨਿਸ਼ਾਨ ਅਤੇ ਗੁਰੂ ਜੀ ਵੱਲੋਂ ਨਿਹੰਗ ਖਾਨ ਦੇ ਪਰਿਵਾਰ ਨੂੰ ਭੇਟ ਕੀਤੀਆਂ ਨਿਸ਼ਾਨੀਆਂ ਵੀ ਮੌਜੂਦ ਹਨ।


rajwinder kaur

Content Editor

Related News