ਤਸਵੀਰਾਂ ''ਚ ਦੇਖੋ ਕਿਵੇਂ ਆਪਣੀ ਖਸਤਾ ਹਾਲਤ ''ਤੇ ਹੰਝੂ ਵਹਾਅ ਰਿਹਾ ਹੈ ਕੌਹਰੀਆਂ ਦਾ ਸਰਕਾਰੀ ਹਸਪਤਾਲ
Monday, Jun 19, 2017 - 06:30 PM (IST)
ਕੌਹਰੀਆਂ(ਸ਼ਰਮਾ)— 1960 ਦੇ ਦਹਾਕੇ 'ਚ ਬਣਿਆ ਸਿਵਲ ਹਸਪਤਾਲ ਕੌਹਰੀਆਂ ਕਿਸੇ ਸਮੇਂ ਇਲਾਕੇ 'ਚੋਂ ਸਭ ਤੋਂ ਵਧੀਆ ਸਿਹਤ ਸਹੂਲਤਾਂ ਦੇਣ ਲਈ ਚਰਚਾ 'ਚ ਹੁੰਦਾ ਸੀ, ਜੋ ਅੱਜ ਆਪਣੀ ਹੀ ਮਾੜੀ ਹਾਲਤ 'ਤੇ ਹੰਝੂ ਵਹਾਅ ਰਿਹਾ ਹੈ। ਇਸ ਹਸਪਤਾਲ 'ਤੇ 35 ਸਬ-ਸੈਂਟਰ ਅਤੇ 86 ਪਿੰਡ ਨਿਰਭਰ ਹਨ ਪਰ ਇਥੇ ਬਿਲਡਿੰਗ ਨੀਵੀਂ ਹੋਣ ਦੇ ਨਾਲ ਸਟਾਫ ਦੀ ਬਹੁਤ ਘਾਟ ਹੈ, ਜਿਸ ਕਾਰਨ ਇਥੇ ਸਿਰਫ ਲੜਾਈ-ਝਗੜੇ ਅਤੇ ਐਕਸੀਡੈਂਟ (ਜਿਨ੍ਹਾਂ ਨੂੰ ਕੋਰਟ ਕੇਸ ਵਿਚ ਐੱਮ. ਐੱਲ. ਆਰ. ਦੀ ਲੋੜ ਹੁੰਦੀ ਹੈ) ਵਾਲੇ ਕੇਸ ਹੀ ਆਉਂਦੇ ਹਨ ਅਤੇ ਉਨ੍ਹਾਂ ਨੂੰ ਵੀ ਸਿਰਫ ਖਾਨਾਪੂਰਤੀ ਕਰਕੇ ਸੰਗਰੂਰ ਜਾਂ ਪਟਿਆਲਾ ਲਈ ਰੈਫਰ ਕਰ ਦਿੱਤਾ ਜਾਂਦਾ ਹੈ। ਉਸ ਸਮੇਂ ਤੋਂ ਹੁਣ ਤੱਕ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਦਾ ਰੌਲਾ ਪਾਉਣ ਵਾਲੀਆਂ ਦਰਜਨਾਂ ਹੀ ਸਰਕਾਰਾਂ ਬਦਲ ਗਈਆਂ ਪਰ ਇਲਾਕਾ ਵਾਸੀਆਂ ਵੱਲੋਂ ਕਈ ਵਾਰ ਕੀਤੀਆਂ ਗਈਆਂ ਇਸ ਹਸਪਤਾਲ ਲਈ ਜ਼ਰੂਰੀ ਮੰਗਾਂ ਵੱਲ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਗਿਆ।
