ਖੇਤ ’ਚ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਦੇ ਭਰਾ ਦੀ ਮੌਤ
Monday, Jul 04, 2022 - 03:44 PM (IST)
ਭਵਾਨੀਗੜ੍ਹ(ਕਾਂਸਲ) : ਨੇੜਲੇ ਪਿੰਡ ਘਰਾਚੋਂ ਵਿਖੇ ਇਕ ਨੌਜਵਾਨ ਖੇਤ ’ਚ ਕੰਮ ਕਰਦੇ ਸਮੇਂ ਫਰਾਟੇ ਪੱਖੇ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ। ਇਸ ਘਟਨਾਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਜਿੰਦਰ ਘਰਾਚੋਂ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਉਗਰਾਹਾਂ ਯੂਨੀਅਨ ਦੀ ਘਰਾਚੋਂ ਪਿੰਡ ਇਕਾਈ ਦੇ ਪ੍ਰਧਾਨ ਰਘਬੀਰ ਸਿੰਘ ਘਰਾਚੋਂ ਆਪਣੇ ਛੋਟਾ ਭਰਾ ਰਾਜਵਿੰਦਰ ਸਿੰਘ ਉਰਫ਼ ਰਾਜੂ ਉਮਰ ਕਰੀਬ (35) ਪੁੱਤਰ ਜੀਤ ਸਿੰਘ ਨਾਲ ਖੇਤ ਵਿਚ ਰੇਹ ਪਾ ਰਹੇ ਸੀ। ਗਰਮੀ ਜ਼ਿਆਦਾ ਹੋਣ ਕਾਰਨ ਜਦੋਂ ਰਾਜਵਿੰਦਰ ਸਿੰਘ ਗਰਮੀ ਸੁਕਾਉਣ ਦੇ ਲਈ ਫ਼ਰਾਟੇ ਪੱਖ਼ੇ ਨੂੰ ਚਲਾਉਣ ਲੱਗਿਆ ਤਾਂ ਉਸ ਨੂੰ ਕਰੰਟ ਲੱਗ ਗਿਆ।
ਇਹ ਵੀ ਪੜ੍ਹੋ- ਖ਼ੁਦ ਨੂੰ ਥਾਣੇਦਾਰ ਦੱਸ ਕੇ ਅਮਰੀਕਾ ਭੇਜਣ ਦੇ ਨਾਂ 'ਤੇ ਮਾਰੀ ਡੇਢ ਲੱਖ ਦੀ ਠੱਗੀ
ਜਿਸ ਨੂੰ ਉਸੇ ਸਮੇਂ ਉਸਦੇ ਭਰਾ ਰਘਬੀਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੀਨੀਅਰ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਚੁੱਕ ਕੇ ਪਿੰਡ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਗਏ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸੰਗਰੂਰ ਦੇ ਹਸਪਤਾਲ ਵਿਖੇ ਲੈ ਕੇ ਜਾਣਾ ਪਾਇਆ , ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਤ ਕਰ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਦੇ ਸਿਰ 9 ਲੱਖ ਰੁਪਿਆ ਦਾ ਬੈਂਕ ਕਰਜ਼ਾ ਚੜ੍ਹਿਆ ਹੋਇਆ ਹੈ। ਕਿਸਾਨ ਯੂਨੀਅਨ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹੋਇਆ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਕਿਸਾਨ ਦਾ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ ਤੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਇਕ 9-10 ਸਾਲ ਦੀ ਲੜਕੀ ਛੱਡ ਗਿਆ ਹੈ। ਇਸ ਘਟਨਾਂ ਨਾਲ ਪਿੰਡ ’ਚ ਸੋਗ ਦੀ ਲਹਿਰ ਫ਼ੈਲ ਗਈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ , ਕੁਮੈਂਟ ਕਰਕੇ ਦਿਓ ਜਵਾਬ।