ਖੇਤੀ ਬਿੱਲ ਗੁਜਰਾਤ ''ਚ ਕਰ ਦਿਓ ਲਾਗੂ, ਉਥੇ ਹੋਈ ਬੱਲੇ-ਬੱਲੇ ਤਾਂ ਅਸੀਂ ਵੀ ਸਿਰ ਝੁਕਾ ਕੇ ਤੁਹਾਡੇ ਨਾਲ ਹਾਂ : ਹਰਭਜਨ ਮਾਨ
Saturday, Sep 26, 2020 - 02:06 PM (IST)
ਨਾਭਾ (ਬਿਊਰੋ) : ਭਾਰਤੀ ਕਿਸਾਨ ਯੂਨੀਅਨ ਏਕਤਾ ਵਲੋਂ ਵੀਰਵਾਰ ਤੋਂ 3 ਦਿਨਾਂ ਲਈ ਇਥੇ ਨਾਭਾ-ਧੁਰੀ ਰੇਲਵੇ ਟਰੈਕ 'ਤੇ ਆਰੰਭੇ ਗਏ ਧਰਨੇ ਦੇ ਦੂਜੇ ਦਿਨ 5 ਹਜ਼ਾਰ ਦੀ ਗਿਣਤੀ 'ਚ ਕਿਸਾਨਾਂ ਨੇ ਹਿੱਸਾ ਲਿਆ ਅਤੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੀ ਜ਼ਬਰਦਸਤ ਵਿਰੋਧਤਾ ਕੀਤੀ। ਇਸ ਮੌਕੇ ਪ੍ਰਸਿੱਧ ਗਾਇਕ ਰਣਜੀਤ ਬਾਵਾ, ਹਰਭਜਨ ਮਾਨ, ਕੁਲਵਿੰਦਰ ਬਿੱਲਾ, ਹਰਜੀਤ ਹਰਮਨ, ਤਰਸੇਮ ਜੱਸੜ ਤੇ ਚਮਕੋਰ ਖੱਟੜਾ ਵਰਗੇ ਉੱਘੇ ਕਲਾਕਾਰ ਕਿਸਾਨਾਂ ਦੇ ਧਰਨੇ ਪਹੁੰਚ ਕੇ ਸਮਰਥਨ ਦਾ ਐਲਾਨ ਕੀਤਾ।
ਹਾਲ ਹੀ 'ਚ ਉੱਘੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਸਰਕਾਰ ਦੇ ਬਿੱਲਾਂ ਦਾ ਭਾਰੀ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ, 'ਸਾਡੀ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਵੀ ਕਿਸਾਨਾਂ ਦੀ ਲੜਾਈ ਲੜਨਗੇ। ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਹਰਭਜਨ ਮਾਨ ਨੇ ਕਿਹਾ ਮਾਣਯੋਗ ਪੀ. ਐੱਮ. ਮੋਦੀ ਇਹ ਤਿੰਨੇ ਬਿੱਲਾਂ ਨੂੰ ਗੁਜਰਾਤ 'ਚ ਪਾਸ ਕਰ ਦਿਓ, ਜੇ ਉਥੇ ਬੱਲੇ-ਬੱਲੇ ਹੋ ਗਈ ਤਾਂ ਅਸੀਂ ਵੀ ਸਿਰ ਝੁਕਾ ਕੇ ਤੁਹਾਡੇ ਨਾਲ ਹਾਂ ਨਹੀਂ ਤਾਂ ਜਿਵੇਂ ਅਸੀਂ ਹਾਂ ਸਾਨੂੰ ਰਹਿਣ ਦਿਓ।' ਇਸ ਤੋਂ ਇਲਾਵਾ ਰਣਜੀਤ ਬਾਵਾ ਨੇ ਵੀ ਕਈ ਗੱਲਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਕਲਾਕਾਰਾਂ ਨੇ ਕਿਹਾ ਕਿ ਅਸੀਂ ਹਰ ਧਰਨੇ 'ਚ ਕਿਸਾਨਾਂ ਦੇ ਨਾਲ ਖੜ੍ਹੇ ਹਾਂ।
ਦੱਸ ਦਈਏ ਕਿ ਹਰਭਜਨ ਮਾਨ ਨੇ ਇਸ ਵੀਡੀਓ ਨੂੰ ਪੋਸਟ ਕਰਦਿਆਂ ਲਿਖਿਆ, ਗੱਲ ਇਕੱਲੇ 25 ਵਾਲੇ ਸੰਘਰਸ਼ ਦੀ ਨਹੀਂ ਪੂਰੇ ਅੰਦੋਲਨ ‘ਚ ਨਾਲ ਖੜਾਂਗੇ। ਮੇਰੇ ਬੇਟੇ ਅਵਕਾਸ਼ ਮਾਨ ਤੇ ਸਤਿਕਾਰਤ ਛੋਟੇ ਵੀਰਾਂ ਰਣਜੀਤ ਬਾਵਾ, ਹਰਜੀਤ ਹਰਮਨ, ਤਰਸੇਮ ਜੱਸੜ, ਕੁਲਵਿੰਦਰ ਬਿੱਲਾ, ਸ਼ਿਵਜੋਤ, ਜੋਬਨ ਸੰਧੂ, ਚਮਕੌਰ ਖੱਟੜਾ ਸਮੇਤ ਮੈਂ ਕੱਲ ਨਾਭੇ ਹਾਜ਼ਰੀ ਭਰੀ ਸੀ। ਕੁੱਝ ਦਿਲ ਦੀਆਂ ਗੱਲਾਂ ਜੋ ਰਣਜੀਤ ਬਾਵੇ ਨੇ ਤੇ ਮੈਂ ਕੱਲ ਉਥੇ ਕਹੀਆਂ ਉਹ ਤੁਹਾਡੇ ਸਭ ਨਾਲ ਸਾਂਝੀਆਂ ਕਰ ਰਿਹਾ।
ਦੱਸਣਯੋਗ ਹੈ ਕਿ ਖੇਤੀ ਬਿੱਲਾਂ ਖ਼ਿਲਾਫ਼ ਪੰਜਾਬੀ ਕਲਾਕਾਰ ਵੀ ਇਸ ਵਾਰ ਮੈਦਾਨ 'ਚ ਨਿੱਤਰੇ ਹਨ। ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਜ਼ਰੀਏ ਪੰਜਾਬੀ ਗਾਇਕ ਅਤੇ ਕਲਾਕਾਰ ਕਿਸਾਨਾਂ ਦਾ ਡਟ ਕੇ ਸਾਥ ਦੇ ਰਹੇ ਹਨ। ਗਾਇਕ ਸਿੱਪੀ ਗਿੱਲ ਨੇ 'ਆਸ਼ਿਕ਼ ਮਿੱਟੀ ਦੇ' ਗੀਤ ਰਾਹੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ। ਦੂਜੇ ਪਾਸੇ ਗਾਇਕ ਕੰਵਰ ਗਰੇਵਾਲ ਨੇ 'ਅੱਖਾਂ ਖੋਲ੍ਹ' ਗੀਤ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ।