ਜਾਣੋ ਕੌਣ ਹਨ ਮੁੱਖ ਸਕੱਤਰ ਅਨੁਰਾਗ ਵਰਮਾ, 1 ਜੁਲਾਈ ਨੂੰ ਸੰਭਾਲਣਗੇ ਅਹੁਦਾ
Monday, Jun 26, 2023 - 06:33 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਕੀਤੇ ਹੁਕਮਾਂ ਅਧੀਨ 1993 ਬੈਚ ਦੇ ਆਈ. ਏ. ਐੱਸ. ਅਧਿਕਾਰੀ ਅਨੁਰਾਗ ਵਰਮਾ ਸੂਬੇ ਦੇ ਨਵੇਂ ਮੁੱਖ ਸਕੱਤਰ ਹੋਣਗੇ। ਉਹ ਪਹਿਲੀ ਜੁਲਾਈ, 2023 ਨੂੰ ਸੂਬੇ ਦੇ 42ਵੇਂ ਮੁੱਖ ਸਕੱਤਰ ਵਜੋਂ ਕਾਰਜਭਾਰ ਸੰਭਾਲਣਗੇ। ਅਨੁਰਾਗ ਵਰਮਾ ਮੌਜੂਦਾ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਦੀ ਥਾਂ ਲੈਣਗੇ ਜੋ 30 ਜੂਨ 2023 ਨੂੰ ਸੇਵਾ ਮੁਕਤ ਹੋ ਰਹੇ ਹਨ। ਅਨੁਰਾਗ ਵਰਮਾ ਮੌਜੂਦਾ ਸਮੇਂ ਵਧੀਕ ਮੁੱਖ ਸਕੱਤਰ ਗ੍ਰਹਿ, ਉਦਯੋਗ ਤੇ ਕਾਮਰਸ, ਕਾਨੂੰਨੀ ਅਤੇ ਵਿਧਾਨਕ ਮਾਮਲੇ, ਸੂਚਨਾ ਤਕਨਾਲੋਜੀ ਅਤੇ ਨਿਵੇਸ਼ ਪ੍ਰੋਤਸਾਹਨ ਹਨ। ਨਵੇਂ ਆਦੇਸ਼ਾਂ ਮੁਤਾਬਕ ਅਨੁਰਾਗ ਵਰਮਾ ਕੋਲ ਮੁੱਖ ਸਕੱਤਰ ਤੋਂ ਇਲਾਵਾ ਪ੍ਰਮੁੱਖ ਸਕੱਤਰ ਪ੍ਰਸੋਨਲ ਅਤੇ ਵਿਜੀਲੈਂਸ ਦਾ ਵਾਧੂ ਚਾਰਜ ਰਹੇਗਾ। ਪਟਿਆਲਾ ਵਿਖੇ ਅਧਿਆਪਕ ਪਰਿਵਾਰ ’ਚ ਜਨਮੇ ਅਨੁਰਾਗ ਵਰਮਾ ਦੇ ਪਿਤਾ ਕੈਮਿਸਟਰੀ ਦੇ ਪ੍ਰੋਫੈਸਰ ਅਤੇ ਮਾਤਾ ਅੰਗਰੇਜ਼ੀ ਅਧਿਆਪਕਾ ਰਹੇ ਹਨ। ਉਨ੍ਹਾਂ ਦਾ ਜੱਦੀ ਪਿੰਡ ਪਟਿਆਲਾ ਜ਼ਿਲ੍ਹੇ ’ਚ ਚਲੈਲਾ ਹੈ। ਥਾਪਰ ਕਾਲਜ ਪਟਿਆਲਾ ਤੋਂ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਦੀ ਇੰਜੀਨਅਰਿੰਗ ਦੀ ਡਿਗਰੀ ਦੇ ਗੋਲਡ ਮੈਡਲਿਸਟ ਅਨੁਰਾਗ ਵਰਮਾ 1993 ’ਚ ਭਾਰਤੀ ਪ੍ਰਸ਼ਾਸਿਨਕ ਸੇਵਾਵਾਂ (ਆਈ. ਏ. ਐੱਸ.) ਦੀ ਪ੍ਰੀਖਿਆ ’ਚ ਦੇਸ਼ ਭਰ ’ਚੋਂ ਸੱਤਵੇਂ ਸਥਾਨ ਉਤੇ ਆਏ ਸਨ।
ਇਹ ਵੀ ਪੜ੍ਹੋ : ਐਕਸ਼ਨ ’ਚ ਟਰਾਂਸਪੋਰਟ ਵਿਭਾਗ, ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਂਦੇ ਤਿੰਨ ਕੰਡਕਟਰ ਕਾਬੂ
ਫੀਲਡ ਪੋਸਟਿੰਗ ਦੌਰਾਨ ਬਠਿੰਡਾ, ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵਜੋਂ ਬਿਹਤਰ ਅਤੇ ਕੁਸ਼ਲ ਭਰਪੂਰ ਸੇਵਾਵਾਂ ਨਿਭਾਉਣ ਉਪਰੰਤ ਅਨੁਰਾਗ ਵਰਮਾ ਨੇ ਹੈਡਕੁਆਟਰ ਵਿਖੇ ਵੱਖ-ਵੱਖ ਵਿਭਾਗਾਂ ’ਚ ਲਾਮਿਸਾਲ ਸੇਵਾਵਾਂ ਨਿਭਾਈਆਂ। ਵਿਸ਼ੇਸ਼ ਸਕੱਤਰ ਮਾਲ ਵਜੋਂ ਸੂਬੇ ’ਚ ਮਾਲ ਰਿਕਾਰਡ ਦੇ ਕੰਪਿਊਟਰੀਕਰਨ ਅਤੇ ਫਰਦ ਕੇਂਦਰਾਂ ਦੀ ਸ਼ੁਰੂਆਤ ਦੀ ਨਿਵੇਕਲੀ ਪਹਿਲ ਕੀਤੀ। ਆਬਕਾਰੀ ਅਤੇ ਕਰ ਕਮਿਸ਼ਨਰ ਦੇ ਅਹੁਦੇ ’ਤੇ ਰਹਿੰਦਿਆਂ ਆਪਣੀ ਕਾਰਜ ਕੁਸ਼ਲਤਾ ਸਦਕਾ ਮਾਲੀਆ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਲੋਕਾਂ ਲਈ ਕਰ ਭਰਨ ਦੀ ਗੁੰਝਲਦਾਰ ਪ੍ਰਕਿਰਿਆ ਨੂੰ ਸੁਖਾਲਾ ਤੇ ਪਾਰਦਰਸ਼ੀ ਬਣਾਇਆ। ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਰਹਿੰਦਿਆਂ ਜਿੱਥੇ ਮਗਨਰੇਗਾ ਸਕੀਮ ਨੂੰ ਜ਼ਮੀਨੀ ਪੱਧਰ ਉਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ, ਉਥੇ ਸੂਬੇ ਦੇ 1000 ਤੋਂ ਵੱਧ ਪਿੰਡਾਂ ’ਚ ਖੇਡ ਮੈਦਾਨ ਅਤੇ ਖੇਡ ਪਾਰਕ ਉਸਾਰ ਕੇ ਸਿਹਤਮੰਦ ਮਾਹੌਲ ਸਿਰਜਿਆ।
ਇਹ ਵੀ ਪੜ੍ਹੋ : ਅਕਾਲੀ ਦਲ ਨੂੰ ਵਿਰੋਧੀ ਧਿਰ ਦੀ ਬੈਠਕ ਦਾ ਨਹੀਂ ਮਿਲਿਆ ਸੱਦਾ, ਚੰਦੂਮਾਜਰਾ ਨੇ ਜਤਾਈ ਹੈਰਾਨੀ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਨੂੰ ਆਪਣੀ ਲਗਨ, ਮਿਹਨਤ ਅਤੇ ਦ੍ਰਿੜਤਾ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਉਂਦਿਆਂ ਅਨੁਰਾਗ ਵਰਮਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਨੂੰ ਹੇਠਲੇ ਪੱਧਰ ਉਤੇ ਲਾਗੂ ਕਰਨਾ ਪ੍ਰਮੁੱਖ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿਹਤ, ਸਿੱਖਿਆ ਖੇਤਰ ’ਚ ਕੀਤੇ ਜਾ ਰਹੇ ਬਿਹਤਰ ਕੰਮਾਂ ਦੇ ਨਾਲ ਸੂਬਾ ਵਾਸੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਪਾਰਦਰਸ਼ੀ ਅਤੇ ਬਿਹਤਰ ਨਾਗਰਿਕ ਸੇਵਾਵਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਜਾਰੀ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਸੂਬਾ ਸਰਕਾਰ ਦੇ ਸਰਵਪੱਖੀ ਵਿਕਾਸ ਦੇ ਏਜੰਡੇ ਨੂੰ ਲਾਗੂ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਉਤੇ ਲੋਕਾਂ ਦੀਆਂ ਰੋਜ਼ਮਰਾਂ ਦੀਆਂ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਢੁੱਕਵੀਂ ਵਿਵਸਥਾ ਹੋਰ ਵੀ ਕਾਰਗਾਰ ਢੰਗ ਨਾਲ ਲਾਗੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵਿਰੋਧੀ ਧਿਰ ਨੂੰ ਸ਼ੱਕ, ਭਾਜਪਾ ਦੇ ਨਾਲ ਜਾਵੇਗਾ ਸ਼੍ਰੋਅਦ, ਇਸੇ ਲਈ ਨਹੀਂ ਦਿੱਤਾ ਬੈਠਕ ਦਾ ਸੱਦਾ : ਪ੍ਰੋ. ਚੰਦੂਮਾਜਰਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani