ਡਾਰਟਰਾਂ ਦਾ ਕਰਿਸ਼ਮਾ, ਗਰਭ ਦੇ 5ਵੇਂ ਮਹੀਨੇ ਹੀ ਪੈਦਾ ਹੋਏ ਬੱਚੇ ਨੂੰ ਦਿੱਤੀ ਨਵੀਂ ਜ਼ਿੰਦਗੀ

Wednesday, Mar 27, 2019 - 12:44 PM (IST)

ਡਾਰਟਰਾਂ ਦਾ ਕਰਿਸ਼ਮਾ, ਗਰਭ ਦੇ 5ਵੇਂ ਮਹੀਨੇ ਹੀ ਪੈਦਾ ਹੋਏ ਬੱਚੇ ਨੂੰ ਦਿੱਤੀ ਨਵੀਂ ਜ਼ਿੰਦਗੀ

ਕੋਟਕਪੂਰਾ (ਨਰਿੰਦਰ) - ਪੰਜਾਬ ਦੇ ਛੋਟੇ ਜਿਹੇ ਸ਼ਹਿਰ ਕੋਟਕਪੂਰਾ 'ਚ ਉਸ ਵੇਲੇ ਵੱਡਾ ਕਰਿਸ਼ਮਾ ਹੋ ਗਿਆ ਜਦੋਂ ਸ਼ਹਿਰ ਦੇ ਡਾਕਟਰਾਂ ਦੀ ਇਕ ਟੀਮ ਨੇ ਗਰਭ ਦੇ 5ਵੇਂ ਮਹੀਨੇ ਹੀ ਪੈਦਾ ਹੋਏ ਬੱਚੇ ਨੂੰ ਬਚਾ ਲਿਆ। ਇਲਾਕੇ 'ਚ ਇਸ ਨੂੰ ਡਾਕਟਰਾਂ ਦੀ ਕਾਬਲੀਅਤ ਦੇ ਨਾਲ-ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਹੋਇਆ ਚਮਤਕਾਰ ਸਮਝਿਆ ਜਾ ਰਿਹਾ ਹੈ। ਹਰਿਆਣਾ ਦੇ ਜ਼ਿਲਾ ਸਿਰਸਾ ਦੇ ਪਿੰਡ ਸੂਰਤੀਆ ਦੇ ਰਹਿਣ ਵਾਲੇ ਜਸਕਰਨ ਸਿੰਘ ਅਤੇ ਉਸ ਦੀ ਪਤਨੀ ਰਮਨਦੀਪ ਕੌਰ ਦੀ ਮੌਜੂਦਗੀ 'ਚ ਬੱਚਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਰਵੀ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਅਤੇ 24 ਹਫਤਿਆਂ ਤੋਂ ਘੱਟ ਜੀਵਨ ਸੰਭਵ ਨਹੀਂ ਹੈ। 28 ਹਫਤਿਆਂ ਤੱਕ ਦੇ ਬੱਚੇ ਤਾਂ ਕਈ ਵਾਰ ਬਚਾਏ ਜਾ ਚੁੱਕੇ ਹਨ ਪਰ ਇੰਨੇ ਘੱਟ ਸਮੇਂ 'ਚ ਬੱਚੇ ਨੂੰ ਬਚਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। 

ਇਸ ਦੌਰਾਨ ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਬੱਚੇ ਦੇ ਜਨਮ ਤੋਂ ਬਾਅਦ ਜਦੋਂ ਇਸ ਨੂੰ ਇੱਥੇ ਲਿਆਂਦਾ ਤਾਂ ਉਸ ਸਮੇਂ ਇਸ ਦੀ ਹਾਲਤ ਬਹੁਤ ਗੰਭੀਰ ਸੀ। ਪੈਦਾ ਹੋਣ ਸਮੇਂ ਬੱਚੇ ਦਾ ਭਾਰ ਸਿਰਫ 580 ਗ੍ਰਾਮ ਸੀ, ਜਿਸ ਕਾਰਨ ਇਹ ਇਕ ਬਹੁਤ ਵੱਡੀ ਚੁਣੌਤੀ ਸੀ। ਉਨ੍ਹਾਂ ਦੱਸਿਆ ਕਿ ਅਜਿਹੇ ਬੱਚਿਆਂ ਨੂੰ ਦਿਲ, ਪੇਟ ਅਤੇ ਅੱਖਾਂ ਦੀਆਂ ਬਿਮਾਰੀਆਂ ਦੀ ਸਮੱਸਿਆ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ। ਬੱਚੇ ਨੂੰ ਕਰੀਬ 3 ਮਹੀਨੇ ਵੈਂਟੀਲੇਟਰ 'ਤੇ ਰੱਖ ਕੇ ਉਸ ਦਾ ਸਾਵਧਾਨੀ ਨਾਲ ਇਲਾਜ ਕੀਤਾ ਗਿਆ ਅਤੇ ਹੁਣ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ। ਉਨ੍ਹਾਂ ਦੱਸਿਆ ਕਿ ਇਸ ਬੱਚੇ ਦਾ ਪਰਦਾ ਕਮਜ਼ੋਰ ਹੋਣ ਕਾਰਨ ਲੇਜਰ ਵਿਧੀ ਰਾਹੀਂ ਇਸਦਾ ਇਲਾਜ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਬੱਚਿਆਂ ਨੂੰ ਤੁਰੰਤ ਡਾਕਟਰ ਕੋਲ ਲਿਜਾਣਾ ਬਹੁਤ ਜਰੂਰੀ ਹੈ। ਇਸ ਮੌਕੇ ਡਾ. ਸਇਅਦ ਕੈਜ਼ਰ ਅਤੇ ਡਾ. ਰਿੰਪੀ ਬਾਂਸਲ ਤੋਂ ਇਲਾਵਾ ਬੱਚੇ ਦੇ ਪਿਤਾ ਜਸਕਰਨ ਸਿੰਘ ਅਤੇ ਮਾਤਾ ਰਮਨਦੀਪ ਕੌਰ ਹਾਜ਼ਰ ਸਨ।


author

rajwinder kaur

Content Editor

Related News