7 ਸਾਲ ਬਾਅਦ ਘਰ ਪੁੱਜੇ ਯਾਦਵਿੰਦਰ ਦੀ ਕਹਾਣੀ ਕਿਸੇ ਫਿਲਮੀ ਸਟੋਰੀ ਤੋਂ ਘੱਟ ਨਹੀਂ

Friday, Jul 19, 2019 - 05:53 PM (IST)

7 ਸਾਲ ਬਾਅਦ ਘਰ ਪੁੱਜੇ ਯਾਦਵਿੰਦਰ ਦੀ ਕਹਾਣੀ ਕਿਸੇ ਫਿਲਮੀ ਸਟੋਰੀ ਤੋਂ ਘੱਟ ਨਹੀਂ

ਕੋਟਕਪੂਰਾ (ਨਰਿੰਦਰ) - ਕੋਟਕਪੂਰਾ ਸ਼ਹਿਰ ਤੋਂ ਕਰੀਬ 7 ਸਾਲ ਪਹਿਲਾਂ ਅਚਾਨਕ ਗੁੰਮ ਹੋਏ ਬੱਚੇ ਦੇ ਅਚਨਚੇਤ ਘਰ ਪਹੁੰਚਣ ਨਾਲ ਪਰਿਵਾਰ 'ਚ ਜ਼ਬਰਦਸਤ ਖੁਸ਼ੀ ਪਾਈ ਜਾ ਰਹੀ ਹੈ। ਹੁਣ ਜਵਾਨ ਹੋ ਚੁੱਕੇ ਉਕਤ ਬੱਚੇ ਦੇ ਕਰੀਬ 7 ਸਾਲ ਬਾਅਦ ਘਰ ਪਰਤਣ ਦੀ ਕਹਾਣੀ ਕਿਸੇ ਫਿਲਮੀ ਸਟੋਰੀ ਤੋਂ ਘੱਟ ਨਹੀਂ ਲੱਗਦੀ। ਜ਼ਿਕਰਯੋਗ ਹੈ ਕਿ ਪਰਿਵਾਰ ਦੇ ਮੈਂਬਰ ਉਸ ਨੂੰ ਲੱਭ-ਲੱਭ ਕੇ ਥੱਕ-ਹਾਰ ਚੁੱਕੇ ਸਨ ਪਰ ਉਸਦੇ ਅਚਾਨਕ ਇਸ ਤਰ੍ਹਾਂ ਘਰ ਆ ਜਾਣ ਨਾਲ ਮਾਤਾ-ਪਿਤਾ ਦੀਆਂ ਅੱਖਾਂ 'ਚੋਂ ਵਗਦੇ ਖੁਸ਼ੀ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ। ਸਥਾਨਕ ਜੈਤੋ ਰੋਡ ਦੇ ਵਸਨੀਕ ਗੁਰਵਿੰਦਰ ਸਿੰਘ ਮੌਂਗਾ ਨੇ ਦੱਸਿਆ ਕਿ ਉਸਦਾ 5ਵੀਂ ਜਮਾਤ 'ਚ ਪੜ੍ਹਦਾ ਬੇਟਾ ਯਾਦਵਿੰਦਰ ਸਿੰਘ ਯਾਦੂ ਜਿਸਦੀ ਉਸ ਸਮੇਂ ਉਮਰ ਕਰੀਬ 11 ਸਾਲ ਸੀ, 5 ਜੁਲਾਈ, 2012 ਨੂੰ ਸ਼ਾਮ 5 ਕੁ ਵਜੇ ਕਿਲਾ ਪਾਰਕ ਵਿਖੇ ਹੋਰ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਰੁਮਾਲ ਸੁੰਘਾ ਕੇ ਯਾਦੂ ਨੂੰ ਬੇਹੋਸ਼ ਕਰ ਕੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਇਸ ਨੌਜਵਾਨ ਵਲੋਂ ਘਰ ਵਾਪਸ ਆ ਕੇ ਰੋਂਦਿਆਂ ਹੋਇਆ ਆਪਣੇ ਨਾਲ ਬੀਤੀ ਜੋ ਕਹਾਣੀ ਸੁਣਾਈ ਉਹ ਕਿਸੇ ਫਿਲਮੀ ਸਟੋਰੀ ਤੋਂ ਘੱਟ ਨਹੀਂ। 

