ਮਾਮਲਾ ਜਾਂਚ ਟੀਮ ਦੀ ਰਿਪੋਰਟ ਰੱਦ ਹੋਣ ਦਾ : ਬਾਦਲਾਂ ਅਤੇ ਕੈਪਟਨ ਦੀ ਗੰਢ ਤੁੱਪ ’ਤੇ ਉੱਠਣ ਲੱਗੇ ਸਵਾਲ

04/13/2021 3:17:23 PM

ਬਾਘਾਪੁਰਾਣਾ (ਚਟਾਨੀ) - ਕੋਟਕਪੂਰਾ ਗੋਲੀਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਹੋਰਨਾਂ ਵੱਡੇ ਘਟਨਾਕ੍ਰਮਾਂ ਦੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਸਮੁੱਚੀ ਪੜਤਾਲ ਨੂੰ ਮਾਣਯੋਗ ਹਾਈਕੋਰਟ ’ਚ ਚੁਣੌਤੀ ਦੇਣ, ਸਮੁੱਚੀ ਜਾਂਚ ਨੂੰ ਖਾਰਜ ਕੀਤੇ ਜਾਣ ਦਾ ਸਾਰਾ ਭਾਂਡਾ ਹੁਣ ਵੱਖ-ਵੱਖ ਰਾਜਸੀ ਅਤੇ ਕਈ ਧਾਰਮਿਕ ਜਥੇਬੰਦੀਆਂ ਕੈਪਟਨ ਸਰਕਾਰ ਉੱਪਰ ਭੰਨ ਰਹੇ ਹਨ। ਜਥੇਬੰਦੀਆਂ ਦੇ ਮੋਹਰੀ ਨੇਤਾਵਾਂ ਨੇ ਦੋਸ਼ ਲਾਇਆ ਕਿ ਕੈਪਟਨ ਅਤੇ ਬਾਦਲ ਦੋਨੋਂ ਇਕ-ਮਿੱਕ ਹਨ ਅਤੇ ਦੋਨੋਂ ਹੀ ਆਪਣੀਆਂ ਸਰਕਾਰਾਂ ਮੌਕੇ ਤੱਤੀ ਵਾ ਨਹੀਂ ਲੱਗਣ ਦੇਣਾ ਚਾਹੁੰਦੇ।

ਉਨ੍ਹਾਂ ਕਿਹਾ ਕਿ ਗੋਲੀ ਕਾਂਡ ਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤੱਥਾਂ ਦੇ ਆਧਾਰ ’ਤੇ ਕੀਤੀ ਹੈ ਪਰ ਸਰਕਾਰ ਦੇ ਵਕੀਲਾਂ ਨੇ ਮਾਣਯੋਗ ਉੱਚ ਅਦਾਲਤ ਮੂਹਰੇ ਬਚਾਅ ਪੱਖ ਸਬੰਧੀ ਕੇਸ ਨੂੰ ਠੀਕ ਢੰਗ ਨਾਲ ਪੇਸ਼ ਹੀ ਨਹੀਂ ਕੀਤਾ। ਸਿੱਟੇ ਵਜੋਂ ਅਦਾਲਤ ਨੇ ਵਿਸ਼ੇਸ ਜਾਂਚ ਟੀਮ ਦੀ ਸਮੁੱਚੀ ਪੜਤਾਲ ਨੂੰ ਰੱਦ ਕਰਦਿਆਂ ਨਵੀਂ ਟੀਮ ਦਾ ਗਠਨ ਕਰਨ, ਕਿਸੇ ਹੋਰ ਏਜੰਸੀ ਤੋਂ ਜਾਂਚ ਕਰਵਾਉਣ ਜਾਂ ਸਮੁੱਚਾਂ ਕੇਸ ਸੀ. ਬੀ. ਆਈ. ਦੇ ਸਪੁਰਦ ਕਰਨ ਦਾ ਫ਼ੈਸਲਾ ਸੁਣਾਇਆ ਹੈ। ਆਗੂਆਂ ਨੇ ਬੜੇ ਦਾਅਵੇ ਨਾਲ ਕਿਹਾ ਕਿ ਜਾਂਚ ਕਰ ਰਹੇ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਇਕ ਉੱਚ ਦਰਜੇ ਦਾ ਈਮਾਨਦਾਰ ਪੁਲਸ ਅਫ਼ਸਰ ਹੈ ਅਤੇ ਉਸ ਦੀ ਸਮੁੱਚੀ ਸੇਵਾ ਦੀ ਹਿਸਟਰੀ ਇਸ ਗੱਲ ਦੀ ਪ੍ਰਤੱਖ ਗਵਾਹ ਹੈ ਕਿ ਲੋਕ ਇਸ ਪੁਲਸ ਅਫ਼ਸਰ ਦੀ ਈਮਾਨਦਾਰੀ ਦੇ ਪੱਖ ’ਚ ਸਹੁੰਆਂ ਤੱਕ ਖਾਂਦੇ ਹਨ।