ਸਟਾਫ ਦੀ ਘਾਟ : ਸਭ ਤੋਂ ਵੱਡੀ ਗੱਲ ਹੈ ਕਿ ਇਥੇ ਸਟਾਫ ਦੀ ਬਹੁਤ ਘਾਟ ਹੈ। ਸਪੈਸ਼ਲਿਸਟ ਡਾਕਟਰਾਂ ਦੀਆਂ ਚਾਰੋਂ ਪੋਸਟਾਂ ਖਾਲੀ ਹਨ। ਸਪੈਸ਼ਲਿਸਟ ਡਾਕਟਰਾਂ ਦੀ ਜਗ੍ਹਾ ਲਗਾਏ ਗਏ 4 ਐੱਮ. ਬੀ. ਬੀ. ਐੱਸ. ਡਾਕਟਰਾਂ ਦੇ ਬੈਠ ਕੇ ਮਰੀਜ਼ ਚੈੱਕ ਕਰਨ ਲਈ ਵੀ ਇਕ ਹੀ ਕਮਰਾ ਹੈ। ਸਾਰੇ ਡਾਕਟਰ ਇਕ ਹੀ ਕਮਰੇ 'ਚ ਬੈਠ ਕੇ ਓ. ਪੀ. ਡੀ. ਕਰਦੇ ਹਨ।
ਮੈਡੀਕਲ ਸਟੋਰ ਵਾਲਿਆਂ ਨੂੰ ਬੇਰੋਜ਼ਗਾਰੀ ਦਾ ਡਰ
ਹਸਪਤਾਲ ਦੇ ਸਾਹਮਣੇ ਮੈਡੀਕਲ ਸਟੋਰ ਚਲਾਉਣ ਵਾਲੇ ਰਣਧੀਰ ਸਿੰਘ, ਕੌਰ ਸੈਨ, ਰਘਵੀਰ ਸਿੰਘ, ਰਵਿੰਦਰ ਰਿੰਪੀ ਨੇ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਹੁਣ ਸਾਡੇ ਕੋਲ ਨਾ ਦੇ ਬਰਾਬਰ ਹੀ ਮਰੀਜ਼ ਆਉਂਦੇ ਹਨ। ਜੇਕਰ ਸਰਕਾਰ ਨੇ ਇਸ ਹਸਪਤਾਲ ਵੱਲ ਧਿਆਨ ਨਾ ਦਿੱਤਾ ਤਾਂ ਸਾਨੂੰ ਵੀ ਬੇਰੋਜ਼ਗਾਰ ਹੋਣ ਦਾ ਡਰ ਹੈ।
ਇਲਾਕਾ ਨਿਵਾਸੀਆਂ ਮਾ. ਬਲਵਿੰਦਰ ਸਿੰਘ, ਸਰਪੰਚ ਗੁਰਦੇਵ ਸਿੰਘ, ਬਲਜੀਤ ਸਿੰਘ ਗੋਰਾ, ਜਥੇ. ਰਾਮ ਸਿੰਘ, ਕੁਲਵੀਰ ਸਿੰਘ ਹਰੀਕਾ, ਨੈਬ ਸਿੰਘ ਪੁਨੀਆਂ, ਸਰਪੰਚ ਜਸਪਾਲ ਸਿੰਘ ਰੋੜੇਵਾਲਾ, ਮਹਿੰਦਰ ਸਿੰਘ ਸੈਕਟਰੀ ਉਭਿਆ, ਹਰਪਾਲ ਸਿੰਘ ਕੌਹਰੀਆਂ, ਸੁਖਜਿੰਦਰ ਸਿੰਘ ਪੰਚ, ਦਵਿੰਦਰ ਸਿੰਘ ਭੋਲਾ, ਨਸੀਬ ਸਿੰਘ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਤੋਂ ਮੰਗ ਕੀਤੀ ਕਿ ਇਕ ਵਾਰ ਖੁਦ ਹਸਪਤਾਲ ਦਾ ਦੌਰਾ ਕਰਕੇ ਇਸ ਦੀਆਂ ਕਮੀਆਂ ਅਤੇ ਹਾਲਤ ਨੂੰ ਦੇਖ ਕੇ ਸਾਰਥਿਕ ਹੱਲ ਕਰਨ।

ਕਿਸੇ ਨੇ ਨਹੀਂ ਚੁੱਕਿਆ 15 ਸਾਲਾਂ ਤੋਂ ਪਿਆ ਸਫੈਦਾ