ਕਰੀਬ 19 ਸਾਲਾਂ ਦੇ ਹੋ ਚੁੱਕੇ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਅਗਵਾਕਾਰਾਂ ਨੇ ਪਹਿਲਾਂ ਅੰਮ੍ਰਿਤਸਰ ਨੇੜੇ ਕਿਸੇ ਅਣਪਛਾਤੀ ਥਾਂ 'ਤੇ ਬੰਦ ਕਮਰੇ 'ਚ ਕਰੀਬ 2 ਮਹੀਨਿਆਂ ਤੱਕ ਰੱਖਿਆ, ਜਿਥੇ ਹੋਰ ਵੀ ਪੰਜਾਬ, ਹਰਿਆਣਾ, ਦਿੱਲੀ ਜਾਂ ਹੋਰ ਰਾਜਾਂ ਦੇ ਨੌਜਵਾਨ ਜਾਂ ਬੱਚੇ ਸਨ, ਜਿਨ੍ਹਾਂ ਨੂੰ ਆਪਸ 'ਚ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਸੀ। ਜਿਹੜਾ ਬੱਚਾ ਜਾਂ ਨੌਜਵਾਨ ਚੁੱਪ ਕਰਵਾਉਣ ਦੇ ਬਾਵਜੂਦ ਰੌਣ ਤੋਂ ਨਾ ਹਟਦਾ , ਉਸ ਦਾ ਬੁਰੀ ਤਰ੍ਹਾਂ ਕੁਟਾਪਾ ਚਾੜ੍ਹਿਆ ਜਾਂਦਾ। ਯਾਦੂ ਮੁਤਾਬਕ ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ ਅਤੇ ਹੋਰ ਪਾਲਤੂ ਜਾਨਵਰਾਂ ਦਾ ਬਹੁਤ ਵੱਡਾ ਵਪਾਰ ਕਰਨ ਵਾਲੇ ਵਪਾਰੀਆਂ ਨੇ ਉਸ ਨੂੰ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਵਿਖੇ ਲਿਜਾ ਕੇ ਡੰਗਰ ਚਾਰਨ ਦੇ ਕੰਮ 'ਤੇ ਲਾ ਦਿੱਤਾ, ਉਥੇ ਪੰਜਾਬ ਜਾਂ ਹੋਰ ਰਾਜਾਂ ਤੋਂ ਅਗਵਾ ਕਰ ਕੇ ਲਿਆਂਦੇ ਗਏ ਨੌਜਵਾਨ ਅਤੇ ਬੱਚੇ ਵੀ ਇਸੇ ਤਰ੍ਹਾਂ ਡੰਗਰ ਚਾਰਦੇ ਸਨ ਪਰ ਕਿਸੇ ਨੂੰ ਵੀ ਇਕ-ਦੂਜੇ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਨਹੀਂ ਸੀ। ਜੇਕਰ ਕੋਈ ਅਣਜਾਣਪੁਣੇ 'ਚ ਅਜਿਹੀ ਗਲਤੀ ਕਰ ਬੈਠਦਾ ਤਾਂ ਉਸ ਉੱਪਰ ਅਣਮਨੁੱਖੀ ਤਸ਼ੱਦਦ ਢਾਹਿਆ ਜਾਂਦਾ। ਜੇ ਫਿਰ ਵੀ ਉਹ ਗਲਤੀ ਦੂਹਰਾ ਬੈਠਦਾ ਤਾਂ ਉਸਦਾ ਕਤਲ ਕਰ ਕੇ ਨਹਿਰ 'ਚ ਸੁੱਟ ਦਿੱਤਾ ਜਾਂਦਾ।

ਪਹਿਲਾਂ ਅੰਮ੍ਰਿਤਸਰ ਅਤੇ ਫਿਰ ਸ਼੍ਰੀਨਗਰ ਵਿਖੇ ਅਗਵਾ ਕਰ ਕੇ ਲਿਆਂਦੇ ਬੱਚਿਆਂ ਨੂੰ ਬੇਹੋਸ਼ੀ ਵਾਲੇ ਟੀਕੇ ਲਾ ਕੇ ਲਗਾਤਾਰ 24-24 ਘੰਟੇ ਬੇਹੋਸ਼ ਰੱਖਿਆ ਜਾਂਦਾ ਅਤੇ ਉਨ੍ਹਾਂ ਦੀ ਕੋਸ਼ਿਸ਼ ਅਗਵਾ ਬੱਚਿਆਂ ਅਤੇ ਨੌਜਵਾਨਾਂ ਦੀ ਯਾਦਦਾਸ਼ਤ ਭੁਲਾਉਣ 'ਚ ਰਹਿੰਦੀ। ਯਾਦੂ ਅਤੇ ਉਸਦੇ ਪਿਤਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਕ ਦਿਨ ਪੰਜਾਬ ਤੋਂ ਗਏ ਟਰੱਕ ਚਾਲਕਾਂ ਨਾਲ ਸੰਪਰਕ ਹੋਣ 'ਤੇ ਉਨ੍ਹਾਂ ਯਾਦੂ ਨੂੰ ਬੱਸ ਦਾ ਕਿਰਾਇਆ ਦੇ ਕੇ ਚਿੰਤਪੂਰਨੀ ਦੀ ਬੱਸ 'ਚ ਬਿਠਾਉਂਦਿਆਂ ਅੱਗੇ ਆਪਣੇ ਘਰ ਪਹੁੰਚਣ ਬਾਰੇ ਸਮਝਾ ਦਿੱਤਾ। ਅੱਜ ਘਰ ਪੁੱਜਣ 'ਤੇ ਯਾਦਵਿੰਦਰ ਸਿੰਘ ਯਾਦੂ ਆਪਣੀ ਮਾਂ ਨੂੰ ਪਛਾਣ ਨਹੀਂ ਸਕਿਆ ਪਰ ਉਸਨੇ ਆਪਣੇ ਛੋਟੇ ਭਰਾ ਅਤੇ ਪਿਤਾ ਨੂੰ ਪਛਾਣ ਲਿਆ। ਸਿਟੀ ਥਾਣਾ ਕੋਟਕਪੂਰਾ ਵਿਖੇ 5 ਜੁਲਾਈ, 2012 ਨੂੰ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਗੁਰਵਿੰਦਰ ਸਿੰਘ ਪੱਤਰਕਾਰਾਂ ਦੀ ਹਾਜ਼ਰੀ 'ਚ ਆਪਣੇ ਬੇਟੇ ਯਾਦਵਿੰਦਰ ਨੂੰ ਥਾਣੇ ਲੈ ਕੇ ਗਿਆ । ਇਸ ਦੌਰਾਨ ਥਾਣਾ ਸਿਟੀ ਦੇ ਐੱਸ. ਐੱਚ. ਓ. ਜਤਿੰਦਰ ਸਿੰਘ ਨੇ ਉਸਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ।


author

rajwinder kaur

Content Editor

Related News