ਦਾਲ ਵਿਚ ਬਹੁਤ ਕੁਝ ਕਾਲਾ ਹੈ : ਸੰਧਵਾਂ
‘ਆਪ’ ਦੇ ਕੋਟਕਪੂਰਾ ਤੋਂ ਵਿਧਾਇਕ ਅਤੇ ਪਾਰਟੀ ਦੇ ਮੁੱਖ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰੀ ਧਿਰ ਵਲੋਂ ਪੇਸ਼ ਹੋਣ ਵਾਲੇ ਐਡਵੋਕੇਟ ਜਨਰਲ ਨੇ ਸਰਕਾਰ ਦੇ ਪੱਖ ਨੂੰ ਠੋਸ ਰੂਪ ’ਚ ਪੇਸ਼ ਹੀ ਨਹੀਂ ਕੀਤਾ ਅਤੇ ਅਜਿਹਾ ਹੋਣਾ ਬਿਲਕੁਲ ਸਪੱਸ਼ਟ ਕਰਦਾ ਹੈ ਕਿ ਦਾਲ ’ਚ ਬਹੁਤ ਕੁਝ ਕਾਲਾ ਹੈ। ਸੰਧਵਾਂ ਨੇ ਕਿਹਾ ਕਿ ਹੁਣ ਜਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿਤਾਰ ਕੇ ਮੂਹਰੇ ਰੱਖ ਦਿੱਤਾ ਸੀ ਤਾਂ ਉਸ ਵੇਲੇ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਮਾਣਯੋਗ ਅਦਾਲਤ ’ਚ ਗਏ ਕੇਸ ਦਾ ਠੋਸ ਰੂਪ ’ਚ ਸਰਕਾਰੀ ਧਿਰ ਵਲੋਂ ਸਾਹਮਣਾ ਨਾ ਕਰਨਾ ਦਰਸਾਉਂਦਾ ਹੈ ਕਿ ਅੰਦਰੋਂ ਅੰਦਰੀਂ ਕੋਈ ਨਾ ਕੋਈ ਖਿਚੜੀ ਜ਼ਰੂਰ ਪੱਕੀ ਹੈ।

ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਨੂੰ ਰੋਲਣ ਗੰਦੀ ਖੇਡ ਖੇਡੀ ਗਈ : ਰਣਸੀਂਹ
ਸ਼੍ਰੋਮਣੀ ਅਕਾਲੀ ਦਲ (ਕਿਰਤੀ) ਦੇ ਕੌਮੀ ਪ੍ਰਧਾਨ ਜਥੇ. ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਠੇਸ ਪਹੁੰਚਾਉਣ ਲਈ ਲੜਾਈ ਲੜ ਰਹੇ ਸਿੰਘਾਂ ’ਤੇ ਗੋਲੀਆਂ ਚਲਾ ਸ਼ਹੀਦ ਕਰਨ ਵਾਲੀ ਸਰਕਾਰ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਖ਼ਿਲਾਫ਼ ਸਬੂਤ ਜੁਟਾ ਕੇ ਦੋਸ਼ੀ ਕਰਾਰ ਦੇਣ ਦੇ ਨੇੜੇ ਪੁੱਜੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਨੂੰ ਰੋਲਣ ਲਈ ਕੈਪਟਨ ਤੇ ਬਾਦਲਾਂ ਨੇ, ਜੋ ਗੰਦੀ ਖੇਡ ਖੇਡੀ, ਦਾ ਖਮਿਆਜ਼ਾ ਦੋਹਾਂ ਧਿਰਾਂ ਨੂੰ ਗੁਰੂ ਦੀ ਕਚਹਿਰੀ ’ਚ ਭੁਗਤਣਾ ਪਵੇਗਾ। ਰਾਜ ਗੱਦੀਆਂ ਨੂੰ ਸੁਰੱਖਿਅਤ ਕਰਨ ਲਈ ਗੁਰੂ ਦੇ ਅਦਬ ਨੂੰ ਦਾਅ ’ਤੇ ਲਾਉਣ ਵਾਲਿਆਂ ਨੇ ਪਹਿਲਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਵਿਧਾਨ ਸਭਾ ਅੰਦਰ ਪੈਰਾਂ ਹੇਠਾਂ ਰੋਲਿਆ, ਜਦਕਿ ਕੈਪਟਨ ਨੇ ਹਿੱਕ ਥਾਪੜ ਕੇ ਕਿਹਾ ਸੀ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਂਦੇ ਸਾਰੇ ਦੋਸ਼ੀਆਂ ਨੂੰ ਜੇਲਾਂ ਅੰਦਰ ਸੁੱਟਾਂਗਾ। ਉਨ੍ਹਾਂ ਕਿਹਾ ਕਿ ਇਕ ਬੇਹੱਦ ਈਮਾਨਦਾਰ ਅਫ਼ਸਰ ਦੇ ਤੱਥ ਤਾਂ ਕੈਪਟਨ ਸਾਹਿਬ ਬੈਨ ਕਰ ਸਕਦੇ ਹਨ ਪਰ ਗੁਰੂ ਦੇ ਇਨਸਾਫ਼ ਨੂੰ ਕਦ ਤੱਕ ਬੰਨ੍ਹਣਗੇ।


rajwinder kaur

Content Editor

Related News