ਹਸਪਤਾਲ ਦੀ ਇਮਾਰਤ 'ਤੇ ਹਨੇਰੀ ਨਾਲ ਬਹੁਤ ਹੀ ਭਾਰੀ ਸਫੈਦਾ ਡਿੱਗ ਗਿਆ ਸੀ, ਜੋ 15-16 ਸਾਲ ਬੀਤ ਜਾਣ 'ਤੇ ਵੀ ਜਿਉਂ ਦਾ ਤਿਉਂ ਪਿਆ ਹੈ। ਹਾਲਾਂਕਿ ਉਸ ਸਮੇਂ ਤੋਂ ਹੁਣ ਤੱਕ ਦਰਜਨਾਂ ਹੀ ਐੱਸ. ਐੱਮ. ਓ. ਬਦਲ ਚੁੱਕੇ ਹਨ ਪਰ ਇਸ ਸਫੈਦੇ 'ਤੇ ਕਿਸੇ ਦੀ ਨਜ਼ਰ ਨਹੀਂ ਗਈ।

ਖਸਤਾਹਾਲ ਅਤੇ ਸੜਕ ਤੋਂ ਨੀਵੀਂ ਬਿਲਡਿੰਗ
ਹਸਪਤਾਲ ਦੀ ਬਿਲਡਿੰਗ 70 ਸਾਲ ਪੁਰਾਣੀ ਅਤੇ ਸੜਕ ਤੋਂ 4-5 ਫੁੱਟ ਨੀਵੀਂ ਹੈ, ਜਿਸ ਕਾਰਨ ਮੀਂਹ ਪੈਣ 'ਤੇ ਪੂਰੇ ਇਲਾਕੇ ਦਾ ਪਾਣੀ ਹਸਪਤਾਲ 'ਚ ਆ ਜਾਂਦਾ ਹੈ। ਸਰਕਾਰੀ ਕੁਆਰਟਰਾਂ 'ਚ ਰਹਿਣ ਵਾਲੇ ਮੁਲਾਜ਼ਮਾਂ ਦੇ ਪਰਿਵਾਰ ਬਹੁਤ ਹੀ ਸਹਿਮ ਦੇ ਮਾਹੌਲ 'ਚ ਰਹਿੰਦੇ ਹਨ, ਕਿਉਂਕਿ ਕੁਆਰਟਰਾਂ ਦੀ ਇਮਾਰਤ ਦਾ ਬੁਰਾ ਹਾਲ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਇਸ ਬਿਲਡਿੰਗ ਨੂੰ ਹੁਣ ਤੱਕ ਕੰਡਮ ਕਰਾਰ ਵੀ ਨਹੀਂ ਦਿੱਤਾ।
ਕਿਸੇ ਵੀ ਮਰੀਜ਼ ਨੂੰ ਨਹੀਂ ਕੀਤਾ ਜਾਂਦਾ ਦਾਖਲ
ਕਿਸੇ ਸਮੇਂ ਇਸ ਹਸਪਤਾਲ 'ਚ 30 ਤੋਂ 40 ਮਰੀਜ਼ ਹਰ ਵੇਲੇ ਦਾਖਲ ਰਹਿੰਦੇ ਸਨ ਪਰ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਹੁਣ ਇਥੇ ਕਿਸੇ ਵੀ ਮਰੀਜ਼ ਨੂੰ ਦਾਖਲ ਨਹੀਂ ਕੀਤਾ ਜਾਂਦਾ। ਚਾਹੇ ਉਹ ਕਿੰਨਾ ਵੀ ਗੰਭੀਰ ਕਿਉਂ ਨਾ ਹੋਵੇ। ਮਰੀਜ਼ਾਂ ਨੂੰ ਦਾਖਲ ਕਰਨ ਵਾਲੇ ਵਾਰਡ ਨੂੰ ਹੀ ਤਾਲਾ ਲੱਗਾ ਰਹਿੰਦਾ ਹੈ।
| ਪੋਸਟਾਂ | ਖਾਲੀ | |
| ਸਪੈਸ਼ਲਿਸਟ ਡਾਕਟਰ | 4 | 4 |
| ਅੱਖਾਂ ਦਾ ਡਾਕਟਰ | 1 | 1 |
| ਸਟਾਫ ਨਰਸ | 6 | 3 |
| ਸਟੈਨੋ | 1 | 1 |
| ਲੈਬ ਟੈਕਨੀਸ਼ੀਅਨ | 4 | 4 |
| ਕੰਪਿਊਟਰ | 1 | 1 |
| ਕਲਾਸ ਫੋਰ | 7 | 2 |
